For the best experience, open
https://m.punjabitribuneonline.com
on your mobile browser.
Advertisement

ਐੱਫਸੀਆਈ ਨੇ ਪੰਜਾਬ ਵਿੱਚ ਝੋਨੇ ਦੀ ਖ਼ਰੀਦ ਤੋਂ ਪਾਸਾ ਵੱਟਿਆ

06:41 AM Nov 12, 2024 IST
ਐੱਫਸੀਆਈ ਨੇ ਪੰਜਾਬ ਵਿੱਚ ਝੋਨੇ ਦੀ ਖ਼ਰੀਦ ਤੋਂ ਪਾਸਾ ਵੱਟਿਆ
ਸ਼ਹਿਣਾ ਦੀ ਮੰਡੀ ’ਚ ਪਿਆ ਝੋਨਾ। -ਫੋਟੋ: ਪ੍ਰਮੋਦ ਸਿੰਗਲਾ
Advertisement

ਚੰਡੀਗੜ੍ਹ, 11 ਨਵੰਬਰ
ਭਾਰਤੀ ਖੁਰਾਕ ਨਿਗਮ (ਐੱਫਸੀਆਈ) ਨੇ ਪੰਜਾਬ ’ਚੋਂ ਫ਼ਸਲੀ ਖ਼ਰੀਦ ਤੋਂ ਹੱਥ ਘੁੱਟਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਕਣਕ ਦੇ ਖ਼ਰੀਦ ਸੀਜ਼ਨ ਵਿਚ ਵੀ ਐੱਫਸੀਆਈ ਨੇ ਫ਼ਸਲ ਦੀ ਮਾਮੂਲੀ ਖ਼ਰੀਦ ਕੀਤੀ ਸੀ ਅਤੇ ਹੁਣ ਝੋਨੇ ਦੀ ਖ਼ਰੀਦ ਵੀ ਕਾਫ਼ੀ ਘੱਟ ਹੋਈ ਹੈ। ਲੰਘੇ ਕਈ ਵਰ੍ਹਿਆਂ ਤੋਂ ਭਾਰਤੀ ਖੁਰਾਕ ਨਿਗਮ ਪੰਜਾਬ ’ਚੋਂ ਖ਼ੁਦ ਖ਼ਰੀਦ ਕਰਨ ਤੋਂ ਪਿਛਾਂਹ ਹਟਦਾ ਨਜ਼ਰ ਆ ਰਿਹਾ ਹੈ। ਭਾਰਤੀ ਖੁਰਾਕ ਨਿਗਮ ਨੇ ਹੁਣ ਤੱਕ ਸੂਬੇ ਭਰ ’ਚੋਂ ਸਿਰਫ਼ 1.19 ਲੱਖ ਟਨ ਝੋਨੇ ਦੀ ਹੀ ਖ਼ਰੀਦ ਕੀਤੀ ਹੈ ਅਤੇ ਸੂਬੇ ਦੇ 11 ਜ਼ਿਲ੍ਹਿਆਂ ਵਿੱਚ ਤਾਂ ਉਸ ਨੇ ਝੋਨੇ ਦੇ ਇੱਕ ਵੀ ਦਾਣੇ ਦੀ ਖ਼ਰੀਦ ਨਹੀਂ ਕੀਤੀ ਹੈ।
ਭਾਰਤੀ ਖੁਰਾਕ ਨਿਗਮ ਨੇ ਜ਼ਿਲ੍ਹਾ ਸੰਗਰੂਰ, ਬਰਨਾਲਾ, ਮਾਨਸਾ, ਤਰਨਤਾਰਨ, ਅੰਮ੍ਰਿਤਸਰ, ਮੋਗਾ, ਫ਼ਰੀਦਕੋਟ, ਮੁਕਤਸਰ, ਫ਼ਾਜ਼ਿਲਕਾ, ਫ਼ਿਰੋਜ਼ਪੁਰ ਅਤੇ ਕਪੂਰਥਲਾ ਦੀ ਕਿਸੇ ਵੀ ਮੰਡੀ ’ਚੋਂ ਝੋਨੇ ਦੀ ਖ਼ਰੀਦ ਨਹੀਂ ਕੀਤੀ ਹੈ ਜਦੋਂ ਕਿ ਬਾਕੀ ਜ਼ਿਲ੍ਹਿਆਂ ’ਚੋਂ ਵੀ ਝੋਨੇ ਦੀ ਮਾਮੂਲੀ ਹੀ ਖ਼ਰੀਦ ਹੋਈ ਹੈ। ਪਿਛਾਂਹ ਨਜ਼ਰ ਮਾਰੀਏ ਤਾਂ ਐੱਫਸੀਆਈ ਨੇ ਸਾਲ 2016-17 ਵਿਚ ਪੰਜਾਬ ’ਚੋਂ 7.66 ਲੱਖ ਟਨ ਝੋਨੇ ਦੀ ਖ਼ਰੀਦ ਕੀਤੀ ਸੀ ਅਤੇ 2015-16 ਵਿਚ 6.54 ਲੱਖ ਟਨ ਝੋਨਾ ਖ਼ਰੀਦਿਆ ਗਿਆ ਸੀ। ਲੰਘੇ ਪੰਜ ਵਰ੍ਹਿਆਂ ਤੋਂ ਭਾਰਤੀ ਖੁਰਾਕ ਨਿਗਮ ਨੇ ਹਰ ਸਾਲ ਤਿੰਨ ਲੱਖ ਟਨ ਤੋਂ ਘੱਟ ਹੀ ਝੋਨਾ ਖ਼ਰੀਦਿਆ ਹੈ। ਸਾਲ 2022-23 ਦੌਰਾਨ ਨਿਗਮ ਨੇ ਸੂਬੇ ’ਚੋਂ 2 ਲੱਖ ਟਨ ਝੋਨੇ ਦੀ ਫ਼ਸਲ ਖ਼ਰੀਦੀ ਸੀ। ਸਾਲ 2020-21 ਦੌਰਾਨ ਐੱਫਸੀਆਈ ਨੇ 2.69 ਲੱਖ ਟਨ ਫ਼ਸਲ ਖ਼ਰੀਦੀ ਸੀ। ਆਮ ਤੌਰ ’ਤੇ ਸਟੇਟ ਖ਼ਰੀਦ ਏਜੰਸੀਆਂ ਵੱਲੋਂ ਹੀ ਫ਼ਸਲੀ ਖ਼ਰੀਦ ਜ਼ਿਆਦਾ ਕੀਤੀ ਜਾਂਦੀ ਹੈ। ਅਕਸਰ ਇਹ ਵੀ ਦੇਖਿਆ ਗਿਆ ਹੈ ਕਿ ਜਿਸ ਖ਼ਰੀਦ ਕੇਂਦਰ ਵਿਚ ਐੱਫਸੀਆਈ ਦੀ ਖ਼ਰੀਦ ਹੁੰਦੀ ਹੈ, ਉੱਥੇ ਸੂਬਾ ਸਰਕਾਰ ਵੱਲੋਂ ਸਟੇਟ ਏਜੰਸੀ ਵੀ ਲਗਾ ਦਿੱਤੀ ਜਾਂਦੀ ਹੈ। ਸੂਬੇ ਦੀਆਂ ਮੰਡੀਆਂ ਵਿਚ ਹੁਣ ਤੱਕ 143.08 ਲੱਖ ਟਨ ਫ਼ਸਲ ਦੀ ਆਮਦ ਹੋ ਚੁੱਕੀ ਹੈ ਜਿਸ ’ਚੋਂ 138.19 ਲੱਖ ਟਨ ਫ਼ਸਲ ਦੀ ਖ਼ਰੀਦ ਹੋ ਚੁੱਕੀ ਹੈ। ਮੰਡੀਆਂ ਵਿਚ ਅੱਜ 4.24 ਲੱਖ ਟਨ ਫ਼ਸਲ ਆਈ। ਸੂਬੇ ਵਿਚ ਸਭ ਤੋਂ ਵੱਧ ਪਨਗਰੇਨ ਏਜੰਸੀ ਨੇ 56.38 ਲੱਖ ਟਨ ਝੋਨੇ ਦੀ ਖ਼ਰੀਦ ਕੀਤੀ ਹੈ। 35,285 ਟਨ ਫ਼ਸਲ ਪ੍ਰਾਈਵੇਟ ਵਪਾਰੀਆਂ ਵੱਲੋਂ ਖ਼ਰੀਦ ਕੀਤੀ ਗਈ ਹੈ।

Advertisement

ਕਿਸਾਨ ਵੀ ਐੱਫਸੀਆਈ ਤੋਂ ਵੱਟਦੇ ਨੇ ਪਾਸਾ

ਭਾਰਤੀ ਖੁਰਾਕ ਨਿਗਮ (ਐੱਫਸੀਆਈ) ਵੱਲੋਂ ਨਿਰਧਾਰਿਤ ਮਾਪਦੰਡਾਂ ਅਨੁਸਾਰ ਹੀ ਫ਼ਸਲ ਦੀ ਖ਼ਰੀਦ ਕੀਤੀ ਜਾਂਦੀ ਹੈ ਜਦੋਂ ਕਿ ਸੂਬਾਈ ਖ਼ਰੀਦ ਏਜੰਸੀਆਂ ਸਰਕਾਰੀ ਦਬਾਅ ਹੇਠ ਆ ਜਾਂਦੀਆਂ ਹਨ। ਐੱਫਸੀਆਈ ਤੋਂ ਆਮ ਤੌਰ ’ਤੇ ਕਿਸਾਨ ਵੀ ਪਾਸਾ ਵੱਟਦੇ ਹਨ। ਕਿਸਾਨ ਆਗੂ ਆਖਦੇ ਹਨ ਕਿ ਕੇਂਦਰ ਸਰਕਾਰ ਪੰਜਾਬ ਨੂੰ ਨਿਸ਼ਾਨੇ ’ਤੇ ਰੱਖ ਰਹੀ ਹੈ ਅਤੇ ਐਤਕੀਂ ਝੋਨੇ ਦੀ ਖ਼ਰੀਦ ਦੌਰਾਨ ਹੋਈ ਖੱਜਲ-ਖੁਆਰੀ ਵੀ ਕੇਂਦਰ ਦੀ ਨੀਅਤ ਨੂੰ ਦਰਸਾ ਰਹੀ ਹੈ।

Advertisement

Advertisement
Author Image

joginder kumar

View all posts

Advertisement