2019 ਤੋਂ ਲਾਪਤਾ ਭਾਰਤੀ ਵਿਦਿਆਰਥਣ ਦੀ ਸੂਹ ਦੇਣ ਵਾਲੇ ਨੂੰ ਐੱਫਬੀਆਈ ਦੇਵੇਗੀ 10 ਹਜ਼ਾਰ ਡਾਲਰ ਦਾ ਇਨਾਮ
ਨਿਊਯਾਰਕ (ਅਮਰੀਕਾ), 21 ਦਸੰਬਰ
ਅਮਰੀਕਾ ਦੀ ਸੰਘੀ ਜਾਂਚ ਏਜੰਸੀ (ਐੱਫਬੀਆਈ) ਨੇ ਚਾਰ ਸਾਲ ਪਹਿਲਾਂ ਨਿਊਜਰਸੀ ਤੋਂ ਲਾਪਤਾ ਹੋਈ 29 ਸਾਲਾ ਭਾਰਤੀ ਵਿਦਿਆਰਥਣ ਬਾਰੇ ਜਾਣਕਾਰੀ ਦੇਣ ਵਾਲੇ ਨੂੰ 10,000 ਅਮਰੀਕੀ ਡਾਲਰ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ਹੈ। ਮਯੂਸ਼ੀ ਭਗਤ ਨੂੰ ਆਖਰੀ ਵਾਰ 29 ਅਪਰੈਲ, 2019 ਦੀ ਸ਼ਾਮ ਨੂੰ ਜਰਸੀ ਸਿਟੀ ਵਿੱਚ ਆਪਣਾ ਅਪਾਰਟਮੈਂਟ ਛੱਡਦੇ ਦੇਖਿਆ ਗਿਆ ਸੀ। ਮਾਯੂਸ਼ੀ ਦੇ ਪਰਿਵਾਰ ਨੇ 1 ਮਈ 2019 ਨੂੰ ਉਸ ਦੇ ਲਾਪਤਾ ਹੋਣ ਦੀ ਸੂਚਨਾ ਪੁਲੀਸ ਨੂੰ ਦਿੱਤੀ ਸੀ। ਜੁਲਾਈ 1994 ਵਿੱਚ ਭਾਰਤ ਵਿੱਚ ਜਨਮੀ ਭਗਤ ਵਿਦਿਆਰਥੀ ਵੀਜ਼ੇ 'ਤੇ ਅਮਰੀਕਾ ਵਿੱਚ ਰਹਿ ਰਹੀ ਸੀ ਤੇ ਨਿਊਯਾਰਕ ਇੰਸਟੀਚਿਊਟ ਆਫ਼ ਟੈਕਨਾਲੋਜੀ ਵਿੱਚ ਪੜ੍ਹ ਰਹੀ ਸੀ। ਇੱਥੇ ਐਫਬੀਆਈ ਦੇ ਬਿਆਨ ਅਨੁਸਾਰ ਮਯੂਸ਼ੀ ਅੰਗਰੇਜ਼ੀ, ਹਿੰਦੀ ਅਤੇ ਉਰਦੂ ਭਾਸ਼ਾਵਾਂ ਵਿੱਚ ਨਿਪੁੰਨ ਹੈ ਅਤੇ ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਦੇ ਦੋਸਤ ਨਿਊਜਰਸੀ ਦੇ ਸਾਊਥ ਪਲੇਨਫੀਲਡ ਵਿੱਚ ਰਹਿੰਦੇ ਹਨ। ਐੱਫਬੀਆਈ ਨੇ ਕਿਹਾ ਕਿ ਜੇ ਕਿਸੇ ਨੂੰ ਭਗਤ, ਉਸ ਦੇ ਟਿਕਾਣੇ ਜਾਂ ਉਸ ਦੇ ਲਾਪਤਾ ਹੋਣ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਐਫਬੀਆਈ ਨੇਵਾਰਕ ਜਾਂ ਜਰਸੀ ਸਿਟੀ ਪੁਲੀਸ ਵਿਭਾਗ ਨੂੰ ਕਾਲ ਕਰਕੇ ਇਸਦੀ ਰਿਪੋਰਟ ਕਰੇ।