ਸ਼ਾਂਤਮਈ ਚੋਣਾਂ ਲਈ ਫਾਜ਼ਿਲਕਾ ਪੁਲੀਸ ਮੁਸਤੈਦ
ਪੱਤਰ ਪ੍ਰੇਰਕ
ਅਬੋਹਰ, 31 ਮਾਰਚ
ਲੋਕ ਸਭਾ ਚੋਣਾਂ ਦੌਰਾਨ ਲੋਕ ਬਿਨਾਂ ਕਿਸੇ ਡਰ, ਭੈਅ ਅਤੇ ਲਾਲਚ ਆਪਣਾ ਮਤਦਾਨ ਕਰ ਸਕਣ ਅਤੇ ਚੋਣਾਂ ਸ਼ਾਂਤਮਈ ਅਤੇ ਨਿਰਪੱਖ ਤਰੀਕੇ ਨਾਲ ਹੋਣ, ਇਸ ਲਈ ਫਾਜ਼ਿਲਕਾ ਜ਼ਿਲ੍ਹਾ ਪੁਲੀਸ ਨੇ ਪੂਰੀ ਤਿਆਰੀ ਆਰੰਭ ਦਿੱਤੀ ਹੈ। ਇਸ ਸਬੰਧੀ ਐੱਸਐੱਸਪੀ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਪਿਛਲੇ 7 ਦਿਨਾਂ ਵਿੱਚ ਸਿਵਲ ਪ੍ਰਸ਼ਾਸਨ ਅਤੇ ਪੁਲੀਸ ਅਤੇ ਗੁਆਂਢੀ ਸੂਬੇ ਦੇ ਜ਼ਿਲ੍ਹਿਆਂ ਵਿਚਕਾਰ ਬਿਹਤਰ ਤਾਲਮੇਲ ਲਈ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੀ ਅਗਵਾਈ ਹੇਠ ਇੱਕ ਅੰਤਰਰਾਜੀ ਬੈਠਕ ਕੀਤੀ ਗਈ। ਸ਼ਰਾਰਤੀ ਤੱਤਾਂ ਵੱਲੋਂ ਚੋਣ ਅਮਲ ਨੂੰ ਪ੍ਰਭਾਵਿਤ ਕਰਨ ਤੋਂ ਰੋਕਣ ਲਈ 24 ਨਾਕੇ ਲਾਏ ਗਏ ਹਨ ਜਦਕਿ ਦੋ ਹਾਈਟੈੱਕ ਨਾਕੇ ਵੀ ਅੰਤਰਰਾਜੀ ਸਰਹੱਦ ’ਤੇ ਲਗਾਏ ਗਏ ਹਨ।
ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ 24 ਮਾਰਚ ਤੋਂ ਅੱਜ ਤੱਕ ਜ਼ਿਲ੍ਹੇ ਵਿੱਚ ਐਨਡੀਪੀਐਸ ਐਕਟ ਤਹਿਤ 10 ਮਾਮਲੇ ਦਰਜ ਕਰਕੇ 14 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਤੋਂ 9.955 ਕਿਲੋ ਹੈਰੋਇਨ 16.500 ਕਿਲੋ ਪੋਸਤ ਅਤੇ 420 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ ਅਤੇ 20700 ਰੁਪਏ ਦੀ ਡਰੱਗ ਮਨ ਬਰਾਮਦ ਕੀਤੀ ਗਈ ਹੈ। ਇਸੇ ਤਰ੍ਹਾਂ ਐਕਸਾਈਜ਼ ਐਕਟ ਤਹਿਤ ਵੀ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿੱਚ ਪਿਛਲੇ ਸੱਤ ਦਿਨਾਂ ਦੌਰਾਨ 13 ਮਾਮਲੇ ਦਰਜ ਕਰਕੇ 15 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਤੋਂ 162 ਲਿਟਰ ਠੇਕਾ ਸ਼ਰਾਬ ਅਤੇ 483 ਲਿਟਰ ਨਾਜਾਇਜ਼ ਸ਼ਰਾਬ ਅਤੇ 2320 ਲਿਟਰ ਲਾਹਣ ਬਰਾਮਦ ਕਰਨ ਦੇ ਨਾਲ ਨਾਲ ਦੋ ਚਾਲੂ ਭੱਠੀਆਂ ਵੀ ਫੜੀਆਂ ਗਈਆਂ ਹਨ। ਪਿਛਲੇ ਸੱਤ ਦਿਨਾਂ ਵਿੱਚ 22 ਵਿਅਕਤੀਆਂ ਨੂੰ ਧਾਰਾ 107/151/150 ਸੀਆਰਪੀਸੀ ਤਹਿਤ ਪਾਬੰਦ ਕੀਤਾ ਗਿਆ ਹੈ। ਦੋ ਵਿਅਕਤੀਆਂ ਨੂੰ ਧਾਰਾ 109 ਅਤੇ 13 ਵਿਅਕਤੀਆਂ ਨੂੰ ਧਾਰਾ 110 ਸੀਆਰਪੀਸੀ ਤਹਿਤ ਪਾਬੰਦ ਕੀਤਾ ਗਿਆ ਹੈ।
ਇਸੇ ਤਰ੍ਹਾਂ ਛੇ ਭਗੌੜਿਆਂ ਨੂੰ ਕਾਬੂ ਕੀਤਾ ਗਿਆ ਹੈ ਜਦਕਿ ਸਧਾਰਨ ਅਪਰਾਧ ਵਾਲੇ 50 ਭਗੌੜਿਆਂ ਦੀ ਸੂਚੀ ਖਾਰਜ ਕੀਤੀ ਗਈ ਹੈ। ਇਸ ਤੋਂ ਬਿਨਾਂ ਗੈਰ-ਜ਼ਮਾਨਤੀ ਵਾਰੰਟ ਵਾਲੇ 24 ਅਪਰਾਧੀਆਂ ਨੂੰ ਵੀ ਪਿਛਲੇ ਸੱਤ ਦਿਨਾਂ ਵਿੱਚ ਪੁਲੀਸ ਦੇ ਵੱਖ ਵੱਖ ਥਾਣਿਆਂ ਵੱਲੋਂ ਕਾਬੂ ਕੀਤਾ ਗਿਆ ਹੈ। ਇਸੇ ਤਰ੍ਹਾਂ ਅਸਲਾਧਾਰਕਾਂ ਦੇ ਚੋਣਾਂ ਤੋਂ ਪਹਿਲਾਂ ਅਸਲਾ ਜਮ੍ਹਾਂ ਕਰਵਾਉਣ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਜ਼ਿਲ੍ਹਾ ਪੁਲੀਸ ਵੱਲੋਂ ਪਿਛਲੇ ਸੱਤ ਦਿਨਾਂ ਵਿੱਚ 1407 ਹਥਿਆਰ ਜਮ੍ਹਾਂ ਕਰਵਾਏ ਗਏ ਹਨ।