ਫਾਜ਼ਿਲਕਾ-ਦਿੱਲੀ ਮਾਰਗ ਤੋਂ ਰੋਕਾਂ ਹਟਾਉਣ ਦਾ ਕੰਮ ਸ਼ੁਰੂ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 27 ਜੁਲਾਈ
ਪੁਲੀਸ ਨੇ ਅੱਜ ਇੱਥੇ ਫ਼ਾਜ਼ਿਲਕਾ-ਦਿੱਲੀ ਮਾਰਗ ਤੋਂ ਰੋਕਾਂ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਭਲਕ ਤੱਕ ਇਸ ਮਾਰਗ ’ਤੇ ਆਵਾਜਾਈ ਬਹਾਲ ਹੋਣ ਦੀ ਸੰਭਾਵਨਾ ਹੈ। ਪੰਜਾਬ ਹੱਦ ’ਤੇ ਸਥਿਤ ਫਲਾਈਓਵਰ ਕਿਸਾਨਾਂ ਦੇ ਦਿੱਲੀ ਚੱਲੋ ਅੰਦੋਲਨ ਕਾਰਨ 111 ਦਿਨਾਂ ਤੋਂ ਬੰਦ ਸੀ। ਜ਼ਿਕਰਯੋਗ ਹੈ ਕਿ ਹਰਿਆਣਾ ਪੁਲੀਸ ਨੇ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਬੀਤੀ 17 ਫਰਵਰੀ ਨੂੰ ਡੱਬਵਾਲੀ ਸ਼ਹਿਰ ਵਿੱਚ ਪੰਜਾਬ ਦੀਆਂ ਹੱਦਾਂ ਨੂੰ ਸੀਲ ਕਰ ਦਿੱਤਾ ਸੀ।
ਪੁਲੀਸ ਨੇ ਕਿਸਾਨਾਂ ਨੂੰ ਰੋਕਣ ਲਈ ਫਲਾਈਓਵਰ ’ਤੇ ਛੇ ਪਰਤੀ ਰੋਕਾਂ ਲਾਈਆਂ ਸਨ ਅਤੇ ਸੜਕ ’ਤੇ ਲੋਹੇ ਦੀਆਂ ਕਿੱਲਾਂ ਗੱਡੀਆਂ ਸਨ। ਇਸ ਉਪਰੰਤ ਪਹਿਲੀ ਅਪਰੈਲ ਨੂੰ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਨੇ ਲੋਕਾਂ ਦੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਮੋਰਚਾ ਮੁਲਤਵੀ ਕਰ ਦਿੱਤਾ ਸੀ, ਜਦੋਂਕਿ ਮਲੋਟ ਹੱਦ ’ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਾ ਸੰਘਰਸ਼ ਲਗਾਤਾਰ ਜਾਰੀ ਰਿਹਾ। ਲੋਕਾਂ ਦੀ ਸਹੂਲਤ ਲਈ ਫਲਾਈਓਵਰ ਦਾ ਇੱਕ ਪਾਸਾ ਲਾਂਘੇ ਲਈ ਖੋਲ੍ਹ ਦਿੱਤਾ ਗਿਆ ਸੀ। ਉਦੋਂ ਤੋਂ ਪੰਜਾਬ ਦੇ ਜ਼ਿਲ੍ਹਿਆਂ ਫਾਜ਼ਿਲਕਾ, ਫਿਰੋਜ਼ਪੁਰ ਅਤੇ ਸ੍ਰੀ ਮੁਕਤਸਰ ਸਾਹਿਬ ਨੂੰ ਰਾਜਧਾਨੀ ਦਿੱਲੀ ਨਾਲ ਜੋੜਦੇ ਫਲਾਈਓਵਰ ਦੇ ਇੱਕ ਪਾਸੇ ਦੀ ਸੜਕ ਚੱਲ ਰਹੀ ਹੈ, ਜਿਸ ਨਾਲ ਡੱਬਵਾਲੀ ਵਿੱਚ ਐੱਨਐੱਚ-9 ’ਤੇ ਜਾਮ ਦੀ ਸਥਿਤੀ ਬਣੀ ਰਹਿੰਦੀ ਸੀ। ਬੀਕੇਯੂ ਸਿੱਧੂਪੁਰ ਨੇ ਬੀਤੀ 16 ਜੁਲਾਈ ਨੂੰ ਦਿੱਲੀ ਕੂਚ ਲਈ ਡੱਬਵਾਲੀ ਮੋਰਚੇ ਨੂੰ ਖਨੌਰੀ ਹੱਦ ’ਤੇ ਤਬਦੀਲ ਕਰ ਦਿੱਤਾ ਸੀ। ਇਸ ਦੇ ਬਾਵਜੂਦ ਪੁਲੀਸ ਪ੍ਰਸ਼ਾਸਨ ਨੇ ਲਾਂਘਾ ਨਹੀਂ ਖੋਲ੍ਹਿਆ ਸੀ।
ਅੱਜ ਦੇਰ ਸ਼ਾਮ ਥਾਣਾ ਸਿਟੀ ਦੇ ਮੁਖੀ ਸ਼ੈਲੇਂਦਰ ਕੁਮਾਰ ਦੀ ਦੇੇਖ-ਰੇਖ ਹੇਠ ਫਲਾਈਓਵਰ ਤੋਂ ਰੋਕਾਂ ਹਟਾਉਣ ਲਈ ਮਜ਼ਦੂਰ ਤੇ ਹਾਈਡਰਾ ਕ੍ਰੇਨ ਲੱਗੀ ਹੋਈ ਸੀ। ਡੀਐੱਸਪੀ ਕਿਸ਼ੋਰੀ ਲਾਲ ਨੇ ਕਿਹਾ ਕਿ ਰੋਕਾਂ ਨੂੰ ਹਟਵਾ ਕੇ ਆਵਾਜਾਈ ਲਈ ਰਸਤਾ ਖੁੱਲ੍ਹਵਾਇਆ ਜਾ ਰਿਹਾ ਹੈ।