ਸੀਰੀਜ਼ ‘ਜੋ ਬਚੇ ਹੈਂ ਸੰਗ ਸਮੇਟ ਲੋ’ ਵਿੱਚ ਨਜ਼ਰ ਆਉਣਗੇ ਫਵਾਦ ਤੇ ਮਾਹਿਰਾ
ਮੁੰਬਈ: ਪਾਕਿਸਤਾਨੀ ਅਦਾਕਾਰ ਫਵਾਦ ਖਾਨ, ਅਦਾਕਾਰਾ ਮਾਹਿਰਾ ਖਾਨ ਤੇ ਸਨਮ ਸਈਦ ਵੈੱਬ ਸੀਰੀਜ਼ ‘ਜੋ ਬਚੇ ਹੈਂ ਸੰਗ ਸਮੇਟ ਲੋ’ ਵਿੱਚ ਇਕੱਠਿਆਂ ਨਜ਼ਰ ਆਉਣਗੇ। ਇਹ ਸੀਰੀਜ਼ ਨੈੱਟਫਲਿਕਸ ’ਤੇ ਰਿਲੀਜ਼ ਹੋਵੇਗੀ। ‘ਵੈਰਾਇਟੀ’ ਦੀ ਰਿਪੋਰਟ ਅਨੁਸਾਰ ਇਹ ਸੀਰੀਜ਼ ਲੇਖਕ ਫਰਹਤ ਇਸ਼ਤਿਆਕ ਦੇ ਸਾਲ 2013 ’ਚ ਸਭ ਤੋਂ ਵੱਧ ਵਿਕੇ ਉਰਦੂ ਦੇ ਨਾਵਲ ’ਤੇ ਆਧਾਰਿਤ ਹੈ। ਇਸ ਦੀ ਕਹਾਣੀ ਹਾਰਵਰਡ ਯੂਨੀਵਰਸਿਟੀ ’ਚ ਕਾਨੂੰਨ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਸਿਕੰਦਰ ਦੇ ਜੀਵਨ ਦੁਆਲੇ ਘੁੰਮਦੀ ਹੈ, ਜਿਸ ਦੀ ਜ਼ਿੰਦਗੀ ’ਚ ਇੱਕ ਅਜਿਹੀ ਘਟਨਾ ਵਾਪਰਦੀ ਹੈ ਜੋ ਸਭ ਕੁਝ ਬਦਲ ਦਿੰਦੀ ਹੈ। ਇਸ ਦੀ ਸ਼ੂਟਿੰਗ ਇਟਲੀ, ਯੂਕੇ ਤੇ ਪਾਕਿਸਤਾਨ ’ਚ ਕੀਤੀ ਗਈ ਹੈ। ‘ਜੋ ਬਚੇ ਹੈਂ ਸੰਗ ਸਮੇਟ ਲੋ’ ਵਿੱਚ ਆਹਦ ਰਜ਼ਾ ਮੀਰ, ਹਮਜ਼ਾ ਅਲੀ ਅੱਬਾਸੀ, ਬਿਲਾਲ ਅਸ਼ਰਫ਼, ਮਾਇਆ ਅਲੀ, ਇਕਰਾ ਅਜ਼ੀਜ਼, ਹਾਨੀਆ ਆਮਿਰ, ਖੁਸ਼ਹਾਲ ਖਾਨ, ਨਾਦੀਆ ਜਮੀਲ, ਓਮੈਰ ਰਾਣਾ ਤੇ ਸਮੀਨਾ ਅਹਿਮਦ ਮੁੱਖ ਭੂਮਿਕਾਵਾਂ ਵਿਚ ਹਨ। ਜ਼ਿਕਰਯੋਗ ਹੈ ਕਿ ਫਵਾਦ ਖਾਨ, ਮਾਹਿਰਾ ਖਾਨ ਤੇ ਸਨਮ ਸਈਦ ਪਾਕਿਸਤਾਨ ਦੇ ਚੋਟੀ ਦੇ ਸਿਤਾਰਿਆਂ ’ਚ ਸ਼ੁਮਾਰ ਹਨ। ਇਸ ਤੋੋਂ ਪਹਿਲਾਂ ਫਵਾਦ ਤੇ ਮਾਹਿਰਾ ਦੀ ਵੈੱਬ ਸੀਰੀਜ਼ ‘ਹਮਸਫ਼ਰ’ ਪਾਕਿਸਤਾਨ ਦੇ ਨਾਲ-ਨਾਲ ਭਾਰਤ ’ਚ ਵੀ ਕਾਫ਼ੀ ਮਕਬੂਲ ਹੋਈ ਸੀ। ਸਾਲ 2022 ’ਚ ਇਹ ਜੋੜੀ ‘ਦਿ ਲੀਜੈਂਡ ਆਫ਼ ਮੌਲਾ ਜੱਟ’ ਵਿੱਚ ਨਜ਼ਰ ਆਈ ਸੀ ਅਤੇ ਇਹ ਪਾਕਿਸਤਾਨ ’ਚ ਹੁਣ ਤੱਕ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣੀ। ਇਸ ’ਚ ਹਮਜ਼ਾ ਅਲੀ ਅੱਬਾਸੀ ਨੇ ਵੀ ਭੂਮਿਕਾ ਨਿਭਾਈ ਸੀ। ਸਨਮ ਸਈਦ ਤੇ ਫਵਾਦ ਨੇ ਹਾਲ ਹੀ ’ਚ ਪ੍ਰਸਿੱਧ ਪਾਕਿਸਤਾਨੀ ਸੀਰੀਜ਼ ‘ਜ਼ਿੰਦਗੀ ਗੁਲਜ਼ਾਰ’ ਹੈ ਵਿੱਚ ਵੀ ਇਕੱਠਿਆਂ ਕੰਮ ਕੀਤਾ ਸੀ। ਹੁਣ ਇਨ੍ਹਾਂ ਦੀ ਅਗਲੀ ਸੀਰੀਜ਼ ‘ਬਰਜ਼ਾਖ’ ਆ ਰਹੀ ਹੈ। -ਪੀਟੀਆਈ