For the best experience, open
https://m.punjabitribuneonline.com
on your mobile browser.
Advertisement

ਪਸੰਦੀਦਾ ਅਧਿਆਪਕ

06:14 AM Sep 05, 2024 IST
ਪਸੰਦੀਦਾ ਅਧਿਆਪਕ
Advertisement

ਡਾ. ਪ੍ਰਵੀਨ ਬੇਗਮ

Advertisement

ਸਕੂਲ ਪਹੁੰਚਦਿਆਂ ਪਤਾ ਲੱਗਾ ਕਿ ਅਗਲੇ ਹਫਤੇ ਅਧਿਆਪਕ ਦਿਵਸ ਹੈ। ਉਸ ਦੀ ਤਿਆਰੀ ਕਰਵਾਉਣੀ ਹੈ ਤੇ ਵਿਦਿਆਰਥੀਆਂ ਨੂੰ ਇਸ ਸਬੰਧੀ ਪੁੱਛਿਆ ਗਿਆ ਕਿ ਦੱਸੋ ਕਿਵੇਂ ਕਰੀਏ ਤਿਆਰੀ। ਸਾਰੇ ਹੀ ਵਿਦਿਆਰਥੀ ਰਲ ਕੇ ਕਹਿੰਦੇ ‘ਜੀ, ਅਸੀਂ ਕਲਾਸਾਂ ਸਾਭਾਂਗੇ ਅਧਿਆਪਕ ਬਣ ਕੇ।’ ਵਿਦਿਆਰਥੀਆਂ ਨੇ ਆਪੋ ਆਪਣੇ ਪਸੰਦੀਦਾ ਅਧਿਆਪਕ ਦੀ ਚੋਣ ਕਰ ਦੱਸਣਾ ਸ਼ੁਰੂ ਕੀਤਾ ਕਿ ਮੈਂ ਕਿਹੜਾ ਅਧਿਆਪਕ ਬਣਨਾ। ਜਦੋਂ ਸਾਰੇ ਵਿਦਿਆਰਥੀ ਬੈਠੇ ਇਸ ਗੱਲ ਬਾਰੇ ਚਰਚਾ ਕਰ ਰਹੇ ਸਨ ਤਾਂ ਮੈਂ ਆਪਣੇ ਸੁਭਾਅ ਅਨੁਸਾਰ ਉਹਨਾਂ ਨੂੰ ਵੈਸੇ ਹੀ ਪੁੱਛ ਲਿਆ ਕਿ ਉਹਨਾਂ ਨੂੰ ਉਹ ਹੀ ਅਧਿਆਪਕ ਕਿਉਂ ਪਸੰਦ ਹੈ।
ਉਹਨਾਂ ਦੀਆਂ ਗੱਲਾਂ ਸੁਣ ਕੇ ਜਦੋਂ ਮੈਂ ਵਾਪਸ ਆ ਕੇ ਸਟਾਫ ਰੂਮ ਵਿੱਚ ਬੈਠੀ ਤਾਂ ਮੇਰੀਆਂ ਯਾਦਾਂ ਦੀ ਤਾਰ ਆਪਣੇ ਕੋਈ ਵੀਹ ਕੁ ਸਾਲ ਪਹਿਲਾਂ ਦਸਵੀਂ ਕਲਾਸ ਵਿੱਚ ਮਨਾਏ ਅਧਿਆਪਕ ਦਿਵਸ ਨਾਲ ਜਾ ਜੁੜੀ। ਜਮਾਤ ਵਿੱਚ ਬੈਠੀਆਂ ਸਾਰੀਆਂ ਕੁੜੀਆਂ ਆਪੋ ਆਪਣੇ ਪਸੰਦੀਦਾ ਅਧਿਆਪਕਾਂ ਲਈ ਕਾਰਡ ਤਿਆਰ ਕਰ ਰਹੀਆਂ ਸਨ। ਮੈਂ ਕਲਾਸ ਦੇ ਇੱਕ ਕੋਨੇ ਵਿੱਚ ਗੁੰਮਸੁਮ ਜਿਹੀ ਬੈਠੀ ਸੀ। ਮੈਨੂੰ ਮੇਰੀ ਇੱਕ ਸਹੇਲੀ ਨੇ ਪੁੱਛਿਆ ‘ਤੈਨੂੰ ਆਪਣਾ ਕੋਈ ਅਧਿਆਪਕ ਪਸੰਦ ਨਹੀਂ।’ ਮੈਂ ਚੁੱਪ ਬੈਠੀ ਰਹੀ, ਉਸ ਦੀ ਗੱਲ ਦਾ ਕੋਈ ਉੱਤਰ ਨਾ ਦਿੱਤਾ। ਸਾਡੇ ਸਕੂਲ ਵਿੱਚ ਅੰਗਰੇਜ਼ੀ ਦੇ ਮਾਸਟਰ ਤਕਰੀਬਨ ਪੰਜਾਹ ਕੁ ਸਾਲ ਦੇ ਹੋਣਗੇ, ਉਹ ਮੇਰੇ ਪਸੰਦੀਦਾ ਅਧਿਆਪਕ ਸਨ। ਉਹ ਉੱਥੇ ਸਾਰੇ ਪੜ੍ਹਾਉਂਦੇ ਪੁਰਾਣੇ ਅਧਿਆਪਕਾਂ ਵਿੱਚੋਂ ਦਿਲ ਖਿੱਚਵੇਂ ਤੇ ਲਾਜਵਾਬ ਸਨ। ਉਹਨਾਂ ਦਾ ਪੜ੍ਹਾਉਣ ਦਾ ਤਰੀਕਾ ਵੱਖਰਾ ਸੀ। ਉਹ ਪੜ੍ਹਾਉਂਦੇ-ਪੜ੍ਹਾਉਂਦੇ ਇੱਕ ਤਰ੍ਹਾਂ ਨਾਲ ਖੋ ਜਾਂਦੇ ਸਨ। ਉਹ ਸਾਨੂੰ ਅੰਗਰੇਜ਼ੀ ਪੜ੍ਹਾਉਂਦੇ ਸਨ। ਉਹਨਾਂ ਦਾ ਪਿਆਰ, ਜੋਸ਼ ਅਤੇ ਉਤਸ਼ਾਹ ਨਾਲ ਸਾਨੂੰ ਪੜ੍ਹਾਉਣਾ, ਸਾਡੇ ਵਰਗੇ ਆਮ ਜਿਹੇ ਪਿੰਡਾਂ ਦੇ ਸਧਾਰਨ ਜਵਾਕਾਂ ਲਈ ਵਰਦਾਨ ਵਾਂਗ ਸੀ। ਉਹ ਪੇਪਰਾਂ ਦੇ ਦਿਨ ਵਿੱਚ ਤਿੰਨ ਤਿੰਨ ਘੰਟੇ ਇਕੱਠੇ ਵੀ ਪੜ੍ਹਾਉਂਦੇ। ਮਜਾਲ ਕਿ ਉਹਨਾਂ ਦੀ ਕਲਾਸ ਵਿੱਚ ਕੋਈ ਅੱਕ ਥੱਕ ਜਾਂਦਾ। ਉਹਨਾਂ ਦੀ ਕਲਾਸ ਕੋਈ ਵੀ ਨਹੀਂ ਸੀ ਛੱਡਦਾ। ਉਹ ਸਮਾਜਿਕ ਸਿੱਖਿਆ ਵੀ ਓਨੀ ਹੀ ਵਧੀਆ ਪੜ੍ਹਾਉਂਦੇ ਜਿੰਨੀ ਕਿ ਅੰਗਰੇਜ਼ੀ।
ਮੈਨੂੰ ਉਹ ਇਸ ਕਰਕੇ ਚੰਗੇ ਲੱਗਦੇ ਕਿ ਉਹ ਹਮੇਸ਼ਾ ਹੀ ਮੈਨੂੰ ਇਹ ਕਹਿੰਦੇ ‘ਪੁੱਤ, ਤੂੰ ਕਮਾਲ ਲਿਖਦੀ ਹੈਂ।’ ਸਰ ਕਲਾਸ ਵਿੱਚ ਜੋ ਵੀ ਸਮਝਾਉਂਦੇ ਮੈਂ ਹਰ ਚੀਜ਼ ਨੂੰ ਮੋਤੀਆਂ ਵਾਂਗ ਪਰੋ ਕੇ ਆਪਣੇ ਸ਼ਬਦਾਂ ਵਿੱਚ ਲਿਖਦੀ। ਉਹ ਮੈਨੂੰ ਅਕਸਰ ਹੀ ਕਹਿੰਦੇ ‘ਤੂੰ ਲਿਖਿਆ ਕਰ ਪੁੱਤ, ਤੇਰੀ ਲਿਖਣ ਕਲਾ ਤੈਨੂੰ ਅੱਗੇ ਤੱਕ ਲੈ ਜਾਵੇਗੀ।’ ਉਨ੍ਹਾਂ ਨੇ ਉਸ ਸਮੇਂ ਲਿਖੀ ਮੇਰੀ ਮਿੰਨੀ ਕਹਾਣੀ ‘ਅਗਲੇ ਜਨਮ’ ਨੂੰ ਸੋਧ ਕੇ ਅਜਿਹਾ ਰੂਪ ਦਿੱਤਾ ਕਿ ਮੇਰੀ ਨਿਆਣੀ-ਮੱਤ ਵਿੱਚ ਲਿਖੀ ਉਹ ਕਹਾਣੀ ਬਹੁਤ ਹੀ ਖ਼ੂਬਸੂਰਤ ਹੋ ਨਿਬੜੀ।
ਕਈ ਸਾਲਾਂ ਬਾਅਦ ਬੀਏ ਕਰਦੇ ਸਮੇਂ ਜਦੋਂ ਮੈਂ ਇਹ ਕਹਾਣੀ ਸਰਕਾਰੀ ਰਿਪੂਦਮਨ ਕਾਲਜ ਨਾਭਾ ਦੇ ਮੈਗਜ਼ੀਨ ਲਿੱਲੀ ਵਿੱਚ ਛਪਵਾਈ ਤਾਂ ਸੱਚਮੁੱਚ ਹੀ ਇਹ ਕਹਾਣੀ ਉਸ ਸਾਲ ਦੀ ਸਰਵੋਤਮ ਕਹਾਣੀ ਚੁਣੀ ਗਈ। ਇਸੇ ਕਰਕੇ ਉਹ ਮੇਰੇ ਪਸੰਦੀਦਾ ਅਧਿਆਪਕ ਸਨ। ਮੈਨੂੰ ਉਹਨਾਂ ਦੇ ਨਾਲ ਇੱਕ ਪਿਓ ਜਿਹੀ ਸਾਂਝ ਮਹਿਸੂਸ ਹੁੰਦੀ ਸੀ। ਖ਼ੈਰ ਅਧਿਆਪਕ ਦਿਵਸ ਵਾਲੇ ਦਿਨ ਜਦੋਂ ਸਾਰੇ ਵਿਦਿਆਰਥੀ ਸਟੇਜ ਤੋਂ ਪ੍ਰੋਗਰਾਮ ਕਰਕੇ ਹਟੇ ਤਾਂ ਸਟੇਜ ਉਹਨਾਂ ਦੇ ਹਵਾਲੇ ਕਰ ਦਿੱਤੀ ਗਈ। ਉਹ ਜਿੰਨੇ ਚੰਗੇ ਅਧਿਆਪਕ, ਓਨੇ ਹੀ ਚੰਗੇ ਬੁਲਾਰੇ ਵੀ ਸਨ। ਜਦੋਂ ਉਹ ਬੋਲ ਰਹੇ ਸੀ ਤਾਂ ਉਨ੍ਹਾਂ ਦੇ ਸ਼ਬਦਾਂ ਨੇ ਉੱਥੇ ਬੈਠੇ ਬੱਚੇ ਬੱਚੇ ਦੇ ਮਨ ਨੂੰ ਕੀਲ ਕੇ ਰੱਖ ਦਿੱਤਾ ਸੀ। ਉਹਨਾਂ ਕਿਹਾ,‘ਅਧਿਆਪਕ ਕਿੱਤਾ ਨਹੀਂ ਸਮਰਪਣ ਹੈ। ਮੇਰੀ ਕਿੱਤਾ ਮੁਖੀ ਜ਼ਿੰਦਗੀ ਵਿਦਿਆਰਥੀ ਰੂਪੀ ਫੁਲਵਾੜੀ ਲਈ ਸਮਰਪਿਤ ਹੈ। ਜੇਕਰ ਕਦੇ ਮੈਂ ਆਪਣੇ ਕਿੱਤੇ ਨਾਲ ਨਿਆਂ ਨਾ ਕਰ ਸਕਾਂ ਤਾਂ ਰੱਬ ਕਰੇ ਉਹ ਮੇਰਾ ਆਖਰੀ ਸਾਹ ਹੋਵੇ।’ ਕਹਿੰਦੇ ਕਹਿੰਦੇ ਉਹਨਾਂ ਦਾ ਗੱਚ ਭਰ ਆਇਆ। ਉਹਨਾਂ ਦੇ ਕਹੇ ਇਹ ਸ਼ਬਦ ਮੇਰੇ ਅਚੇਤ ਮਨ ਵਿੱਚ ਘਰ ਕਰ ਗਏ। ਤਾੜੀਆਂ ਦੀ ਗੂੰਜ ਨਾਲ ਸਾਰਾ ਪੰਡਾਲ ਗੂੰਜ ਰਿਹਾ ਸੀ, ਸਭ ਦੇ ਚਿਹਰੇ ਤੇ ਖੁਸ਼ੀ ਸੀ, ਵਿਦਿਆਰਥੀ ਉਤਸ਼ਾਹ ਵਿੱਚ ਤਾੜੀਆਂ ਮਾਰ ਰਹੇ ਸਨ।
ਪੰਜ ਕੁ ਸਾਲ ਹੋਏ ਮੈਂ ਨਾਭੇ ਬਾਜ਼ਾਰ ਗਈ ਤਾਂ ਮੈਂ ਉਹਨਾਂ ਨੂੰ ਉਹਨਾਂ ਦੇ ਬੇਟੇ ਦੀ ਦੁਕਾਨ ਦੇ ਬਾਹਰ ਬੈਠਿਆ ਦੇਖਿਆ। ਉਮਰ ਦਰਾਜ਼ ਹੋਣ ਕਰਕੇ ਉਹ ਮੈਨੂੰ ਪਛਾਣ ਨਾ ਸਕੇ, ਪਰ ਜਦੋਂ ਮੈਂ ਉਹਨਾਂ ਨੂੰ ਆਪਣੇ ਬਾਰੇ ਦੱਸਿਆ ਤਾਂ ਉਹ ਬਹੁਤ ਖੁਸ਼ ਹੋਏ। ਉਹਨਾਂ ਦੇ ਚਿਹਰੇ ’ਤੇ ਪਈਆਂ ਝੁਰੜੀਆਂ ਤੇ ਕੰਬਦੇ ਹੱਥ ਉਸ ਅਧਿਆਪਨ ਕਿੱਤੇ ਦੀ ਬੁਨਿਆਦ ਹਨ ਜਿਹੜੀ ਉਹਨਾਂ ਨੇ ਵਿਦਿਆਰਥੀਆਂ ਦੇ ਲੇਖੇ ਲਾਈ ਸੀ। ਹੁਣ ਫੇਰ ਜਦੋਂ ਮੈਂ ਕੁਝ ਦਿਨ ਪਹਿਲਾਂ ਨਾਭੇ ਗਈ ਤਾਂ ਮੇਰਾ ਦਿਲ ਕੀਤਾ ਕਿ ਉਹਨਾਂ ਨੂੰ ਮਿਲ ਕੇ ਜਾਇਆ ਜਾਵੇ। ਮੈਂ ਦੁਕਾਨ ਦੇ ਅੰਦਰ ਗਈ ਤਾਂ ਪਤਾ ਲੱਗਾ ਕਿ ਉਹਨਾਂ ਨੂੰ ਗੁਜ਼ਰਿਆਂ ਤਕਰੀਬਨ ਡੇਢ ਕੁ ਸਾਲ ਹੋ ਚੁੱਕਾ ਹੈ। ਮੈਂ ਉਦਾਸ ਤੇ ਨਿਰਾਸ਼ ਹੋ ਮੁੜ ਆਈ। ਜ਼ਿੰਦਗੀ ਦੇ ਜਿਹੜੇ ਚਾਰ ਸਾਲ ਮੈਂ ਉਹਨਾਂ ਕੋਲ ਪੜ੍ਹੀ ਉਹ ਮੇਰੇ ਅਧਿਆਪਨ ਕਿੱਤੇ ਦੀ ਬੁਨਿਆਦ ਹਨ। ਇੱਕ ਅਧਿਆਪਕ ਦੇ ਦੱਸੇ ਸਹੀ ਰਾਹ ’ਤੇ ਚੱਲਣਾ, ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਅਧਿਆਪਕ ਦਾ ਧੰਨਵਾਦ ਕਰਨਾ ਹੀ ਕਿਸੇ ਪਸੰਦੀਦਾ ਅਧਿਆਪਕ ਲਈ ਸੱਚੀ ਸ਼ਰਧਾਂਜਲੀ ਹੋ ਨਿਬੜਦੀ ਹੈ।
ਸੰਪਰਕ: 89689-48018

Advertisement

Advertisement
Author Image

joginder kumar

View all posts

Advertisement