ਓਲੰਪਿਕ ਵਿੱਚ ਮਨਪਸੰਦ ਕੋਚ ਵੀ ਨਹੀਂ ਮਿਲਿਆ: ਅਸ਼ਵਨੀ
ਨਵੀਂ ਦਿੱਲੀ, 13 ਅਗਸਤ
ਭਾਰਤ ਦੀ ਡਬਲਜ਼ ਬੈਡਮਿੰਟਨ ਖਿਡਾਰਨ ਅਸ਼ਵਨੀ ਪੋਨੱਪਾ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਪੈਰਿਸ ਓਲੰਪਿਕ ਦੀਆਂ ਤਿਆਰੀਆਂ ਲਈ ਖੇਡ ਮੰਤਰਾਲੇ ਤੋਂ ਬਹੁਤ ਹੀ ਘੱਟ ਜਾਂ ਕੋਈ ਵਿਅਕਤੀਗਤ ਵਿੱਤੀ ਸਹਾਇਤਾ ਨਹੀਂ ਮਿਲੀ ਅਤੇ ਇੱਥੋਂ ਤੱਕ ਕਿ ਖੇਡਾਂ ਤੋਂ ਐਨ ਪਹਿਲਾਂ ਕੋਚ ਲਈ ਉਨ੍ਹਾਂ ਦੀ ਅਪੀਲ ਨੂੰ ਵੀ ਰੱਦ ਕਰ ਦਿੱਤਾ ਗਿਆ।
ਭਾਰਤੀ ਖੇਡ ਅਥਾਰਿਟੀ (ਸਾਈ) ਨੇ ਇੱਕ ਦਸਤਾਵੇਜ਼ ਜਾਰੀ ਕੀਤਾ ਹੈ ਜਿਸ ਵਿੱਚ ਪੈਰਿਸ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਖਿਡਾਰੀਆਂ ਨੂੰ ਮੁਹੱਈਆ ਕਰਵਾਈ ਗਈ ਵਿੱਤੀ ਸਹਾਇਤਾ ਦਾ ਵੇਰਵਾ ਦਿੱਤਾ ਗਿਆ ਹੈ। ਇਸ ਦਸਤਾਵੇਜ਼ ਮੁਤਾਬਕ, ਅਸ਼ਵਨੀ ਨੂੰ ਟੌਪਸ ਤਹਿਤ ਸਾਢੇ ਚਾਰ ਲੱਖ ਰੁਪਏ ਅਤੇ ਸਿਖਲਾਈ ਤੇ ਮੁਕਾਬਲਿਆਂ ਲਈ ਸਾਲਾਨਾ ਕੈਲੰਡਰ (ਏਸੀਟੀਸੀ) ਤਹਿਤ 1,48,04,080 ਰੁਪਏ ਦਿੱਤੇ ਗਏ ਹਨ। ਅਸ਼ਵਨੀ ਨੇ ਕਿਹਾ, ‘‘ਮੈਂ ਹੈਰਾਨ ਹਾਂ। ਮੈਨੂੰ ਪੈਸੇ ਨਾ ਦੇਣ ’ਤੇ ਕੋਈ ਇਤਰਾਜ਼ ਨਹੀਂ ਹੈ, ਪਰ ਦੇਸ਼ ਨੂੰ ਇਹ ਦੱਸਣਾ ਕਿ ਮੈਂ ਪੈਸੇ ਲਏ ਸਨ, ਹਾਸੋਹੀਣਾ ਹੈ। ਮੈਨੂੰ ਪੈਸੇ ਨਹੀਂ ਮਿਲੇ। ਜੇ ਤੁਸੀਂ ਕੌਮੀ ਕੈਂਪ ਦੀ ਗੱਲ ਕਰ ਰਹੇ ਹੋ ਤਾਂ ਉੁਸ ਨੇ ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ’ਤੇ ਡੇਢ ਕਰੋੜ ਰੁਪਏ ਖ਼ਰਚ ਕੀਤੇ ਸਨ।’’ ਉਨ੍ਹਾਂ ਕਿਹਾ, ‘‘ਮੈਨੂੰ ਮਨਪਸੰਦ ਕੋਚ ਵੀ ਨਹੀਂ ਮਿਲਿਆ। ਜਿੱਥੋਂ ਤੱਕ ਮੇਰੇ ਨਿੱਜੀ ਟਰੇਨਰ ਦੀ ਗੱਲ ਹੈ ਤਾਂ ਮੈਂ ਉਸ ਦਾ ਖਰਚਾ ਖੁਦ ਚੁੱਕਿਆ ਹੈ। ਮੈਂ ਕਿਸੇ ਤੋਂ ਪੈਸਾ ਨਹੀਂ ਲਿਆ। ਮੈਂ ਨਵੰਬਰ (2023) ਤੱਕ ਆਪਣੇ ਖਰਚੇ ’ਤੇ ਖੇਡਦੀ ਰਹੀ।’’ ਭਾਰਤ ਦੀ ਸੀਨੀਅਰ ਡਬਲਜ਼ ਖਿਡਾਰਨ 34 ਸਾਲਾ ਅਸ਼ਵਨੀ ਨੇ ਰਾਸ਼ਟਰਮੰਡਲ ਖੇਡਾਂ 2010, 2014 ਅਤੇ 2018 ਵਿੱਚ ਕ੍ਰਮਵਾਰ ਸੋਨਾ, ਚਾਂਦੀ ਅਤੇ ਕਾਂਸੀ ਦਾ ਤਗ਼ਮਾ ਜਿੱਤਿਆ ਸੀ। -ਪੀਟੀਆਈ