ਪਿਤਾ ਵੱਲੋਂ ਪੁੱਤਰ ਨੂੰ ਅੱਗ ਨਾਲ ਸਾੜਨ ਦੀ ਕੋਸ਼ਿਸ਼
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 16 ਅਕਤੂਬਰ
ਇੱਥੇ ਇੱਕ ਵਿਅਕਤੀ ਨੇ ਆਪਣੇ ਮਾਸੂਮ ਪੁੱਤਰ ਨੂੰ ਮਾਰਨ ਦੀ ਨੀਅਤ ਨਾਲ ਅੱਗ ਵਿੱਚ ਸਾੜਨ ਦੀ ਕੋਸ਼ਿਸ਼ ਕੀਤੀ। ਬੱਚੇ ਨੂੰ ਸੜਕ ਤੋਂ ਲੰਘ ਰਹੇ ਰਾਹਗੀਰ ਨੇ ਬਚਾਅ ਲਿਆ। ਸੈਂਟਰਲ ਥਾਣਾ ਫੇਜ਼-8 ਦੀ ਪੁਲੀਸ ਨੇ ਪੀੜਤ ਬੱਚੇ ਦੇ ਪਿਤਾ ਰਾਜੂ ਗੋਸਵਾਮੀ ਖ਼ਿਲਾਫ਼ ਕੇਸ ਦਰਜ ਕਰ ਲਿਆ। ਥਾਣਾ ਮੁਖੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਵਾਸੀ ਮਲੋਟ ਹਾਲ ਵਾਸੀ ਪਿੰਡ ਕੁੰਭੜਾ ਨੇ ਇਤਲਾਹ ਦਿੱਤੀ ਸੀ ਕਿ ਉਹ ਐਮਾਜ਼ੋਨ ਕੰਪਨੀ ਵਿੱਚ ਸਾਮਾਨ ਦੀ ਡਲਿਵਰੀ ਦਾ ਕੰਮ ਕਰਦਾ ਹੈ। ਬੀਤੇ ਦਿਨ ਉਹ ਫੇਜ਼-7 ਤੋਂ ਪੁਰਾਣੇ ਬੱਸ ਅੱਡੇ ਫੇਜ਼-8 ਵੱਲ ਜਾ ਰਿਹਾ ਸੀ, ਜਦੋਂ ਉਹ ਮਦਰਹੁੱਡ ਹਸਪਤਾਲ ਫੇਜ਼-8 ਨੇੜੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਪਰਵਾਸੀ ਮਜ਼ਦੂਰ ਆਪਣੀ ਝੁੱਗੀ ਦੇ ਬਾਹਰ ਆਪਣੇ ਪੁੱਤਰ ਨੂੰ ਗਾਲ੍ਹਾਂ ਕੱਢਦਾ ਹੋਇਆ ਮਾਰ ਦੇਣ ਦੀ ਨੀਅਤ ਨਾਲ ਅੱਗ ’ਚ ਸਾੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਪਰਵਾਸੀ ਕੋਲ ਦੋ ਬੱਚੇ ਹੋਰ ਵੀ ਸਨ। ਗੁਰਪ੍ਰੀਤ ਸਿੰਘ ਅਨੁਸਾਰ ਜਦੋਂ ਤੱਕ ਉਸ ਨੇ ਬੱਚੇ ਨੂੰ ਛੁਡਵਾਇਆ, ਉਦੋਂ ਤੱਕ ਬੱਚੇ ਦਾ ਮੂੰਹ ਅਤੇ ਛਾਤੀ ਬੁਰੀ ਤਰ੍ਹਾਂ ਝੁਲਸ ਚੁੱਕੀ ਸੀ। ਮਦਰਹੁੱਡ ਹਸਪਤਾਲ ਦੇ ਡਾਕਟਰਾਂ ਨੇ ਬੱਚੇ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਫੇਜ਼-6 ਵਿੱਚ ਰੈਫ਼ਰ ਕਰ ਦਿੱਤਾ। ਰਾਜੂ ਗੋਸਵਾਮੀ ਆਪਣੀ ਘਰਵਾਲੀ ਦੀ ਮੌਤ ਤੋਂ ਬਾਅਦ ਇਨ੍ਹਾਂ ਬੱਚਿਆਂ ਤੋਂ ਪ੍ਰੇਸ਼ਾਨ ਹੋ ਕੇ ਜਾਣਬੁੱਝ ਕੇ ਮਾਰਨ ਦੀ ਨੀਅਤ ਨਾਲ ਆਪਣੇ ਬੱਚੇ ਨੂੰ ਅੱਗ ਵਿੱਚ ਸਾੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਤੋਂ ਪਹਿਲਾਂ ਵੀ ਉਹ ਅਜਿਹੀਆਂ ਹਰਕਤਾਂ ਕਰ ਚੁੱਕਾ ਹੈ। ਥਾਣਾ ਮੁਖੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਰਾਜੂ ਗੋਸਵਾਮੀ ਨੂੰ ਗ੍ਰਿਫ਼ਤਾਰ ਕਰ ਕੇ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਰਾਜੂ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।