ਅੰਮ੍ਰਿਤਸਰ ਵਿੱਚ ਦੋ ਦਹਾਕੇ ਬਾਅਦ ਹੋਇਆ ਪਿਓ-ਪੁੱਤ ਦਾ ਮੇਲ
ਮਨਮੋਹਨ ਸਿੰਘ ਢਿੱਲੋਂ/ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 25 ਅਗਸਤ
ਜਪਾਨ ਤੋਂ ਆਪਣੇ ਪਿਤਾ ਨੂੰ ਅੰਮ੍ਰਿਤਸਰ ਲੱਭਣ ਆਏ ਨੌਜਵਾਨ ਰਿਨ ਤਾਕਾਹਾਤਾ ਦੇ ਆਪਣੇ ਪਿਤਾ ਕੋਲ ਪੁੱਜਣ ਵਾਲੀ ਘਟਨਾ ਭਾਵੇਂ ਫਿਲਮੀ ਕਹਾਣੀਆਂ ਵਰਗੀ ਲੱਗਦੀ ਹੈ ਪਰ ਇਹ ਸੱਚੀ ਤੇ ਦਿਲ ਨੂੰ ਛੂਹਣ ਵਾਲੀ ਘਟਨਾ ਹੈ। ਜਦੋਂ ਰਿਨ ਇਕ ਸਾਲ ਦਾ ਸੀ ਤਾਂ ਉਸ ਦਾ ਪਿਤਾ ਉਸ ਨੂੰ ਛੱਡ ਕੇ ਭਾਰਤ ਆ ਗਿਆ ਸੀ ਕਿਉਂਕਿ ਰਿਨ ਦੇ ਮਾਪਿਆਂ ਦੀ ਅਣਬਣ ਹੋ ਗਈ ਸੀ। ਰਿਨ ਜਦੋਂ ਵੀ ਬੱਚਿਆਂ ਨੂੰ ਆਪਣੇ ਮਾਪਿਆਂ ਨਾਲ ਦੇਖਦਾ ਤਾਂ ਉਹ ਸੋਚਦਾ ਕਾਸ਼ ਉਸ ਦਾ ਪਿਤਾ ਵੀ ਉਸ ਨਾਲ ਹੋਵੇ ਅਤੇ ਹੋਰਾਂ ਬੱਚਿਆਂ ਵਾਂਗ ਆਪਣੇ ਪਿਤਾ ਨਾਲ ਘੁੰਮੇ ਤੇ ਗੱਲਾਂ ਕਰੇ। ਉਸ ਨੂੰ ਉਮੀਦ ਸੀ ਕਿ ਉਹ ਆਪਣੇ ਪਿਤਾ ਨੂੰ ਜ਼ਰੂਰ ਲੱਭ ਲਵੇਗਾ। ਰਿਨ ਦੀ ਮਾਂ ਨੂੰ ਵੀ ਉਸ ਦੇ ਪਤੀ ਦੇ ਥਹੁ ਟਿਕਾਣੇ ਬਾਰੇ ਜਾਣਕਾਰੀ ਨਹੀਂ ਸੀ। ਰਿਨ ਜਦੋਂ ਵੱਡਾ ਹੁੰਦਾ ਗਿਆ ਉਸ ਦੀ ਪਿਤਾ ਨੂੰ ਲੱਭਣ ਦੀ ਤਾਂਘ ਵਧਦੀ ਗਈ। ਰਿਨ ਹੁਣ 21 ਵਰ੍ਹਿਆਂ ਦਾ ਹੈ ਅਤੇ ਉਹ ਜਪਾਨ ਦੀ ਓਸਾਕਾ ਯੂਨੀਵਰਸਿਟੀ ਵਿੱਚ ਆਰਟਸ ਦਾ ਵਿਦਿਆਰਥੀ ਹੈ। ਇਹ ਕੁਦਰਤੀ ਘਟਨਾਕ੍ਰਮ ਹੀ ਬਣਿਆ ਕਿ ਯੂਨੀਵਰਸਿਟੀ ਵਲੋਂ ਉਸ ਨੂੰ ਪੜ੍ਹਾਈ ਦੇ ਵਿਸ਼ਿਆਂ ਅਨੁਸਾਰ ਯੂਨੀਵਰਸਿਟੀ ਵਲੋਂ ‘ਫੈਮਿਲੀ ਟ੍ਰੀ’ (ਕੁਰਸੀਨਾਮਾ) ਵਿਸ਼ੇ ’ਤੇ ਲਿਖਣ ਲਈ ਅਸਾਈਨਮੈਂਟ ਮਿਲੀ। ਇਸ ਕਾਰਨ ਹੀ ਉਹ ਅੰਮ੍ਰਿਤਸਰ ਪੁੱਜਿਆ ਤੇ ਆਪਣੇ ਪਿਤਾ ਨੂੰ ਲੱਭਣ ’ਚ ਕਾਮਯਾਬ ਹੋ ਗਿਆ। ਰਿਨ ਦੇ ਪਿਤਾ ਸੁਖਪਾਲ ਸਿੰਘ ਅਨੁਸਾਰ ਉਹ 2021 ਵਿੱਚ ਥਾਈਲੈਂਡ ਚਲਾ ਗਿਆ ਸੀ। ਇਸ ਦੌਰਾਨ ਉਸ ਦੀ ਮੁਲਾਕਾਤ ਜਪਾਨ ਦੀ ਰਹਿਣ ਵਾਲੀ ਸਚੀ ਤਾਕਾਹਾਤਾ ਨਾਲ ਹੋਈ ਸੀ। ਤਾਕਾਹਾਤਾ ਜਦੋਂ 2002 ਵਿੱਚ ਜਪਾਨ ਗਈ ਤਾਂ ਉਹ ਵੀ ਉਸ ਨਾਲ ਹੀ ਚਲਾ ਗਿਆ। ਉਥੇ ਵਿਆਹ ਕਰਵਾਉਣ ਮਗਰੋਂ ਉਹ ਜਪਾਨ ਵਿੱਚ ਵੱਸ ਗਏ ਸਨ। ਰਿਨ ਦਾ ਜਨਮ ਉਥੇ ਹੀ 2003 ਵਿੱਚ ਹੋਇਆ ਸੀ। ਸੁਖਪਾਲ ਸਿੰਘ ਅਨੁਸਾਰ ਕੁੱਝ ਸਮੇਂ ਮਗਰੋਂ ਉਹ ਪਤੀ-ਪਤਨੀ ਵੱਖ-ਵੱਖ ਹੋ ਗਏ। ਸੁਖਪਾਲ ਨੇ 2007 ਵਿੱਚ ਭਾਰਤ ਪਰਤ ਕੇ ਗੁਰਵਿੰਦਰਪ੍ਰੀਤ ਕੌਰ ਨਾਲ ਦੂਜਾ ਵਿਆਹ ਕਰਵਾ ਲਿਆ। ਹੁਣ ਉਨ੍ਹਾਂ ਦੀ ਇੱਕ ਧੀ ਵੀ ਹੈ।
ਫਤਿਹਗੜ੍ਹ ਚੂੜੀਆਂ ਸੜਕ ’ਤੇ ਆਪਣੇ ਪਿਤਾ ਦੀ ਫੋਟੋ ਲੈ ਕੇ ਘੁੰਮਦਾ ਰਿਹਾ ਰਿਨ
ਰਿਨ ਬੀਤੇ 15 ਦਿਨਾਂ ਤੋਂ ਅੰਮ੍ਰਿਤਸਰ ਵਿੱਚ ਇਥੋਂ ਦੀ ਫਤਿਹਗੜ੍ਹ ਚੂੜੀਆਂ ਰੋਡ ਦੀਆਂ ਗਲੀਆਂ ਵਿੱਚ ਆਪਣੇ ਪਿਤਾ ਦੀ ਫੋਟੋ ਦੁਕਾਨਦਾਰਾਂ ਤੇ ਇੱਥੇ ਵਿਚਰਦੇ ਲੋਕਾਂ ਨੂੰ ਦਿਖਾ ਕੇ ਪਿਤਾ ਦਾ ਪਤਾ ਲੱਭਦਾ ਰਿਹਾ। ਇਕ ਦਿਨ ਸੜਕ ਕਿਨਾਰੇ ਬੈਠੇ ਕੁਝ ਲੋਕਾਂ ਨੇ ਸੁਖਪਾਲ ਸਿੰਘ ਦੀ ਫੋਟੋ ਪਛਾਣ ਲਈ। ਇਹ ਵਿਅਕਤੀ ਉਸ ਨੂੰ ਨਾਲ ਲੈ ਕੇ ਥੋੜ੍ਹੀ ਦੂਰ ਲੁਹਾਰਕਾ ਰੋਡ ਵਿਚਲੇ ਸੁਖਪਾਲ ਦੇ ਘਰ ਲੈ ਗਏ। ਜਦੋਂ ਉਹ ਘਰ ਪੁੱਜਿਆ ਤਾਂ ਉਨ੍ਹਾਂ ਰਿਨ ਨੂੰ ਪਛਾਣਿਆ ਨਹੀਂ ਤਾਂ ਰਿਨ ਨੇ ਆਪਣੀ ਤੇ ਪਿਤਾ ਦੀ ਪੁਰਾਣੀ ਫੋਟੋ ਦਿਖਾਈ ਤਾਂ ਸੁਖਪਾਲ ਨੇ ਪਛਾਣ ਲਿਆ ਅਤੇ ਰਿਨ ਨੂੰ ਕਲਾਵੇ ਵਿੱਚ ਲੈ ਲਿਆ।