ਡਕੈਤੀਆਂ ’ਚ ਸ਼ਾਮਲ ਪਿਓ-ਪੁੱਤ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਜਲੰਧਰ, 28 ਜਨਵਰੀ
ਦਿਹਾਤੀ ਪੁਲੀਸ ਨੇ ਹਥਿਆਰਬੰਦ ਡਕੈਤੀਆਂ ਵਿੱਚ ਸ਼ਾਮਲ ਪਿਤਾ-ਪੁੱਤਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਤੋਂ ਤਿੰਨ ਆਧੁਨਿਕ ਹਥਿਆਰ ਅਤੇ ਲੱਖਾਂ ਦੀ ਚੋਰੀ ਦਾ ਸਾਮਾਨ ਬਰਾਮਦ ਕੀਤਾ ਗਿਆ ਹੈ। ਐਸਐਸਪੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਾਜ ਕੁਮਾਰ ਅਤੇ ਉਸਦੇ ਪੁੱਤਰ ਰਾਜਵੀਰ ਉਰਫ਼ ਰੋਹਿਤ (ਦੋਵੇਂ ਵਾਸੀ ਸੈਦਪੁਰ ਝਿੜੀ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ। ਪੁਲੀਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 30 ਬੋਰ ਅਤੇ 32 ਬੋਰ ਦੇ ਤਿੰਨ ਪਿਸਤੌਲਾਂ ਦੇ ਨਾਲ-ਨਾਲ 25 ਕਾਰਤੂਸ, ਨੌਂ ਮੋਬਾਈਲ ਫੋਨ, ਇੱਕ ਸਮਾਰਟ ਘੜੀ ਅਤੇ ਛੇ ਤੋਲੇ ਵਜ਼ਨ ਵਾਲੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ। ਐਸਐਸਪੀ ਖੱਖ ਨੇ ਦੱਸਿਆ ਕਿ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਜਲੰਧਰ ਦਿਹਾਤੀ ਦੇ ਸੀਆਈਏ ਸਟਾਫ ਦੀ ਟੀਮ ਨੇ ਥਾਣਾ ਮਹਿਤਪੁਰ ਦੇ ਅਧਿਕਾਰ ਖੇਤਰ ਵਿੱਚ ਪਿੰਡ ਉਧੋਵਾਲ ਨੇੜੇ ਨਾਕਾ ਲਗਾਇਆ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੀ ਤਲਾਸ਼ੀ ਲੈਣ ’ਤੇ, ਇੱਕ 32 ਬੋਰ ਦਾ ਪਿਸਤੌਲ, 2 ਕਾਰਤੂਸ ਅਤੇ 2 ਮੋਬਾਈਲ ਫੋਨ ਬਰਾਮਦ ਕੀਤੇ ਗਏ। ਹੋਰ ਪੁੱਛਗਿੱਛ ਤੋਂ ਬਾਅਦ, ਪੁਲੀਸ ਨੇ ਪ੍ਰਤਾਪਪੁਰਾ ਵਿੱਚ ਇੱਕ ਹੋਰ ਜਗ੍ਹਾ ’ਤੇ ਛਾਪਾ ਮਾਰਿਆ ਅਤੇ 2 ਹੋਰ ਪਿਸਤੌਲ, 23 ਕਾਰਤੂਸ, 7 ਮੋਬਾਈਲ ਫੋਨ, ਇੱਕ ਸਮਾਰਟ ਵਾਚ ਅਤੇ 6 ਤੋਲੇ ਸੋਨੇ ਦੇ ਗਹਿਣੇ ਬਰਾਮਦ ਕੀਤੇ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਰਾਜਵੀਰ ਉਰਫ਼ ਰੋਹਿਤ, ਜੋ ਨਸ਼ੇ ਦਾ ਆਦੀ ਹੈ, ਆਪਣੇ ਪਿਤਾ ਰਾਜ ਕੁਮਾਰ ਨਾਲ ਮਿਲ ਕੇ ਹਥਿਆਰਬੰਦ ਡਕੈਤੀਆਂ ਅਤੇ ਰਾਤ ਦੇ ਸਮੇਂ ਹੋਣ ਵਾਲੀਆਂ ਚੋਰੀਆਂ ਵਿੱਚ ਸਰਗਰਮੀ ਨਾਲ ਸ਼ਾਮਲ ਸੀ ਐੱਸਐੱਸਪੀ ਖੱਖ ਨੇ ਅੱਗੇ ਕਿਹਾ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਹਥਿਆਰ ਸ਼ਰਨਜੀਤ ਸਿੰਘ ਉਰਫ਼ ਸੋਨੂੰ ਵਾਸੀ ਸੈਦਪੁਰ ਝਿੜੀ ਤੋਂ ਪ੍ਰਾਪਤ ਕੀਤੇ ਸਨ।
ਲਿਫਟ ਦੇ ਬਹਾਨੇ ਔਰਤਾਂ ਨੇ ਕਾਰ ਸਵਾਰ ਨੂੰ ਲੁੱਟਿਆ, ਤਿੰਨ ਕਾਬੂ
ਅੰਮ੍ਰਿਤਸਰ (ਟ੍ਰਿਬਿਉੂਨ ਨਿਉੂਜ਼ ਸਰਵਿਸ):
ਕਾਰ ਵਿੱਚ ਲਿਫਟ ਲੈ ਕੇ ਇੱਕ ਵਿਅਕਤੀ ਨੂੰ ਲੁੱਟਣ ਦੇ ਮਾਮਲੇ ਵਿੱਚ ਪੁਲੀਸ ਨੇ ਦੋ ਔਰਤਾਂ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਨ੍ਹਾਂ ਕੋਲੋਂ ਲੁੱਟੇ ਹੋਏ ਦੋ ਮੋਬਾਈਲ ਫੋਨ ਬਰਾਮਦ ਕੀਤੇ ਹਨ। ਇਸ ਸਬੰਧੀ ਗ੍ਰਿਫ਼ਤਾਰ ਕੀਤੀਆਂ ਗਈਆਂ ਔਰਤਾਂ ਵਿੱਚੋਂ ਇੱਕ ਦੀ ਸ਼ਨਾਖਤ ਜ਼ਿਲ੍ਹਾ ਫਰੀਦਾਬਾਦ ਹਰਿਆਣਾ ਦੀ ਵਾਸੀ ਵਜੋਂ ਹੋਈ ਹੈ, ਜੋ ਹੁਣ ਤਰਨ ਤਾਰਨ ਜ਼ਿਲ੍ਹੇ ਵਿੱਚ ਰਹਿ ਰਹੀ ਹੈ। ਦੂਜੀ ਔਰਤ ਵੀ ਤਰਨ ਤਾਰਨ ਜ਼ਿਲ੍ਹੇ ਦੀ ਵਾਸੀ ਹੈ ,ਜਦੋਂ ਕਿ ਤੀਜਾ ਵਿਅਕਤੀ ਜਸਕਰਨ ਸਿੰਘ ਉਰਫ ਕਰਨ ਵੀ ਤਰਨ ਤਾਰਨ ਦਾ ਵਾਸੀ ਹੈ ਅਤੇ ਰਾਜ ਮਿਸਤਰੀ ਦਾ ਕੰਮ ਕਰਦਾ ਹੈ ।ਇਹਨਾਂ ਦੇ ਚੌਥੇ ਸਾਥੀ ਨੂੰ ਕਾਬੂ ਕਰਨ ਲਈ ਪੁਲੀਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹਨਾਂ ਵਿੱਚੋਂ ਇੱਕ ਔਰਤ 32 ਸਾਲ ਦੀ ਅਤੇ ਦੂਜੀ 29 ਸਾਲ ਦੀ ਹੈ।