ਰੰਜਿਸ਼ ਕਾਰਨ ਕੁੱਟਮਾਰ ਵਿੱਚ ਪਿਓ-ਪੁੱਤ ਜ਼ਖਮੀ
ਪੱਤਰ ਪ੍ਰੇਰਕ
ਪਠਾਨਕੋਟ, 15 ਅਕਤੂਬਰ
ਨੇੜਲੇ ਪਿੰਡ ਸਰਨਾ ਵਿੱਚ ਆਪਸੀ ਰੰਜਿਸ਼ ਕਾਰਨ ਹੋਏ ਹਮਲੇ ਵਿੱਚ ਪਿਓ-ਪੁੱਤ ਜ਼ਖਮੀ ਹੋ ਗਏ। ਦੋਵਾਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਦ ਕਿ ਮਾਮਲਾ ਥਾਣਾ ਸਦਰ ਵਿੱਚ ਪੁੱਜ ਗਿਆ ਹੈ।
ਪਿੰਡ ਸਰਨਾ ਦੇ ਰਹਿਣ ਵਾਲੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਘਰ ਵਿੱਚ ਤਿੰਨ ਪਰਿਵਾਰ ਸਾਂਝੇ ਤੌਰ ’ਤੇ ਰਹਿੰਦੇ ਹਨ। ਕਦੇ ਬੱਚਿਆਂ ਦੇ ਆਪਸ ਵਿੱਚ ਲੜਨ ਕਾਰਨ ਅਤੇ ਕਦੇ ਔਰਤਾਂ ਦੇ ਆਪਸੀ ਝਗੜਿਆਂ ਕਾਰਨ ਘਰ ਵਿੱਚ ਲੜਾਈ-ਝਗੜਾ ਹੋ ਜਾਂਦਾ ਸੀ। ਅੱਜ ਮੋਹਨ ਲਾਲ ਪੇਟ ਵਿੱਚ ਦਰਦ ਹੋਣ ਕਾਰਨ ਘਰ ’ਚ ਮੌਜੂਦ ਸੀ। ਜਦ ਕਿ ਉਹ ਸਾਰੇ ਆਪਣੇ ਕਮਰੇ ਵਿੱਚ ਬੈਠੇ ਸਨ। ਇਸ ਦੌਰਾਨ ਉਸ ਦੇ ਰਿਸ਼ਤੇਦਾਰ ਦੇ ਘਰ ਮਹਿਮਾਨ ਆਏ ਹੋਏ ਸਨ। ਸਾਰਿਆਂ ਨੇ ਮੋਹਨ ਲਾਲ ਨੂੰ ਗੱਲ ਕਰਨ ਲਈ ਬੁਲਾਇਆ। ਦੋਸ਼ ਹੈ ਕਿ ਜਦੋਂ ਉਹ ਉਸ ਦੀ ਗੱਲ ਸੁਣਨ ਲਈ ਕਮਰੇ ਤੋਂ ਬਾਹਰ ਗਿਆ ਤਾਂ ਉਕਤ ਵਿਅਕਤੀਆਂ ਨੇ ਉਸ ’ਤੇ ਕਥਿਤ ਤੌਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਨੂੰ ਰੋਕਣ ਲਈ ਆਇਆ ਉਸ ਦਾ ਪੁੱਤਰ ਸ਼ਿਵ ਕੁਮਾਰ ਵੀ ਜ਼ਖਮੀ ਹੋ ਗਿਆ ਅਤੇ ਉਸ ਦੀ ਬੇਟੀ ਵੀ ਜ਼ਖਮੀ ਹੋ ਗਈ। ਲੜਾਈ ਦੌਰਾਨ ਪਿਓ-ਪੁੱਤਰ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਸੱਟਾਂ ਵੱਜਣ ਉਹ ਲਹੂ-ਲੁਹਾਨ ਹੋ ਗਏ ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਐਮਰਜੈਂਸੀ ਵਾਰਡ ਵਿੱਚ ਤਾਇਨਾਤ ਡਾਕਟਰ ਅਤੇ ਸਟਾਫ਼ ਨੇ ਦੋਵਾਂ ਜ਼ਖ਼ਮੀਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਅਤੇ ਸਿਰ ਵਿੱਚ ਗੰਭੀਰ ਸੱਟਾਂ ਲੱਗਣ ਕਾਰਨ ਟਾਂਕੇ ਲਗਾਏ ਗਏ।