ਪੁੱਤਰ ਨੂੰ ਸਾੜਨ ਦੀ ਕੋਸ਼ਿਸ਼ ਕਰਨ ਵਾਲਾ ਪਿਤਾ ਜੇਲ੍ਹ ਭੇਜਿਆ
ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 19 ਅਕਤੂਬਰ
ਇੱਥੋਂ ਦੇ ਮਦਰਹੁੱਡ ਹਸਪਤਾਲ ਫੇਜ਼-8 ਨੇੜੇ ਝੁੱਗੀ ਦੇ ਬਾਹਰ ਅੱਗ ਵਿੱਚ ਆਪਣੇ ਬੱਚੇ ਨੂੰ ਜਿਊਂਦਾ ਸਾੜਨ ਦੀ ਕੋਸ਼ਿਸ਼ ਕਰਨ ਵਾਲਾ ਬਾਪ ਰਾਜੂ ਗੋਸਵਾਮੀ ਅਸਲ ਵਿੱਚ ਇੱਕ ਤਾਂਤਰਿਕ ਦੇ ਆਖੇ ਲੱਗ ਕੇ ਆਪਣੇ ਪੁੱਤਰ ਦੀ ਜਾਨ ਦਾ ਦੁਸ਼ਮਣ ਬਣ ਗਿਆ ਸੀ। ਇਸ ਗੱਲ ਦਾ ਖ਼ੁਲਾਸਾ ਪੁਲੀਸ ਦੀ ਮੁੱਢਲੀ ਜਾਂਚ ਵਿੱਚ ਹੋਇਆ ਹੈ। ਇਸ ਦੀ ਪੁਸ਼ਟੀ ਅੱਜ ਮੁਹਾਲੀ ਦੇ ਡੀਐੱਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਤਾਂਤਰਿਕ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਡੀਐੱਸਪੀ ਬੱਲ ਨੇ ਦੱਸਿਆ ਕਿ ਡਲਿਵਰੀ ਬੁਆਏ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਨੇ ਪੁਲੀਸ ਨੇ ਇਤਲਾਹ ਦਿੱਤੀ ਸੀ ਕਿ 15 ਅਕਤੂਬਰ ਨੂੰ ਮਦਰਹੁੱਡ ਹਸਪਤਾਲ ਨੇੜੇ ਇਕ ਪਰਵਾਸੀ ਮਜ਼ਦੂਰ ਆਪਣੀ ਝੁੱਗੀ ਦੇ ਬਾਹਰ ਅੱਗ ਬਾਲ ਕੇ ਛੋਟੇ ਬੱਚੇ ਨੂੰ ਅੱਗ ਵਿੱਚ ਸਾੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਗੁਰਪ੍ਰੀਤ ਸਿੰਘ ਅਨੁਸਾਰ ਉਸ ਨੇ ਬੱਚੇ ਨੂੰ ਛੁਡਵਾਇਆ ਪਰ ਉਦੋਂ ਤੱਕ ਬੱਚੇ ਦਾ ਮੂੰਹ ਅਤੇ ਛਾਤੀ ਝੁਲਸ ਚੁੱਕੀ ਸੀ। ਇਸ ਮਗਰੋਂ ਉਸ ਨੇ ਸੜਕ ਤੋਂ ਲੰਘ ਰਹੇ ਵਿਅਕਤੀਆਂ ਦੀ ਮਦਦ ਨਾਲ ਬੱਚੇ ਨੂੰ ਨਜ਼ਦੀਕੀ ਮਦਰਹੁੱਡ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਿੱਥੋਂ ਸਰਕਾਰੀ ਹਸਪਤਾਲ ਫੇਜ਼-6 ਵਿੱਚ ਰੈਫ਼ਰ ਕਰ ਦਿੱਤਾ। ਸੈਂਟਰਲ ਥਾਣਾ ਫੇਜ਼-8 ਦੇ ਐੱਸਐੱਚਓ ਰੁਪਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਰਾਜੂ ਗੋਸਵਾਮੀ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਭੇਜ ਦਿੱਤਾ ਹੈ।