For the best experience, open
https://m.punjabitribuneonline.com
on your mobile browser.
Advertisement

ਫਾਈਬਰ ਆਪਟਿਕਸ ਦਾ ਪਿਤਾਮਾ ਨਰਿੰਦਰ ਸਿੰਘ ਕਪਾਨੀ

07:28 AM Sep 01, 2024 IST
ਫਾਈਬਰ ਆਪਟਿਕਸ ਦਾ ਪਿਤਾਮਾ ਨਰਿੰਦਰ ਸਿੰਘ ਕਪਾਨੀ
ਫਾਈਬਰ ਆਪਟਿਕਸ ਦੀ ਖੋਜ ਕਰਨ ਵਾਲਾ ਵਿਗਿਆਨੀ ਨਰਿੰਦਰ ਸਿੰਘ ਕਪਾਨੀ ਅਤੇ ਕਿਤਾਬ ‘ਸਿੱਖ ਆਰਟ’ ਦਾ ਸਰਵਰਕ।
Advertisement

ਆਤਮਜੀਤ

ਅੱਜ ਦੁਨੀਆ ਵਿੱਚ ਮੋਬਾਈਲ ਫੋਨ ਤਕਨੀਕ ਅਤਿ ਵਿਕਸਤ ਹੋ ਕੇ 5ਜੀ ਨੈੱਟਵਰਕ ਕਨੈਕਸ਼ਨ ਤੱਕ ਪਹੁੰਚ ਗਈ ਹੈ। ਦੁਨੀਆ ਦੇ ਕਿਸੇ ਵੀ ਹਿੱਸੇ ’ਚ ਵੀਡੀਓ ਕਾਲ ਦੀ ਸਹੂਲਤ ਨੇ ਪਰਵਾਸ ਕਰ ਚੁੱਕੇ ਵਿਅਕਤੀਆਂ ਨੂੰ ਉਨ੍ਹਾਂ ਦੀ ਜਨਮ ਭੋਇੰ ਨਾਲ ਜੋੜ ਰੱਖਿਆ ਹੈ। ਇਸ ਤਕਨੀਕ ਦੀ ਬੁਨਿਆਦ ਬਣੀ ਫਾਈਬਰ ਆਪਟਿਕਸ ਦੀ ਖੋਜ। ਇਹ ਲੇਖ ਇਸ ਦੀ ਕਾਢ ਕੱਢਣ ਵਾਲੇ ਵਿਗਿਆਨੀ ਨਰਿੰਦਰ ਸਿੰਘ ਕਪਾਨੀ ਦੇ ਯੋਗਦਾਨ ਬਾਰੇ ਦੱਸਦਾ ਹੈ।

Advertisement

'ਫਾਰਚੂਨ’ ਨਾਂ ਦਾ ਵੱਕਾਰੀ ਵਪਾਰ ਮੈਗਜ਼ੀਨ 1929 ਵਿਚ ਨਿਊ ਯਾਰਕ ਵਿਚ ਛਪਣਾ ਸ਼ੁਰੂ ਹੋਇਆ ਸੀ। ਇਸਦੇ 1999 ਵਿਚ ਛਪੇ ਇਕ ਲੇਖ ਨੇ ਸੰਸਾਰ ਦੇ ਉਨ੍ਹਾਂ ਸੱਤ ਨਾਇਕਾਂ ਦਾ ਜ਼ਿਕਰ ਕੀਤਾ ਸੀ ਜਿਨ੍ਹਾਂ ਦੀ ਮਹਾਨ ਦੇਣ ਨੂੰ ਦੁਨੀਆ ਨੇ ਸਲੀਕੇ ਨਾਲ ਯਾਦ ਨਹੀਂ ਰੱਖਿਆ। ਉਨ੍ਹਾਂ ਵਿਚ ਇਕ ਨਰਿੰਦਰ ਸਿੰਘ ਕਪਾਨੀ ਸੀ ਜਿਸ ਨੂੰ ਫਾਈਬਰ ਆਪਟਿਕਸ ਤਕਨਾਲੋਜੀ ਦਾ ਪਿਤਾਮਾ ਕਿਹਾ ਜਾਂਦਾ ਹੈ। ਅਸੀਂ ਹਿੰਦੋਸਤਾਨੀ ਲੋਕ ਵੀ ਕਪਾਨੀ ਤੋਂ ਅਣਜਾਣ ਹਾਂ। ਅੱਜ ਦੇ ਯੁੱਗ ਵਿਚ ਫਾਈਬਰ ਆਪਟਿਕਸ ਤਕਨੀਕ ਦੀ ਵਿਆਪਕ ਵਰਤੋਂ ਹੋ ਰਹੀ ਹੈ। ਇਹ ਅਜਿਹੀਆਂ ਕੇਬਲਾਂ ਦਾ ਨੈੱਟਵਰਕ ਹੈ ਜਿਨ੍ਹਾਂ ਰਾਹੀਂ ਸੂਚਨਾ ਦਾ ਡਾਟਾ ਰੋਸ਼ਨੀ ਦੀ ਸ਼ਕਲ ਵਿਚ ਦੂਰ-ਦੁਰੇਡੇ ਜਾ ਪਹੁੰਚਦਾ ਹੈ। ਸਾਰੇ ਸੰਸਾਰ ਦਾ ਇੰਟਰਨੈੱਟ, ਕੇਬਲ ਟੀਵੀ ਅਤੇ ਟੈਲੀਫੋਨ ਸਿਸਟਮ ਇਨ੍ਹਾਂ ਕੇਬਲਾਂ ਰਾਹੀਂ ਹੀ ਚਲਦਾ ਹੈ। ਜਿਵੇਂ ਬਿਜਲੀ ਦੀ ਕੇਬਲ ਵਿਚ ਆਮ ਕਰਕੇ ਤਾਂਬੇ ਦੀਆਂ ਬਹੁਤ ਸਾਰੀਆਂ ਬਾਰੀਕ ਤਾਰਾਂ ਦਾ ਸਮੂਹ ਹੁੰਦਾ ਹੈ ਉਸੇ ਤਰ੍ਹਾਂ ਫਾਈਬਰ ਆਪਟਿਕ ਕੇਬਲ ਵਿਚ ਵੀ ਤਾਰਾਂ ਹੁੰਦੀਆਂ ਹਨ ਜਿਹੜੀਆਂ ਸ਼ੀਸ਼ੇ ਜਾਂ ਫਾਈਬਰ ਦੀਆਂ ਬਣੀਆਂ ਹੁੰਦੀਆਂ ਹਨ। ਇਹ ਸਾਡੇ ਵਾਲਾਂ ਵਾਂਗ ਬਾਰੀਕ ਹੁੰਦੀਆਂ ਹਨ। ਅਸੀਂ ਆਪਣੇ ਕਸਬਿਆਂ ਅਤੇ ਸ਼ਹਿਰਾਂ ਵਿਚ ਜ਼ਮੀਨ ਹੇਠਾਂ ਵਿਛਾਈਆਂ ਜਾਂਦੀਆਂ ਜਿਹੜੀਆਂ ਮੋਟੀਆਂ ਕੇਬਲਾਂ ਦੇਖਦੇ ਹਾਂ ਉਹ ਇਸੇ ਤਰ੍ਹਾਂ ਦੀਆਂ ਸੈਂਕੜੇ ਤਾਰਾਂ ਦਾ ਸਮੂਹ ਹੁੰਦਾ ਹੈ ਜਿਸ ਉੱਤੇ ਪਛਾਣ ਅਤੇ ਸੁਰੱਖਿਆ ਵਾਸਤੇ ਰੰਗੀਨ ਰਬੜ ਦਾ ਮੋਟਾ ਗਲਾਫ਼ ਚੜ੍ਹਾ ਦਿੱਤਾ ਜਾਂਦਾ ਹੈ। ਇਨ੍ਹਾਂ ਕੇਬਲਾਂ ਵਿਚੋਂ ਸਾਰਾ ਡੇਟਾ ਆਉਂਦਾ-ਜਾਂਦਾ ਹੈ। ਸ਼ਾਇਦ ਕੁਝ ਲੋਕਾਂ ਨੂੰ ਹੈਰਤ ਹੋਵੇ, ਅੱਡ-ਅੱਡ ਕੰਪਨੀਆਂ ਨੇ ਇਸ ਤਰ੍ਹਾਂ ਦੀਆਂ ਮੋਟੇ ਰੱਸਿਆਂ ਵਰਗੀਆਂ ਕੇਬਲਾਂ ਵੱਖ-ਵੱਖ ਸਮੁੰਦਰਾਂ ਹੇਠ ਵੀ ਵਿਛਾਈਆਂ ਹੋਈਆਂ ਹਨ ਜਿਹੜੀਆਂ ਡੇਟਾ ਇਕ ਮਹਾਂਦੀਪ ਤੋਂ ਦੂਜੇ ਮਹਾਂਦੀਪ ਤਕ ਪਹੁੰਚਾਉਂਦੀਆਂ ਹਨ। ਨਤੀਜੇ ਵਜੋਂ ਸਾਡੀਆਂ ਈ-ਮੇਲਾਂ, ਵਟਸਐਪ ਆਦਿ ਦੇ ਸੁਨੇਹੇ ਅਤੇ ਫੋਨਾਂ ਦੀ ਆਵਾਜ਼ ਦੁਨੀਆ ਦੇ ਦੂਜੇ ਸਿਰੇ ਤਕ ਪਲਾਂ ਵਿਚ ਪੁੱਜ ਜਾਂਦੀ ਹੈ। ਇਹ ਸਾਰਾ ਕਮਾਲ ਫਾਈਬਰ ਆਪਟਿਕਸ ਦਾ ਹੈ ਜਿਸਦਾ ਪਹਿਲਾ ਸਫ਼ਲ ਤਜਰਬਾ ਕਪਾਨੀ ਨੇ ਕੀਤਾ ਅਤੇ ਦੁਨੀਆ ਵਿਚ ਇਨਫਰਮੇਸ਼ਨ ਤਕਨਾਲੋਜੀ ਦੀ ਕ੍ਰਾਂਤੀ ਦੀ ਨੀਂਹ ਰੱਖੀ। ‘ਫਾਈਬਰ ਆਪਟਿਕਸ’ ਨਾਂ ਦੀ ਈਜਾਦ ਵੀ ਕਪਾਨੀ ਨੇ ਕੀਤੀ ਅਤੇ ਇਸ ਵਿਸ਼ੇ ਉੱਤੇ ਪਹਿਲੀ ਪੁਸਤਕ ਵੀ ਲਿਖੀ।


ਉਹ ਦੱਸਦਾ ਹੈ ਕਿ ਜਦੋਂ ਆਗਰਾ ਯੂਨੀਵਰਸਟੀ ਵਿਚ ਉਸਨੂੰ ਫਿਜ਼ਿਕਸ ਦਾ ਪ੍ਰੋਫੈਸਰ ਪੜ੍ਹਾਉਂਦਾ ਹੁੰਦਾ ਸੀ ਕਿ ਰੋਸ਼ਨੀ ਸਿਰਫ਼ ਸਿੱਧੀ ਲਕੀਰ ਵਿਚ ਹੀ ਅਗਾਂਹ ਵਧਦੀ ਹੈ ਤਾਂ ਉਸਦੇ ਦਿਮਾਗ਼ ਵਿਚ ਹਲਚਲ ਮਚ ਜਾਂਦੀ ਸੀ। ਜਦੋਂ ਮੰਚ ਉੱਤੇ ਉਹ ਆਪ ਕਲਾਸੀਕਲ ਨਾਚ ਨੱਚਦਾ ਜਾਂ ਦੂਜਿਆਂ ਨੂੰ ਨ੍ਰਿਤ ਕਰਦਿਆਂ ਦੇਖਦਾ ਤਾਂ ਉਨ੍ਹਾਂ ਉੱਤੇ ਪੈਣ ਵਾਲੀ ਰੋਸ਼ਨੀ ਵੀ ਉਸਦਾ ਧਿਆਨ ਖਿੱਚਦੀ ਸੀ। ਉਸਦਾ ਦਿਲ-ਦਿਮਾਗ਼ ਕਹਿੰਦਾ ਸੀ ਕਿ ਰੋਸ਼ਨੀ ਨੂੰ ਵੀ ਵਿੰਗਾ-ਟੇਢਾ ਕੀਤਾ ਜਾ ਸਕਦਾ ਹੈ, ਉਹ ਸਰੀਏ ਵਾਂਗ ਲਿਫ ਸਕਦੀ ਹੈ। ਉਹ 1952 ਵਿਚ ਇੰਪੀਰੀਅਲ ਕਾਲਜ ਲੰਡਨ ਵਿਚ ਪੀਐੱਚ ਡੀ ਦੀ ਖੋਜ ਵਾਸਤੇ ਗਿਆ। ਉੱਥੇ ਹੈਰੋਲਡ ਹੌਪਕਿਨਜ਼ ਨਾਂ ਦੇ ਇਕ ਹੋਰ ਵੱਡੇ ਵਿਗਿਆਨੀ ਦੀ ਦੇਖ-ਰੇਖ ਵਿਚ ਉਸਨੇ ਪਹਿਲੀ ਵਾਰ 1953 ਵਿਚ ਫਾਈਬਰ ਤਾਰਾਂ ਦੇ ਗੁੱਛੇ ਵਿਚੋਂ ਰੋਸ਼ਨੀ ਲੰਘਾ ਕੇ ਵਧੀਆ ਨਤੀਜੇ ਹਾਸਲ ਕੀਤੇ। ਜਦੋਂ ਉਹ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੀ ‘ਇਲੀਨੌਇ ਇੰਸਟੀਚਿਊਟ ਆਫ ਟੈਕਨਾਲੋਜੀ’ ਦੀ ਇਕ ਸੰਸਥਾ ਵਿਚ ਕੰਮ ਕਰਦਾ ਸੀ ਤਾਂ ਵਿਗਿਆਨ ਦੇ ਵਿਸ਼ਿਆਂ ਉਤੇ ਲਿਖਣ ਵਾਲੇ ਇਕ ਪੱਤਰਕਾਰ ਨੇ ਕਮਾਲ ਦੀ ਪੇਸ਼ੀਨਗੋਈ ਕੀਤੀ ਸੀ। ਉਸਨੇ ‘ਡੇਅਲੀ ਸ਼ਿਕਾਗੋ ਨਿਊਜ਼’ ਦੇ ਨਵੰਬਰ 21, 1960 ਦੇ ਅੰਕ ਵਿਚ ਕਪਾਨੀ ਦੇ ਹਵਾਲੇ ਨਾਲ ਲਿਖਿਆ ਸੀ, ‘‘ਕਿਸੇ ਦਿਨ ਡਾਕਟਰ ਆਪਣੇ ਮਰੀਜ਼ਾਂ ਦੇ ਦਿਲ ਅੰਦਰ ਇਕ ਸੁਪਰਫਲੈਸ਼ ਨਾਲ ਝਾਤੀ ਮਾਰ ਸਕਣਗੇ।’’ ਅਖ਼ਬਾਰ ਨੇ ਲਿਖਿਆ ਕਿ ਹੁਣ ਰੋਸ਼ਨੀ ਸਿਰਫ਼ ਸਿੱਧੀ ਲਕੀਰ ਵਿਚ ਨਹੀਂ ਚੱਲੇਗੀ, ਉਸਨੂੰ ਫਾਈਬਰ ਆਪਟਿਕਸ ਨਾਲ ਵਲ-ਵਲੇਵਿਆਂ ਵਿਚ ਵੀ ਭੇਜਿਆ ਜਾ ਸਕਦਾ ਹੈ। ਅੱਜ ਇਹ ਸੱਚ ਸਾਡੇ ਸਾਹਮਣੇ ਉਜਾਗਰ ਹੈ। ਇਸ ਵਿਧੀ ਨੇ ਮੈਡੀਕਲ ਸਾਇੰਸ ਵਿਚ ਇਨਕਲਾਬੀ ਤਬਦੀਲੀਆਂ ਲਿਆਂਦੀਆਂ। ਐਂਡੋਸਕੋਪੀ ਦਾ ਅਰਥ ਹੁੰਦਾ ਹੈ ਅੰਦਰ ਦੀ ਤਸਵੀਰ। ਅੱਜਕੱਲ੍ਹ ਸਾਡੇ ਸਰੀਰ ਦੇ ਅੰਦਰੂਨੀ ਅੰਗਾਂ ਨੂੰ ਇਸੇ ਤਕਨੀਕ ਨਾਲ ਦੇਖ ਕੇ ਕਈ ਵਾਰ ਅਪਰੇਸ਼ਨ ਵੀ ਕੀਤੇ ਜਾਂਦੇ ਹਨ। ਲੇਜ਼ਰ ਸਰਜਰੀ ਦੇ ਪਿੱਛੇ ਵੀ ਨਰਿੰਦਰ ਕਪਾਨੀ ਦੀ ਮਿਹਨਤ ਹੈ। ਗੈਸਟਰੋਸਕੋਪੀ ਵਿਚ ਵੀ ਕਪਾਨੀ ਦੀ ਕਾਢ ਨੇ ਭੂਮਿਕਾ ਅਦਾ ਕੀਤੀ। ਇਹ ਐਮ ਆਰ ਆਈ, ਸੀਟੀ ਸਕੈਨ ਅਤੇ ਪੈੱਟ ਸਕੈਨ ਵਿਚ ਵੀ ਕੰਮ ਆਉਂਦੀ ਹੈ। ਪਿਛਲੇ ਵੀਹ ਸਾਲਾਂ ਵਿਚ ਇਸ ਦਿਸ਼ਾ ਵਿਚ ਬਹੁਤ ਜ਼ਿਆਦਾ ਤਰੱਕੀ ਹੋ ਚੁੱਕੀ ਹੈ ਅਤੇ ਕਈ ਰੋਗਾਂ ਦੀ ਪਛਾਣ ਅਤੇ ਉਨ੍ਹਾਂ ਦਾ ਇਲਾਜ ਬਹੁਤ ਸਰਲ ਹੋ ਗਿਆ ਹੈ ਜਿਵੇਂ ਇਨ੍ਹਾਂ ਫਾਈਬਰਾਂ ਨੂੰ ਬਾਇਓਮੈਡੀਕਲ ਸੈਂਸਰਾਂ ਦੇ ਰੂਪ ਵਿਚ ਵੀ ਵਰਤਿਆ ਜਾਂਦਾ ਹੈ। ਆਪਟੀਕਲ ਸੈਂਸਰ ਆਪਣੀ ਰੋਸ਼ਨੀ ਨਾਲ ਇਲਾਜ ਵੀ ਕਰ ਸਕਦੇ ਹਨ ਜਿਵੇਂ ਫੋਟੋਡਾਇਨੈਮਿਕ ਥੈਰੇਪੀ ਨਾਲ ਸਰੀਰ ਦੇ ਕਿਸੇ ਵੀ ਹਿੱਸੇ ਵਿਚ ਅਜਿਹੀ ਦਵਾਈ ਨੂੰ ਉਤੇਜਿਤ ਕੀਤਾ ਜਾਂਦਾ ਹੈ ਜਿਹੜੀ ਕੈਂਸਰ ਦੇ ਸੈੱਲਾਂ ਨੂੰ ਮਾਰ ਸਕਦੀ ਹੈ।

ਏਸ਼ੀਅਨ ਆਰਟ ਮਿਊਜ਼ੀਅਮ ’ਚ ਪ੍ਰਦਰਸ਼ਿਤ ਕਪਾਨੀ ਵੱਲੋਂ ਇਕੱਤਰ ਕੀਤੇ ਚਿੱਤਰ
ਤਿੰਨੋਂ ਫੋਟੋਆਂ: ਕਪਾਨੀ ਕਲੈਕਸ਼ਨ - ਸਿੱਖ ਫਾਊਂਡੇਸ਼ਨ ਦੇ ਸਹਿਯੋਗ ਨਾਲ।

ਕਿਸੇ ਵੀ ਕਾਢ ਪਿੱਛੇ ਅਨੇਕਾਂ ਸਾਇੰਸਦਾਨਾਂ ਦੀ ਦੇਣ ਹੁੰਦੀ ਹੈ ਪਰ ਨੋਬੇਲ ਉਸਨੂੰ ਮਿਲਦਾ ਹੈ ਜਿਸਨੇ ਉਸ ਖੇਤਰ ਵਿਚ ਬਹੁਤ ਫ਼ੈਸਲਾਕੁਨ ਕੰਮ ਕੀਤਾ ਹੋਵੇ। ਬਹੁਤ ਸਾਰੇ ਸਾਇੰਸਦਾਨ ਕਪਾਨੀ ਦੇ ਕੰਮ ਨੂੰ ਇਹ ਦਰਜਾ ਦਿੰਦੇ ਹਨ। ਅਸੀਂ ਜਾਣਦੇ ਹਾਂ ਕਿ ਹਰ ਨਾਇਕ ਨੂੰ ਨੋਬੇਲ ਨਹੀਂ ਮਿਲ ਸਕਦਾ। ਹੈਰੋਲਡ ਹੌਪਕਿਨਜ਼ ਉਸਦਾ ਅਧਿਆਪਕ ਸੀ ਅਤੇ ਉਸਦਾ ਦੋ ਵਾਰ ਨੋਬੇਲ ਲਈ ਨਾਮਾਂਕਣ ਹੋਇਆ ਪਰ ਪੁਰਸਕਾਰ ਨਹੀਂ ਮਿਲ ਸਕਿਆ। ਇਸੇ ਤਰ੍ਹਾਂ 1966 ਵਿਚ ਫਾਈਬਰ ਆਪਟਿਕਸ ਦਾ ਨੋਬੇਲ ਪੁਰਸਕਾਰ ਹਾਂਗਕਾਂਗ ਦੇ ਚਾਰਲਸ ਕੇ ਕਾਉ ਨੂੰ ਮਿਲਿਆ ਸੀ। ਪਰ ਜਿਹੜਾ ਕੰਮ ਕਾਉ ਨੇ 1966 ਵਿਚ ਕੀਤਾ ਉਸਨੂੰ ਕਪਾਨੀ 1953 ਵਿਚ ਲੰਡਨ ਵਿਚ ਕਰ ਚੁੱਕਾ ਸੀ। ਉਸਦਾ ਇਕ ਸਬੂਤ ਇਹ ਹੈ ਕਿ ਉਹ ਆਪਣੀ ਖੋਜ ਸੰਬੰਧੀ ਦੋ ਲੇਖ ਇੰਟਰਨੈਸ਼ਨਲ ਜਰਨਲਾਂ ਵਿਚ ਵੀ ਪ੍ਰਕਾਸ਼ਿਤ ਕਰ ਚੁੱਕਾ ਸੀ। ‘ਨੇਚਰ’ ਨਾਂ ਦੇ ਮੈਗਜ਼ੀਨ ਦੇ ਜਨਵਰੀ 2, 1954 ਦੇ ਅੰਕ ਵਿਚ ‘ਏ ਫਲੈਕਸੀਬਲ ਫਾਈਬਰਸਕੋਪ, ਯੂਜ਼ਿੰਗ ਸਟੈਟਿਕ ਸਕੈਨਿੰਗ’ ਛਪਿਆ। ਇਹ ਖੋਜ-ਪੱਤਰ ਪ੍ਰੋਫੈਸਰ ਹੌਪਕਿਨਜ਼ ਨਾਲ ਮਿਲ ਕੇ ਲਿਖਿਆ ਗਿਆ ਸੀ। 1960 ਵਿਚ ਉਸਦਾ ਇਕ ਹੋਰ ਖੋਜ-ਪੱਤਰ ‘ਸਾਇੰਟੀਫਿਕ ਅਮੈਰੀਕਨ’ ਵਿਚ ਛਪਿਆ ਜਿਸ ਵਿਚ ਉਸਨੇ ‘ਫਾਈਬਰ ਆਪਟਿਕਸ’ ਨਾਮ ਦੀ ਵੀ ਪਹਿਲੀ ਵਾਰ ਵਰਤੋਂ ਕੀਤੀ। ਜਦੋਂ ਕਾਉ ਨੂੰ ਪੁਰਸਕਾਰ ਮਿਲਿਆ ਤਾਂ ਕਪਾਨੀ ਨੇ ਸਾਂ ਫ਼ਰਾਂਸਿਸਕੋ ਵਿਚ ‘ਮੇਲ ਟੂਡੇ’ ਦੇ ਪੱਤਰਕਾਰ ਨੂੰ ਸਿਰਫ਼ ਇੰਨਾ ਕਿਹਾ ਸੀ, ‘‘ਇਸ ਬਾਰੇ ਕੀ ਕਿਹਾ ਜਾ ਸਕਦਾ ਹੈ। ਸਾਰੀ ਦੁਨੀਆ ਜਾਣਦੀ ਹੈ ਕਿ ਪ੍ਰੋਫੈਸਰ ਕਾਉ ਦੇ ਕੰਮ ਤੋਂ ਬਹੁਤ ਸਮਾਂ ਪਹਿਲਾਂ ਮੈਂ ਫਾਈਬਰ ਆਪਟਿਕਸ ਦੀ ਕਾਢ ਕੱਢ ਚੁੱਕਾ ਸੀ। ਪਰ ਇਸ ਬਾਰੇ ਕੋਈ ਵਾਦ-ਵਿਵਾਦ ਨਹੀਂ ਪੈਦਾ ਕਰਨਾ ਚਾਹੀਦਾ, ਇਹ ਤਾਂ ਸਵੀਡਨ ਦੀ ਅਕਾਦਮੀ ਦੀ ਆਪਣੀ ਮਰਜ਼ੀ ਅਤੇ ਪ੍ਰਕਿਰਿਆ ’ਤੇ ਨਿਰਭਰ ਕਰਦਾ ਹੈ।’’ ਕਪਾਨੀ ਬਾਰੇ ਲਿਖੀ ਪੁਸਤਕ ‘ਸੈਂਡ ਟੂ ਸਿਲੀਕੋਨ’ ਦਾ ਲੇਖਕ ਸ਼ਿਵਾਨੰਦ ਕਾਨਵੀ, ਜੋ ਭੌਤਿਕ ਵਿਗਿਆਨੀ ਵੀ ਸੀ, ਲਿਖਦਾ ਹੈ: ‘‘ਕੁਝ ਹੋਰ ਸਾਇੰਸਦਾਨਾਂ ਨੇ ਵੀ ਸਾਬਤ ਕੀਤਾ ਕਿ ਰੋਸ਼ਨੀ ਨੂੰ ਦੂਜੀ ਥਾਂ ਲਿਜਾਣ ਦਾ ਕੰਮ ਕੱਚ ਦੇ ਸਿਲੰਡਰ ਜਾਂ ਫ;ਈਬਰ ਕਰ ਸਕਦੇ ਹਨ ਪਰ ਕਪਾਨੀ ਇਸ ਨਾਲ ਸੰਬੰਧਿਤ ਸਮੱਸਿਆਵਾਂ ਦਾ ਹੱਲ ਕਰਨ ਵਿਚ ਸਭ ਨਾਲੋਂ ਵੱਧ ਕਾਮਯਾਬ ਸੀ ਅਤੇ ਉਸ ਨੇ ਇਸ ਦਾ ਸਫ਼ਲਤਾ ਸਹਿਤ ਪ੍ਰਦਰਸ਼ਨ ਵੀ ਕੀਤਾ।’’ ਕੁਝ ਲੋਕਾਂ ਦਾ ਖ਼ਿਆਲ ਹੈ ਕਿ ਇਹ ਪੁਰਸਕਾਰ ਕਾਉ ਅਤੇ ਕਪਾਨੀ ਨੂੰ ਸਾਂਝੇ ਤੌਰ ’ਤੇ ਮਿਲਣਾ ਚਾਹੀਦਾ ਸੀ। ਜਦੋਂ ‘ਫਾਰਚੂਨ’ ਉਸ ਨੂੰ ‘ਅਨਸੰਗ ਹੀਰੋ’ ਕਹਿੰਦਾ ਹੈ ਜਾਂ 1999 ਵਿਚ ‘ਟਾਈਮਜ਼’ ਮੈਗਜ਼ੀਨ ਉਸਨੂੰ ਵੀਹਵੀਂ ਸਦੀ ਦੇ 10 ਸਰਵੋਤਮ ਵਿਗਿਆਨੀਆਂ ਵਿਚ ਸ਼ਾਮਿਲ ਕਰਦਾ ਹੈ ਤਾਂ ਕਪਾਨੀ ਦੀ ਦੇਣ ਦੇ ਅਸਲ ਦੀਦਾਰ ਹੁੰਦੇ ਹਨ। ਇਉਂ ਹੀ ਜਦੋਂ ਉਸਦੀ 2020 ਵਿਚ ਮੌਤ ਹੋਈ ਤਾਂ ‘ਨਿਊਯਾਰਕ ਟਾਈਮਜ਼’ ਨੇ ਵੀ ਲਿਖਿਆ ਸੀ ਕਿ ਫਾਈਬਰ ਆਪਟਿਕਸ ਦਾ ਪਿਤਾਮਾ ਤੁਰ ਗਿਆ ਹੈ। ਇਹ ਆਪਣੇ-ਆਪ ਵਿਚ ਬਹੁਤ ਵੱਡਾ ਪੁਰਸਕਾਰ ਸੀ। ਉਂਜ ਕਪਾਨੀ ਨੂੰ ਵੱਡੇ ਪੱਧਰ ਦੇ ਕਈ ਹੋਰ ਪੁਰਸਕਾਰ ਮਿਲੇ ਜਿਨ੍ਹਾਂ ਵਿਚ ਭਾਰਤ ਸਰਕਾਰ ਵੱਲੋਂ 2012 ਵਿਚ ਦਿੱਤਾ ਗਿਆ ਪਦਮ ਵਿਭੂਸ਼ਨ ਵੀ ਸ਼ਾਮਿਲ ਹੈ।
ਕਪਾਨੀ ਦਾ ਜਨਮ 31 ਅਕਤੂਬਰ 1926 ਨੂੰ ਕੁੰਦਨ ਕੌਰ ਕਪਾਨੀ ਅਤੇ ਸੁੰਦਰ ਸਿੰਘ ਕਪਾਨੀ ਦੇ ਘਰ ਮੋਗਾ ਵਿਚ ਹੋਇਆ ਸੀ। ਉਸਦੇ ਪਿਤਾ ਨੇ ਪਹਿਲੀ ਵਿਸ਼ਵ ਜੰਗ ਵਿਚ ਹਿੱਸਾ ਲਿਆ ਸੀ। ਆਗਰਾ ਯੂਨੀਵਰਸਿਟੀ ਵਿਚ ਮੁਢਲੀ ਵਿਦਿਆ ਹਾਸਲ ਕਰਨ ਤੋਂ ਬਾਅਦ ਉਹ 1952 ਵਿਚ ਪੀਐੱਚ ਡੀ ਕਰਨ ਲਈ ਇੰਗਲੈਂਡ ਦੇ ਇੰਪੀਰੀਅਲ ਕਾਲਜ ਚਲਾ ਗਿਆ ਜਿੱਥੇ ਉਸਨੂੰ ਆਪਟਿਕਸ ਦੇ ਇਕ ਵੱਡੇ ਸਾਇੰਸਦਾਨ ਹੈਰਲਡ ਹੌਪਕਿਨਜ਼ ਦੀ ਅਗਵਾਈ ਪ੍ਰਾਪਤ ਹੋਈ । 1955 ਵਿਚ ਪੀਐੱਚ ਡੀ ਕਰਨ ਪਿੱਛੋਂ ਉਹ ਅਮਰੀਕਾ ਚਲਾ ਗਿਆ ਜਿੱਥੇ ਉਸ ਨੇ ਆਪਟਿਕਸ ਟੈਕਨਾਲੋਜੀ ਇੰਕ ਨਾਂ ਦੀ ਕੰਪਨੀ ਖੋਲ੍ਹੀ ਜਿਸ ਵਿਚ ਸਿਲੀਕੋਨ ਵੈਲੀ ਦੀਆਂ ਵੱਡੀਆਂ ਕੰਪਨੀਆਂ ਨੇ ਆਪਣਾ ਪੈਸਾ ਲਾਇਆ। ਸਾਲ ਦੇ ਅੰਦਰ ਅੰਦਰ ਉਸ ਨੇ ਕੰਪਨੀ ਨੂੰ ਪਬਲਿਕ ਦੀ ਹਿੱਸੇਦਾਰੀ ਵਾਸਤੇ ਖੋਲ੍ਹ ਦਿੱਤਾ ਅਤੇ ਆਪਟਿਕਸ ਨਾਲ ਸਬੰਧਿਤ ਸਾਮਾਨ ਨੂੰ ਸਨਅਤੀ ਅਤੇ ਮਿਲਟਰੀ ਵਰਤੋਂ ਵਾਸਤੇ ਬਣਾਉਣਾ ਸ਼ੁਰੂ ਕਰ ਦਿੱਤਾ। 1977 ਵਿਚ ਉਸਨੇ ਇਕ ਹੋਰ ਕੰਪਨੀ ਬਣਾਈ ਜਿਸਨੇ ਦੁਨੀਆ ਦੀਆਂ ਵੱਡੀਆਂ ਟੈਲੀਫੋਨ ਅਤੇ ਇੰਟਰਨੈੱਟ ਕੰਪਨੀਆਂ ਵਾਸਤੇ ਸਾਮਾਨ ਬਣਾਉਣਾ ਸ਼ੁਰੂ ਕੀਤਾ। ਹੌਲੀ-ਹੌਲੀ ਉਸ ਨੇ ਆਪਣੀ ਖੋਜ ਦੇ ਘੇਰੇ ਨੂੰ ਵਧਾਇਆ ਅਤੇ ਫਾਈਬਰ ਆਪਟਿਕਸ ਤੋਂ ਪਾਰ ਜਾ ਕੇ ਬਾਇਓ-ਮੈਡੀਕਲ ਇੰਸਟਰੂਮੈਂਟੇਸ਼ਨ, ਸੋਲਰ ਐਨਰਜੀ, ਅਤੇ ਪ੍ਰਦੂਸ਼ਨ ਉੱਤੇ ਨਜ਼ਰ ਰੱਖਣ ਵਰਗੇ ਵੱਖ ਵੱਖ ਖੇਤਰਾਂ ਵਿਚ 120 ਪੇਟੈਂਟ ਹਾਸਲ ਕੀਤੇ। ਇਸ ਦਾ ਭਾਵ ਹੈ ਕਿ ਏਨੀਆਂ ਨਵੀਆਂ ਕਾਢਾਂ ਉਸ ਦੇ ਨਾਂ ’ਤੇ ਰਜਿਸਟਰ ਹੋ ਗਈਆਂ। ਕਿਸੇ ਵੀ ਕੰਪਨੀ ਵਾਸਤੇ ਉਨ੍ਹਾਂ ਕਾਢਾਂ ਦੀ ਵਰਤੋਂ ਲਈ ਕਪਾਨੀ ਦੀ ਆਗਿਆ ਲੈਣੀ ਅਤੇ ਉਸਦੀ ਰਾਇਲਟੀ ਦੇਣੀ ਜ਼ਰੂਰੀ ਸੀ। ਉਸ ਪਾਸ ਖੁੱਲ੍ਹਾ ਪੈਸਾ ਆਉਣਾ ਲਾਜ਼ਮੀ ਸੀ। ਸਾਰੇ ਜੀਵਨ ਵਿਚ ਉਸ ਦੀ ਪਤਨੀ ਸਤਿੰਦਰ ਕਪਾਨੀ ਨੇ ਉਹਦਾ ਪੂਰੀ ਤਰ੍ਹਾਂ ਸਾਥ ਦਿੱਤਾ। ਭਾਵੇਂ ਉਹ ਨੋਬੇਲ ਤੋਂ ਪਿੱਛੇ ਰਹਿ ਗਿਆ ਪਰ ਉਸ ਨੇ ਸਨਅਤੀ ਖੇਤਰ ਦੇ ਨਾਲ-ਨਾਲ ਅਕਾਦਮਿਕ ਸੰਸਾਰ ਵਿਚ ਵੀ ਆਪਣੀ ਪੈਂਠ ਬਣਾਈ। ਉਹ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਅੱਡ-ਅੱਡ ਚਾਰ ਕੇਂਦਰਾਂ ਨਾਲ ਅਧਿਆਪਨ ਅਤੇ ਖੋਜ ਵਾਸਤੇ ਜੁੜਿਆ ਰਿਹਾ। ਉਹ ਵੱਖ-ਵੱਖ ਵਿਭਾਗਾਂ ਨੂੰ ਖੁੱਲ੍ਹੀ ਆਰਥਿਕ ਸਹਾਇਤਾ ਦੇਣ ਦੇ ਮਾਮਲੇ ਵਿਚ ਵੀ ਸਦਾ ਕਰਮਸ਼ੀਲ ਰਿਹਾ। 1998 ਵਿਚ ਉਸਨੇ ਯੂਨੀਵਰਸਟੀ ਆਫ ਕੈਲੀਫੋਰਨੀਆ ਦੇ ਸੈਂਟਾ ਬਾਰਬਰਾ ਕੈਂਪਸ ਵਿਚ ਸਿੱਖ ਸਟੱਡੀਜ਼ ਦੀ ਚੇਅਰ ਸਥਾਪਿਤ ਕੀਤੀ। ਉਸਨੇ ਸੈਂਟਾ ਕਰੂਜ਼ ਕੈਂਪਸ ਵਿਚ ਦੋ ਹੋਰ ਚੇਅਰਾਂ ਦੀ ਸਥਾਪਨਾ ਵੀ ਕੀਤੀ।
ਕਪਾਨੀ ਨੇ ਕਾਫ਼ੀ ਪੈਸਾ ਖ਼ਰਚ ਕੇ ਸਿੱਖ ਇਤਿਹਾਸ ਨਾਲ ਸੰਬੰਧਿਤ ਬਹੁਤ ਸਾਰੀਆਂ ਪੇਂਟਿੰਗਾਂ ਵੀ ਇਕੱਤਰ ਕੀਤੀਆਂ ਜਿਸ ਵਿਚ ਵੱਡਾ ਹਿੱਸਾ ਅਰਪਨਾ ਕੌਰ ਦੀਆਂ ਪੇਂਟਿੰਗਾਂ ਦਾ ਹੈ। ਜਦੋਂ 1984 ਵਿਚ ਪੰਜਾਬ ਬਹੁਤ ਮੰਦਭਾਗੇ ਦੌਰ ਵਿਚੋਂ ਨਿਕਲ ਰਿਹਾ ਸੀ ਅਤੇ ਦੁਨੀਆ ਸਿੱਖਾਂ ਨੂੰ ਸਿਰਫ਼ ਅਤਿਵਾਦੀ ਮੰਨਣ ਲਗ ਪਈ ਸੀ, ਕਪਾਨੀ ਵੱਲੋਂ 1967 ਵਿਚ ਸਥਾਪਿਤ ਸੰਸਥਾ ਸਿੱਖ ਫਾਊਂਡੇਸ਼ਨ ਨੇ ਦੁਨੀਆ ਦੇ ਕੁਝ ਬਿਹਤਰੀਨ ਮਿਊਜ਼ੀਅਮਾਂ ਵਿਚ ਉਸ ਵੱਲੋਂ ਇਕੱਤਰ ਕੀਤੀਆਂ ਪੇਂਟਿੰਗਾਂ ਦੀ ਪ੍ਰਦਰਸ਼ਨੀ ਲਾਈ ਗਈ। ਇਹ ਗ਼ੈਰ-ਰਾਜਸੀ ਤਰੀਕੇ ਨਾਲ ਸਿੱਖਾਂ ਦੀ ਅਸਲ ਤਸਵੀਰ ਲੋਕਾਂ ਸਾਹਮਣੇ ਲਿਆਉਣ ਦਾ ਸਫ਼ਲ ਉਪਰਾਲਾ ਸੀ। ਇਨ੍ਹਾਂ ਵਿਚ ਵਿਕਟੋਰੀਆ ਅਤੇ ਐਲਬਰਟ ਮਿਊਜ਼ੀਅਮ ਲੰਡਨ, ਰੂਬਿਨ ਮਿਊਜ਼ੀਅਮ ਆਫ ਆਰਟ ਨਿਊ ਯਾਰਕ, ਏਸ਼ੀਅਨ ਆਰਟ ਮਿਊਜ਼ੀਅਮ ਸਾਂ ਫ਼ਰਾਂਸਿਸਕੋ, ਰਾਇਲ ਉਂਟਾਰੀਓ ਮਿਊਜ਼ੀਅਮ ਟਰਾਂਟੋ, ਸਮਿਥਸੋਨੀਅਨ ਇੰਸਟੀਚਿਊਸ਼ਨ ਵਾਸ਼ਿੰਗਟਨ, ਇੰਸਟੀਚਿਊਟ ਆਫ ਟੈਕਸਨ ਕਲਚਰ ਸਾਂ ਐਂਟੋਨੀਓ, ਮਿਊਜ਼ੀਅਮ ਆਫ ਨੈਚੁਰਲ ਹਿਸਟਰੀ ਸੈਂਟਾ ਬਾਰਬਰਾ, ਫਰੈਜ਼ਨੋ ਆਰਟ ਮਿਊਜ਼ੀਅਮ ਆਦਿ ਸ਼ਾਮਿਲ ਹਨ। ਕਪਾਨੀ ਦੁਆਰਾ ਇਕੱਠੀਆਂ ਕੀਤੀਆਂ ਕਲਾ-ਕਿਰਤਾਂ ਨੂੰ ਏਸ਼ੀਅਨ ਆਰਟ ਮਿਊਜ਼ੀਅਮ ਅੰਦਰ ਉਸਦੀ ਪਤਨੀ ਸਤਿੰਦਰ ਕੌਰ ਕਪਾਨੀ ਦੀ ਯਾਦ ਵਿਚ ਬਣਾਈ ਗਈ ਗੈਲਰੀ ਵਿਚ ਪੱਕੇ ਤੌਰ ’ਤੇ ਪ੍ਰਦਰਸ਼ਿਤ ਕੀਤਾ ਹੋਇਆ ਹੈ। ਗੈਲਰੀ ਦੀਆਂ ਤਸਵੀਰਾਂ ਉਸਦੇ ਮਿਆਰ ਦੀਆਂ ਸੂਚਕ ਹਨ। ਇਸ ਕਾਰਜ ਲਈ ਉਸਨੇ ਮਿਊਜ਼ੀਅਮ ਨੂੰ ਪੰਜ ਲੱਖ ਡਾਲਰ ਦਿੱਤੇ। ਉਸ ਵੱਲੋਂ ਸਥਾਪਿਤ ਸਿੱਖ ਫਾਊਂਡੇਸ਼ਨ ਦੀ ਪੰਜਾਹਵੀਂ ਵਰ੍ਹੇਗੰਢ ਮੌਕੇ ਪੌਲ ਮਾਈਕਲ ਟੇਲਰ ਅਤੇ ਸੋਨੀਆ ਧਾਮੀ ਵੱਲੋਂ ਸੰਪਾਦਿਤ ਵੱਡ-ਅਕਾਰੀ ਅਤੇ ਉੱਚ-ਮਿਆਰੀ ਕੌਫ਼ੀ ਟੇਬਲ ਪੁਸਤਕ ‘ਸਿੱਖ ਆਰਟ’ ਬਹੁਤ ਮੁੱਲਵਾਨ ਪ੍ਰਕਾਸ਼ਨਾ ਹੈ। ਉਸਦੀ ਸਵੈਜੀਵਨੀ ‘ਦਿ ਮੈਨ ਹੂ ਬੈਂਟ ਲਾਈਟ’ ਵੀ ਪੜ੍ਹਨਯੋਗ ਰਚਨਾ ਹੈ।
ਭਾਵੇਂ 4 ਦਸੰਬਰ 2020 ਨੂੰ ਨਰਿੰਦਰ ਸਿੰਘ ਕਪਾਨੀ ਨੇ 94 ਸਾਲ ਦੀ ਉਮਰ ਵਿਚ ਅੰਤਿਮ ਸਾਹ ਲਏ ਪਰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਉਸਨੂੰ ਆਪਣੀਆਂ ਰਚਨਾਵਾਂ, ਕਥਾਵਾਂ, ਸਭਾਵਾਂ ਅਤੇ ਗੱਲਾਂ-ਬਾਤਾਂ ਵਿਚ ਜ਼ਿੰਦਾ ਰੱਖੀਏ। ਉਹ ਅਮੁੱਲਾ ਪੰਜਾਬੀ ਹੈ ਜਿਸਦੀ ਬਣਾਈ ਆਪਟਿਕਸ ਫਾਈਬਰ ਸਾਡੇੇ ਹਰ ਘਰ ਵਿਚ ਆਪਣਾ ਜਲਵਾ ਦਿਖਾ ਰਹੀ ਹੈ। ਸਾਨੂੰ ਉਸਦੀ ਜ਼ਹਾਨਤ, ਮਿਹਨਤ, ਲਗਨ ਅਤੇ ਦੇਣ ਉੱਤੇ ਮਾਣ ਹੋਣਾ ਚਾਹੀਦਾ ਹੈ ਅਤੇ ਸਾਨੂੰ ਉਸਦਾ ਜਸ਼ਨ ਮਨਾਉਣਾ ਚਾਹੀਦਾ ਹੈ।

Advertisement
Author Image

Advertisement