ਨਵਜੰਮੀਆਂ ਧੀਆਂ ਨੂੰ ਮਾਰ ਕੇ ਦੱਬਣ ਵਾਲਾ ਪਿਓ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਜੁਲਾਈ
ਪੁਲੀਸ ਦੀ ਅਪਰਾਧ ਸ਼ਾਖਾ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਕਥਿਤ ਤੌਰ ’ਤੇ ਆਪਣੀਆਂ ਨਵਜੰਮੀਆਂ ਜੌੜੀਆਂ ਧੀਆਂ ਨੂੰ ਮਾਰ ਕੇ ਦੱਬ ਦਿੱਤਾ। ਉਹ ਲੜਕੀਆਂ ਦੇ ਜਨਮ ਤੋਂ ‘ਨਾਖੁਸ਼’ ਸੀ। ਦਿੱਲੀ ਦੇ ਪੂਤ ਕਲਾਂ ਦੇ ਰਹਿਣ ਵਾਲੇ ਨੀਰਜ ਸੋਲੰਕੀ ਨੂੰ ਹਰਿਆਣਾ ਦੇ ਰੋਹਤਕ ਦੇ ਸਾਂਪਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਹ ਆਪਣਾ ਟਿਕਾਣਾ ਬਦਲ ਕੇ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ। ਅਮਿਤ ਗੋਇਲ, ਡੀਸੀਪੀ (ਕ੍ਰਾਈਮ) ਨੇ ਦੱਸਿਆ ਕਿ ਤਿੰਨ ਜੂਨ ਨੂੰ ਪੀਸੀਆਰ ਨੂੰ ਕਾਲ ਮਿਲੀ ਸੀ ਕਿ ਇੱਕ ਵਿਅਕਤੀ ਨੇ ਆਪਣੀਆਂ ਤਿੰਨ ਦਿਨ ਦੀਆਂ ਜੌੜੀਆਂ ਬੱਚੀਆਂ ਦਾ ਕਤਲ ਕਰਕੇ ਉਨ੍ਹਾਂ ਨੂੰ ਕਬਰਿਸਤਾਨ ਵਿੱਚ ਦਫ਼ਨਾ ਦਿੱਤਾ ਹੈ। ਪੁਲੀਸ ਨੇ ਛੇ ਜੂਨ ਨੂੰ ਪੋਸਟਮਾਰਟਮ ਕਰਵਾਉਣ ਮਗਰੋਂ ਲਾਸ਼ਾਂ ਬੱਚੀਆਂ ਦੇ ਮਾਮੇ ਨੂੰ ਸੌਂਪ ਦਿੱਤੀਆਂ। ਫਿਰ ਬੱਚੀਆਂ ਦੀ ਮਾਂ ਵੱਲੋਂ ਸ਼ਿਕਾਇਤ ਦਰਜ ਕੀਤੀ ਗਈ। ਭਾਵੇਂ ਮੁਲਜ਼ਮ ਗ੍ਰਿਫ਼ਤਾਰੀ ਤੋਂ ਬਚਣ ਲਈ ਸਿਮ ਕਾਰਡ ਬਦਲਦਾ ਰਿਹਾ ਪਰ ਪੁਲੀਸ ਨੇ ਆਧੁਨਿਕ ਤਕਨੀਕ ਵਰਤਦਿਆਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ।