ਕੈਨੇਡਾ ਵਿੱਚ ਪਿਓ-ਪੁੱਤ ਦੀ ਗੋਲੀਆਂ ਮਾਰ ਕੇ ਹੱਤਿਆ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 11 ਨਵੰਬਰ
ਕੈਨੇਡਾ ਦੇ ਅਲਬਰਟਾ ਸੂਬੇ ਦੀ ਰਾਜਧਾਨੀ ਐਡਮੰਟਨ ਵਿਚ ਸ਼ੁੱਕਰਵਾਰ ਪਿਉ-ਪੁੱਤਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿਤਕਾਂ ਦੀ ਸ਼ਨਾਖ਼ਤ ਹਰਪ੍ਰੀਤ ਸਿੰਘ ਉੱਪਲ (41) ਤੇ ਉਸ ਦੇ 11 ਸਾਲਾ ਪੁੱਤਰ ਵਜੋਂ ਹੋਈ ਹੈ। ਉਨ੍ਹਾਂ ਨੂੰ ਇੱਕ ਗੈਸ ਸਟੇਸ਼ਨ ’ਤੇ ਕਾਰ ਵਿਚ ਬੈਠਿਆਂ ਗੋਲੀਆਂ ਮਾਰੀਆਂ ਗਈਆਂ ਹਨ। ਉਸੇ ਕਾਰ ਵਿਚ ਬੈਠਾ ਬੱਚੇ ਦਾ ਇਕ ਦੋਸਤ ਵਾਲ-ਵਾਲ ਬਚ ਗਿਆ। ਪੁਲੀਸ ਅਨੁਸਾਰ ਹਰਪ੍ਰੀਤ ਸਿੰਘ ਦਾ ਪਿਛਕੋੜ ਅਪਰਾਧਕ ਸੀ ਤੇ ਉਹ ਕਈ ਸੰਗਠਿਤ ਅਪਰਾਧਕ ਕਾਰਵਾਈਆਂ ’ਚ ਸ਼ਾਮਲ ਸੀ। ਉੱਥੋਂ ਦੇ ਪੁਲੀਸ ਸੁਪਰਡੈਂਟ ਕੋਲਨ ਡਰਕਸਨ ਨੇ ਦੱਸਿਆ ਕਿ ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਉੱਪਲ ਦਾ ਪੁੱਤਰ ਗੋਲੀਬਾਰੀ ਦੀ ਲਪੇਟ ’ਚ ਆ ਕੇ ਮਾਰਿਆ ਗਿਆ ਹੈ ਜਾਂ ਦੋਸ਼ੀਆਂ ਨੇ ਉਸ ਨੂੰ ਵੀ ਮਿੱਥ ਕੇ ਮਾਰਿਆ। ਪੁਲੀਸ ਅਧਿਕਾਰੀ ਅਨੁਸਾਰ ਮ੍ਰਿਤਕ ਉੱਪਲ ਨਾਮੀ ਅਪਰਾਧੀ ਸੀ। ਅਪਰਾਧਕ ਗਰੋਹ ਦਾ ਮੁਖੀ ਰਿਹਾ ਉੱਪਲ ਕਈ ਦੋਸ਼ਾਂ ਅਧੀਨ ਪਹਿਲਾਂ ਵੀ ਜੇਲ੍ਹ ਵਿਚ ਰਹਿ ਚੁੱਕਾ ਸੀ। ਪੁਲੀਸ ਅਨੁਸਾਰ ਉੱਪਲ ਜਦ ਗੈਸ ਸਟੇਸ਼ਨ ਤੋਂ ਚੱਲਣ ਲੱਗਾ ਤਾਂ ਘੱਟੋ-ਘੱਟ ਤਿੰਨ ਲੋਕਾਂ ਨੇ ਉਸ ਦੀ ਕਾਰ ਘੇਰ ਲਈ ਤੇ ਦੋ ਨੇ ਕਾਰ ਦੇ ਦੋਵਾਂ ਪਾਸਿਆਂ ਤੋਂ ਉਸ ਉਤੇ ਗੋਲੀਬਾਰੀ ਕੀਤੀ। ਹਰਪ੍ਰੀਤ ਉੱਪਲ ਤਾਂ ਮੌਕੇ ’ਤੇ ਮਾਰਿਆ ਗਿਆ, ਜਦਕਿ ਉਸ ਦਾ ਪੁੱਤਰ ਇਲਾਜ ਦੌਰਾਨ ਦਮ ਤੋੜ ਗਿਆ। ਪੁਲੀਸ ਅਨੁਸਾਰ ਘਟਨਾ ਵੇਲੇ ਗੈਸ ਸਟੇਸ਼ਨ ਤੇ ਮੌਜੂਦ ਚਸ਼ਮਦੀਦਾਂ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਕਿ ਮੁਲਜ਼ਮਾਂ ਬਾਰੇ ਜਲਦੀ ਪਤਾ ਲਾਇਆ ਜਾ ਸਕੇ। ਪੁਲੀਸ ਜਾਂਚ ਕਰ ਰਹੀ ਹੈ ਕਿ ਉੱਪਲ ਦੀ ਹੱਤਿਆ ਲਈ ਕੋਈ ਵਿਰੋਧੀ ਗਰੋਹ ਜ਼ਿੰਮੇਵਾਰ ਹੈ ਜਾਂ ਕੋਈ ਹੋਰ ਕਾਰਨ ਸੀ।