ਮੋਟਰਸਾਈਕਲ ਸਵਾਰ ਪਿਓ-ਪੁੱਤਰ ਛੱਪੜ ਵਿੱਚ ਡਿੱਗੇ
ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 23 ਜੁਲਾਈ
ਪਿੰਡ ਕਲਸੀਆਂ ਦੇ ਸਾਬਕਾ ਸਰਪੰਚ ਪਾਲ ਸਿੰਘ ਦੇ ਪੁੱਤਰ ਕੁਲਵਿੰਦਰ ਸਿੰਘ ਕਿੰਦਾ (45) ਅਤੇ ਪੋਤਰੇ ਸਹਿਜਪ੍ਰੀਤ ਸਿੰਘ (22 ਸਾਲ) ਦੇ ਅਚਾਨਕ ਛੱਪੜ ਵਿੱਚ ਡਿੱਗ ਜਾਣ ਕਾਰਨ ਵਾਪਰੇ ਹਾਦਸੇ ਵਿੱਚ ਕੁਲਵਿੰਦਰ ਸਿੰਘ ਕਿੰਦਾ ਦੀ ਮੌਤ ਹੋ ਗਈ ਹੈ। ਥਾਣਾ ਸਦਰ ਦੇ ਮੁਖੀ ਸਬ-ਇੰਸਪੈਕਟਰ ਨਰਿੰਦਰ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਪਰਿਵਾਰ ਵੱਲੋਂ ਪੁਲੀਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਪਿਤਾ-ਪੁੱਤਰ ਮੋਟਰਸਾਈਕਲ ਉਪਰ ਆ ਰਹੇ ਸਨ ਕਿ ਅਚਾਨਕ ਮੋਟਰਸਾਈਕਲ ਤਿਲਕ ਕੇ ਛੱਪੜ ਵਿੱਚ ਜਾ ਡਿੱਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਪਿਓ-ਪੁੱਤਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਸਹਿਜਪ੍ਰੀਤ ਸਿੰਘ ਨੂੰ ਬਚਾਅ ਲਿਆ ਗਿਆ, ਪਰ ਕੁਲਵਿੰਦਰ ਸਿੰਘ ਕਿੰਦਾ ਦੀ ਡੁੱਬਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਹਿਜਪ੍ਰੀਤ ਸਿੰਘ ਨੂੰ ਇਲਾਜ ਲਈ ਰਾਏਕੋਟ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਦਕਿ ਮ੍ਰਿਤਕ ਕੁਲਵਿੰਦਰ ਸਿੰਘ ਦੀ ਲਾਸ਼ ਹਸਪਤਾਲ ਵਿੱਚ ਰੱਖੀ ਗਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਉਪਰ ਜ਼ਾਬਤਾ ਫ਼ੌਜਦਾਰੀ ਅਧੀਨ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ ਅਤੇ ਭਲਕੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।
ਸੜਕ ਹਾਦਸੇ ਵਿੱਚ ਨਾਬਾਲਗ ਲੜਕੇ ਦੀ ਮੌਤ; ਇੱਕ ਜ਼ਖ਼ਮੀ
ਲੁਧਿਆਣਾ (ਗੁਰਿੰਦਰ ਸਿੰਘ): ਇੱਥੇ ਕੋਹਾੜਾ-ਮਾਛੀਵਾੜਾ ਰੋਡ ਸਥਿਤ ਪਿੰਡ ਪੰਜੇਟਾ ਕੋਲ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਵੱਜਣ ਕਾਰਨ ਇੱਕ ਅੱਠ ਸਾਲਾਂ ਦੇ ਬੱਚੇ ਦੀ ਮੌਤ ਹੋ ਗਈ। ਇਸ ਸਬੰਧੀ ਮੁਹੰਮਦ ਫਿਰੋਜ਼ ਵਾਸੀ ਝੁੰਗੀਆਂ ਪਿੰਡ ਪੰਜੇਟਾ ਨੇ ਦੱਸਿਆ ਕਿ ਉਸਦਾ ਲੜਕਾ ਮੁਹੰਮਦ ਈਸਾ (8) ਪਿੰਡ ਪੰਜੇਟਾ ਤੋਂ ਘਰ ਆ ਰਿਹਾ ਸੀ ਕਿ ਮਾਛੀਵਾੜਾ ਰੋਡ ਸਥਿਤ ਪਿੰਡ ਪੰਜੇਟਾ ਝੁੱਗੀਆਂ ਪਾਸ ਇੱਕ ਵਾਹਨ ਚਾਲਕ ਨੇ ਤੇਜ਼ ਰਫ਼ਤਾਰ ਅਤੇ ਅਣਗਹਿਲੀ ਨਾਲ ਉਸ ਦੇ ਪੁੱਤਰ ਨੂੰ ਫੇਟ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੌਰਾਨ ਵਾਹਨ ਚਾਲਕ ਵਾਹਨ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਥਾਣਾ ਸਲੇਮ ਟਾਬਰੀ ਦੇ ਇਲਾਕੇ ਜਲੰਧਰ ਬਾਈਪਾਸ ਰੋਡ ਨੇੜੇ ਨੌਰਦਰਨ ਹੁੰਡਾਈ ਕਾਰ ਏਜੰਸੀ ਸਲਿੱਪ ਰੋਡ ’ਤੇ ਕਾਰ-ਟਰਾਲੀ ਟੱਕਰ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਇਸ ਸਬੰਧੀ ਬੈਕਸਾਈਡ ਸਾਧੂ ਆਸ਼ਰਮ ਨਿਊ ਅਮਨ ਨਗਰ ਵਾਸੀ ਵਰਿੰਦਰ ਕੁਮਾਰ ਪੁਰੀ ਨੇ ਦੱਸਿਆ ਕਿ ਉਸਦਾ ਢਾਬਾ ਨੇੜੇ ਨਾਰਦਰਨ ਹੁੰਡਾਈ ਕਾਰ ਏਜੰਸੀ, ਜਲੰਧਰ ਰੋਡ ’ਤੇ ਹੈ। ਉਹ ਸਵੇਰੇ ਆਪਣੇ ਢਾਬੇ ਦੇ ਸਾਹਮਣੇ ਸੜਕ ’ਤੇ ਖੜ੍ਹਾ ਸੀ ਕਿ ਲੁਧਿਆਣਾ ਵਾਲੀ ਸਾਇਡ ਤੋਂ ਇੱਕ ਕਾਰ ਜਿਸਨੂੰ ਪੰਕਜ ਸ਼ਰਮਾ ਵਾਸੀ ਪਿੰਡ ਰਾਜਾਸਾਂਸੀ ਅੰਮ੍ਰਿਤਸਰ ਚਲਾ ਰਿਹਾ ਸੀ, ਨੇ ਆਪਣੀ ਕਾਰ ਤੇਜ਼ ਰਫ਼ਤਾਰੀ ਅਤੇ ਅਣਗਹਿਲੀ ਨਾਲ ਚਲਾ ਕੇ ਸਾਹਮਣੇ ਜਾ ਰਹੀ ਟਰੈਕਟਰ-ਟਰਾਲੀ ਵਿੱਚ ਮਾਰੀ ਜਿਸ ਕਾਰਨ ਟਰੈਕਟਰ-ਟਰਾਲੀ ਦੇ ਡਰਾਈਵਰ ਨੂੰ ਕਾਫ਼ੀ ਸੱਟਾਂ ਲੱਗੀਆਂ। ਇਲਾਜ ਲਈ ਉਸਨੂੰ ਹਸਪਤਾਲ ਲਿਜਾਇਆ ਗਿਆ। ਹੌਲਦਾਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਕੇ ਕਾਰ ਕਬਜ਼ੇ ਵਿੱਚ ਲੈ ਲਈ ਗਈ ਹੈ।