ਚੱਕੀ ਦਰਿਆ ’ਚ ਪਿਉ-ਪੁੱਤਰ ਰੁੜ੍ਹੇ, ਪਿਤਾ ਦੀ ਲਾਸ਼ ਮਿਲੀ
ਐੱਨਪੀ ਧਵਨ
ਪਠਾਨਕੋਟ, 3 ਅਕਤੂਬਰ
ਇੱਥੋਂ ਦੀ ਬਸੰਤ ਕਾਲੋਨੀ ਵਾਸੀ ਪਿਉ-ਪੁੱਤਰ ਬੁੱਧਵਾਰ ਸ਼ਾਮ ਚੱਕੀ ਦਰਿਆ ਵਿੱਚ ਪੂਜਾ ਸਮੱਗਰੀ ਪ੍ਰਵਾਹ ਕਰਨ ਸਮੇਂ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਏ। ਪਿਤਾ ਵਿਨੇ ਕੁਮਾਰ ਮਹਾਜਨ ਦੀ ਲਾਸ਼ ਮਿਲ ਗਈ ਹੈ, ਜਦਕਿ ਪੁੱਤਰ ਓਜਸ (13) ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੀਆਂ ਐੱਨਡੀਆਰਐੱਫ ਟੀਮਾਂ ਇਸ ਕਾਰਜ ’ਚ ਜੁਟੀਆਂ ਹੋਈਆਂ ਹਨ। ਡਮਟਾਲ ਥਾਣੇ ਦੀ ਪੁਲੀਸ ਨੇ ਮਾਮਲਾ ਦਰਜ ਕਰਕੇ ਕਰਵਾਈ ਆਰੰਭ ਦਿੱਤੀ ਹੈ। ਮੁਹੱਲਾ ਵਾਸੀਆਂ ਅਜੇ ਕੁਮਾਰ ਅਤੇ ਨਰੇਸ਼ ਕੁਮਾਰ ਨੇ ਦੱਸਿਆ ਕਿ ਬੀਤੀ ਸ਼ਾਮ ਵਿਨੇ ਮਹਾਜਨ ਆਪਣੇ ਲੜਕੇ ਓਜਸ ਨਾਲ ਪੂਜਾ ਸਮੱਗਰੀ ਚੱਕੀ ਦਰਿਆ ਵਿੱਚ ਪ੍ਰਵਾਹ ਕਰਨ ਗਿਆ ਸੀ। ਸਮਝਿਆ ਜਾ ਰਿਹਾ ਹੈ ਕਿ ਸਮੱਗਰੀ ਪ੍ਰਵਾਹ ਕਰਨ ਸਮੇਂ ਪੁੱਤਰ ਦਾ ਪੈਰ ਫਿਸਲ ਗਿਆ ਅਤੇ ਉਹ ਪਾਣੀ ਵਿੱਚ ਡੁੱਬ ਗਿਆ।
ਉਸ ਨੂੰ ਡੁੱਬਦਾ ਦੇਖ ਕੇ ਪਿਤਾ ਨੇ ਵੀ ਬੱਚੇ ਨੂੰ ਬਚਾਉਣ ਲਈ ਪਾਣੀ ’ਚ ਛਾਲ ਮਾਰ ਦਿੱਤੀ ਅਤੇ ਦੋਵੇਂ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਏ। ਜਦੋਂ ਦੋਵੇਂ ਦੇਰ ਸ਼ਾਮ ਤੱਕ ਵਾਪਸ ਨਹੀਂ ਮੁੜੇ ਤਾਂ ਪਰਿਵਾਰਕ ਮੈਂਬਰ ਹੋਰ ਲੋਕਾਂ ਨੂੰ ਨਾਲ ਲੈ ਕੇ ਚੱਕੀ ਪੁਲ ਪਹੁੰਚੇ ਅਤੇ ਉਥੇ ਦੋਹਾਂ ਦੀ ਭਾਲ ਕੀਤੀ। ਪਰ ਰਾਤ ਨੂੰ ਕਿਧਰੇ ਵੀ ਉਨ੍ਹਾਂ ਦਾ ਕੁਝ ਪਤਾ ਨਾ ਲੱਗਾ।
ਅੱਜ ਤੜਕੇ ਐੱਨਡੀਆਰਐੱਫ ਟੀਮਾਂ ਦੀ ਮੱਦਦ ਨਾਲ ਮੁੜ ਬਚਾਅ ਕਾਰਜ ਸ਼ੁਰੂ ਕੀਤੇ ਗਏ। ਡੀਐੱਸਪੀ ਇੰਦੌਰਾ ਸੰਜੀਵ ਕੁਮਾਰ ਨੇ ਦੱਸਿਆ ਕਿ ਅੱਜ ਗੋਤਾਖੋਰਾਂ ਦੀ ਮੱਦਦ ਨਾਲ ਦਰਿਆ ਵਿਚੋਂ ਵਿਨੇ ਕੁਮਾਰ ਮਹਾਜਨ ਦੀ ਲਾਸ਼ ਬਰਾਮਦ ਕਰ ਲਈ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਨੂਰਪੁਰ ਸਿਵਲ ਹਸਪਤਾਲ ਭੇਜਿਆ ਗਿਆ ਹੈ।