ਹਾਲ ਗੇਟ ਇਲਾਕੇ ’ਚ ਪਿਉ-ਪੁੱਤ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ; ਇਕ ਦੀ ਮੌਤ, ਦੂਜਾ ਜ਼ਖ਼ਮੀ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 26 ਮਈ
ਇਥੇ ਸਥਾਨਕ ਹਾਲ ਗੇਟ ਇਲਾਕੇ ਵਿੱਚ ਫਟੇ ਪੁਰਾਣੇ ਨੋਟ ਬਦਲਣ ਦਾ ਕੰਮ ਕਰਨ ਵਾਲੇ ਪਿਓ-ਪੁੱਤ ਨੂੰ ਅੱਜ ਦੁਪਹਿਰ ਵੇਲੇ ਦੋ ਵਿਅਕਤੀਆਂ ਨੇ ਤੇਜ਼ਧਾਰ ਹਥਿਆਰ ਨਾਲ ਜ਼ਖਮੀ ਕਰਕੇ ਲੱਖਾਂ ਰੁਪਿਆਂ ਦੀ ਨਕਦੀ ਲੁੱਟ ਲਈ ਹੈ। ਜ਼ਖ਼ਮੀਆਂ ਦੀ ਸ਼ਨਾਖਤ ਕੁਲਦੀਪ ਬਾਂਸਲ ਅਤੇ ਦਿਨੇਸ਼ ਬਾਂਸਲ ਵਜੋਂ ਹੋਈ ਹੈ। ਮਗਰੋਂ ਕੁਲਦੀਪ ਬਾਂਸਲ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਇਹ ਦੋਵੇਂ ਪਿਓ ਪੁੱਤਰ ਹਾਲਗੇਟ ਅੰਦਰ ਪਿਛਲੇ ਲੰਮੇ ਸਮੇਂ ਤੋਂ ਇਹ ਕਾਰੋਬਾਰ ਕਰ ਰਹੇ ਹਨ।
ਪੁਲੀਸ ਦੇ ਏਡੀਸੀਪੀ ਨੇ ਦੱਸਿਆ ਕਿ ਦੁਪਹਿਰ ਵੇਲੇ ਇਨ੍ਹਾਂ ਦਾ ਇੱਕ ਪੁਰਾਣਾ ਗਾਹਕ ਆਇਆ ਸੀ ਅਤੇ ਉਸ ਨੇ ਕੁਝ ਨੋਟ ਲੈਣੇ ਸਨ, ਜਦੋਂ ਉਹ ਅੰਦਰ ਨੋਟ ਗਿਣ ਰਹੇ ਸਨ ਤਾਂ ਉਸ ਦੀ ਨੀਅਤ ਬਦਲ ਗਈ ਅਤੇ ਉਸ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ। ਇਸ ਨਾਲ ਕੁਲਦੀਪ ਬਾਂਸਲ ਅਤੇ ਦਿਨੇਸ਼ ਦੋਵੇਂ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਪੁਲੀਸ ਟੀਮ ਨੇ ਸੂਚਨਾ ਮਿਲਦਿਆਂ ਹੀ ਤੁਰੰਤ ਕਾਰਵਾਈ ਕਰਦਿਆਂ ਹਮਲਾਵਰ ਦੀ ਸ਼ਨਾਖਤ ਕੀਤੀ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਕਿੰਨੀ ਰਕਮ ਦੀ ਲੁੱਟ ਹੋਈ ਹੈ, ਇਸ ਬਾਰੇ ਫਿਲਹਾਲ ਪੁਲੀਸ ਵੱਲੋਂ ਪਤਾ ਲਾਇਆ ਜਾ ਰਿਹਾ ਹੈ।
ਮੌਕੇ ’ਤੇ ਹਾਜ਼ਰ ਕੁਝ ਵਿਅਕਤੀਆਂ ਨੇ ਦੱਸਿਆ ਕਿ ਹਮਲਾਵਰ ਨਵੇਂ ਨੋਟ ਲੈਣ ਵਾਸਤੇ ਆਏ ਸਨ ਅਤੇ ਨੋਟਾਂ ਦੀ ਗਿਣਤੀ ਕਰਦੇ ਸਮੇਂ ਉਨ੍ਹਾਂ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ। ਇਸ ਵਿੱਚ ਕੁਲਦੀਪ ਬਾਂਸਲ ਦੀ ਮੌਤ ਹੋ ਗਈ ਅਤੇ ਦਿਨੇਸ਼ ਬਾਂਸਲ ਜ਼ਖਮੀ ਹੋ ਗਿਆ। ਹਮਲਾਵਰ ਰਕਮ ਲੈ ਕੇ ਮੌਕੇ ਤੋਂ ਫਰਾਰ ਹੋ ਗਏ।
24 ਘੰਟਿਆਂ ਦੌਰਾਨ ਸ਼ਹਿਰ ਵਿੱਚ ਕਤਲ ਦੀ ਇਹ ਦੂਜੀ ਘਟਨਾ ਹੈ। ਲੰਘੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਨੂੰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸੀ।