ਨੌਜਵਾਨ ਦਾ ਕਤਲ ਕਰਨ ਵਾਲੇ ਪਿਉ-ਪੁੱਤਰ ਗ੍ਰਿਫ਼ਤਾਰ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 25 ਅਪਰੈਲ
ਇੱਥੇ ਪੁਰਾਣੀ ਦਾਣਾ ਮੰਡੀ ’ਚ ਜੂਏ ਦੇ ਪੈਸਿਆਂ ਦੇ ਲੈਣ ਦੇਣ ਕਾਰਨ ਹੋਏ ਝਗੜੇ ’ਚ ਚਾਕੂ ਦੇ ਵਾਰ ਨਾਲ ਮਾਰੇ ਗਏ ਨੌਜਵਾਨ ਸਮਸ਼ੇਰ ਸਿੰਘ ਉਰਫ ਜੱਟ ਦੇ ਕਤਲ ਕੇਸ ’ਚ ਲੋੜੀਂਦੇ ਪਿਉ-ਪੁੱਤਰ ਨੂੰ ਪੁਲੀਸ ਥਾਣਾ ਸ਼ਹਿਰੀ ਦੀ ਟੀਮ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧ ’ਚ ਸੀਨੀਅਰ ਪੁਲੀਸ ਕਪਤਾਨ ਨਵਨੀਤ ਸਿੰਘ ਬੈਂਸ ਨੇ ਐੱਸਪੀ ਮਨਿੰਦਰਬੀਰ ਸਿੰਘ, ਡੀਐੱਸਪੀ ਜਸਯਜੋਤ ਸਿੰਘ, ਪਰਮਿੰਦਰ ਸਿੰਘ ਡੀਐੱਸਪੀ (ਡੀ) ਆਦਿ ਅਫ਼ਸਰਾਂ ਦੀ ਹਾਜ਼ਰੀ ’ਚ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਬ ਇੰਸਪੈਕਟਰ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਬਣੀ ਟੀਮ, ਜੋ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਦੀ ਨਜ਼ਰਸਾਨੀ ਹੇਠ ਕੰਮ ਕਰ ਰਹੀ ਸੀ, ਨੇ ਪੁਰਾਣੀ ਦਾਣਾ ਮੰਡੀ ’ਚ ਸਮਸ਼ੇਰ ਸਿੰਘ ਉਰਫ ਜੱਟ ਦੇ ਹੋਏ ਕਤਲ ’ਚ ਸ਼ਾਮਲ ਬਲਰਾਮ ਮਿਸ਼ਰਾ ਅਤੇ ਉਸ ਦੇ ਪੁੱਤਰ ਦੋਵੇਂ ਵਾਸੀ ਬਲਰਾਮਪੁਰ (ਗੌਂਡਾ) ਯੂਪੀ ਹਾਲ ਵਾਸੀ ਜਗਰਾਉਂ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਬਲਰਾਮ ਮਿਸ਼ਰਾ ਨੂੰ ਅਦਾਲਤ ’ਚ ਪੇਸ਼ ਕਰਕੇ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਕਤਲ ’ਚ ਸ਼ਾਮਲ ਬਲਰਾਮ ਮਿਸ਼ਰਾ ਦੇ ਪੁੱਤਰ ਨੂੰ ਨਬਾਲਗ ਹੋਣ ਕਾਰਨ ਬੋਸਟਰ ਜੇਲ੍ਹ ਲੁਧਿਆਣਾ ਬੰਦ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ 22 ਅਪਰੈਲ ਨੂੰ ਸਵੇਰੇ ਕਰੀਬ 8 ਵਜੇ ਪੁਰਾਣੀ ਦਾਣਾ ਮੰਡੀ ’ਚ ਬਲਰਾਮ ਮਿਸ਼ਰਾ ਨੇ ਮਾਰਨ ਦੀ ਨੀਅਤ ਨਾਲ ਚਾਕੂ ਦਾ ਡੂੰਘਾ ਵਾਰ ਸਮਸ਼ੇਰ ਸਿੰਘ ਦੀ ਵੱਖੀ ’ਤੇ ਕਰ ਦਿੱਤਾ ਸੀ। ਇਸ ਦੌਰਾਨ ਵੱਖੀ ’ਚੋਂ ਜ਼ਿਆਦਾ ਖੂਨ ਵਗਣ ਨਾਲ ਸਮਸ਼ੇਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਰਿਮਾਂਡ ਉਪਰੰਤ ਪੁਲੀਸ ਵੱਲੋਂ ਕਤਲ ਕੇਸ ਨਾਲ ਸਬੰਧਤ ਹੋਰ ਜਾਣਕਾਰੀ ਹਾਸਲ ਕੀਤੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਮੁੱਢਲੀ ਪੁੱਛ-ਪੜਤਾਲ ਦੌਰਾਨ ਕਤਲ ’ਚ ਵਰਤਿਆ ਚਾਕੂ ਬਰਾਮਦ ਕਰ ਲਿਆ ਹੈ।