ਸੜਕ ਹਾਦਸੇ ਵਿੱਚ ਪਿਓ-ਧੀ ਦੀ ਮੌਤ
ਮੁਕੰਦ ਸਿੰਘ ਚੀਮਾ
ਸੰਦੌੜ, 27 ਸਤੰਬਰ
ਇੱਥੋਂ ਨੇੜਲੇ ਪਿੰਡ ਮਾਣਕਵਾਲ ਵਿੱਚ ਅੱਜ ਦੁਪਹਿਰ ਰੇਤੇ ਨਾਲ ਭਰੇ ਟਿੱਪਰ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਪਿਓ ਤੇ ਧੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਮੋਟਰਸਾਈਕਲ ਸਵਾਰ ਔਰਤ ਗੰਭੀਰ ਜ਼ਖਮੀ ਹੋ ਗਈ ਜਿਸ ਨੂੰ ਸਿਵਲ ਹਸਪਤਾਲ ਮਾਲੇਰਕੋਟਲਾ ਦਾਖਲ ਕਰਵਾਇਆ ਗਿਆ। ਪਿੰਡ ਜਾਤੀਵਾਲ ਵਾਸੀ ਸ਼ੌਕਤ ਅਲੀ (35) ਪੁੱਤਰ ਰਸ਼ੀਦ ਖਾਂ ਆਪਣੀ ਅੱਠਵੀਂ ਵਿੱਚ ਪੜ੍ਹਦੀ ਇਕਲੌਤੀ ਬੇਟੀ ਸਾਨੀਆ (15) ਨੂੰ ਕੰਗਣਵਾਲ ਦੇ ਸਰਕਾਰੀ ਸਕੂਲ ’ਚੋਂ ਪੇਪਰ ਦਿਵਾ ਕੇ ਆਪਣੀ ਭਰਜਾਈ ਮੀਨਾ (35) ਨਾਲ ਆਪਣੇ ਘਰ ਆ ਰਹੇ ਸਨ ਤਾਂ ਅਚਾਨਕ ਮਾਣਕਵਾਲ ਚੌਕ ਨੇੜੇ ਮਿੱਟੀ ਨਾਲ ਭਰੇ ਟਿੱਪਰ ਨੇ ਉਨ੍ਹਾਂ ਨੂੰ ਫੇਟ ਮਾਰ ਦਿੱਤੀ। ਇਸ ਦੌਰਾਨ ਸ਼ੌਕਤ ਅਲੀ ਅਤੇ ਉਸ ਦੀ ਬੇਟੀ ਸਾਨੀਆ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਮੀਨਾ ਗੰਭੀਰ ਜ਼ਖਮੀ ਹੋ ਗਈ। ਘਟਨਾ ਦੌਰਾਨ ਮੌਕੇ ’ਤੇ ਹਾਜ਼ਰ ਲੋਕਾਂ ਨੇ ਡਰਾਈਵਰ ਨੂੰ ਕਾਬੂ ਕਰ ਲਿਆ। ਘਟਨਾ ਦਾ ਪਤਾ ਚੱਲਦਿਆਂ ਹੀ ਥਾਣਾ ਸੰਦੌੜ ਦੇ ਮੁਖੀ ਯਾਦਵਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਤਫਤੀਸ਼ ਆਰੰਭ ਦਿੱਤੀ।
ਜੀਪ ਦਰੱਖ਼ਤ ਨਾਲ ਟਕਰਾਉਣ ਕਾਰਨ 12 ਮਜ਼ਦੂਰ ਜ਼ਖ਼ਮੀ
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਇਥੋਂ ਨੇੜਲੇ ਪਿੰਡ ਗੜ੍ਹੀ ਤਰਖਾਣਾ ’ਚ ਅੱਜ ਮਜ਼ਦੂਰਾਂ ਨੂੰ ਲਿਜਾ ਰਹੀ ਪਿੱਕਅਪ ਜੀਪ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ 12 ਵਿਅਕਤੀ ਜ਼ਖ਼ਮੀ ਹੋ ਗਏ। ਇਨ੍ਹਾਂ ’ਚ ਬੱਚੇ ਤੇ ਔਰਤਾਂ ਵੀ ਸ਼ਾਮਲ ਹਨ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਸਮਰਾਲਾ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਪਿੰਡ ਗੜ੍ਹੀ ਤਰਖਾਣਾ ਤੋਂ ਮਜ਼ਦੂਰ ਪਿੱਕਅਪ ਜੀਪ ਵਿੱਚ ਸਵਾਰ ਹੋ ਕੇ ਖੇਤਾਂ ਵਿੱਚ ਕੰਮ ਕਰਨ ਲਈ ਜਾ ਰਹੇ ਸਨ ਤਾਂ ਰਸਤੇ ਵਿਚ ਜੀਪ ਕੰਟਰੋਲ ਤੋਂ ਬਾਹਰ ਹੋ ਕੇ ਸੜਕ ਕਿਨਾਰੇ ਖੜ੍ਹੇ ਦਰੱਖਤ ਨਾਲ ਜਾ ਟਕਰਾਈ। ਇਸ ਜੀਪ ਵਿਚ 15 ਵਿਅਕਤੀ ਸ਼ਾਮਲ ਸਨ, ਜਿਨ੍ਹਾਂ ’ਚੋਂ 12 ਜ਼ਖ਼ਮੀ ਹੋ ਗਏ। ਹਾਦਸੇ ਵਾਲੇ ਥਾਂ ਨੇੜਿਓਂ ਲੰਘਦੇ ਰਾਹਗੀਰਾਂ ਨੇ ਐਂਬੂਲੈਂਸ ਰਾਹੀਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਸਮਰਾਲਾ ਪਹੁੰਚਾਇਆ।