ਐੱਫਏਟੀਐੱਫ ਵੱਲੋਂ ਭਾਰਤ ਦੀ ਮਨੀ ਲਾਂਡਰਿੰਗ ਅਤੇ ਅਤਿਵਾਦ ਫੰਡਿੰਗ ਵਿਰੋਧੀ ਵਿਵਸਥਾ ਦੀ ਸ਼ਲਾਘਾ
* ਮੁਕੱਦਮੇਬਾਜ਼ੀ ਨੂੰ ਮਜ਼ਬੂਤ ਕਰਨ ਲਈ ‘ਵੱਡੇ ਸੁਧਾਰਾਂ’ ਦੀ ਲੋੜ ’ਤੇ ਦਿੱਤਾ ਜ਼ੋਰ
* ਦੇਸ਼ ਨੂੰ ‘ਨਿਯਮਤ ਪਾਲਣਾ’ ਸ਼੍ਰੇਣੀ ਵਿੱਚ ਰੱਖਿਆ
ਨਵੀਂ ਦਿੱਲੀ, 19 ਸਤੰਬਰ
ਆਲਮੀ ਮਨੀ ਲਾਂਡਰਿੰਗ ਤੇ ਅਤਿਵਾਦ ਫੰਡਿੰਗ ਵਿਰੋਧੀ ਸੰਸਥਾ ਐੱਫਏਟੀਐੱਫ ਨੇ ਅੱਜ ਭਾਰਤ ’ਤੇ ਆਪਣੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਆਪਸੀ ਮੁਲਾਂਕਣ ਰਿਪੋਰਟ ਜਾਰੀ ਕੀਤੀ। ਐੱਫਏਟੀਐੱਫ ਨੇ ਕਿਹਾ ਕਿ ਦੇਸ਼ ਦੀਆਂ ਪ੍ਰਣਾਲੀਆਂ ‘ਪ੍ਰਭਾਵੀ’ ਹਨ ਪਰ ਇਨ੍ਹਾਂ ਮਾਮਲਿਆਂ ਵਿੱਚ ਮੁਕੱਦਮੇਬਾਜ਼ੀ ਨੂੰ ਮਜ਼ਬੂਤ ਕਰਨ ਲਈ ‘ਵੱਡੇ ਸੁਧਾਰਾਂ’ ਦੀ ਲੋੜ ਹੈ। ਇਸ ਨੇ ਦੇਸ਼ ਨੂੰ ‘ਨਿਯਮਤ ਪਾਲਣਾ’ ਸ਼੍ਰੇਣੀ ਵਿੱਚ ਰੱਖਿਆ ਹੈ, ਇਹ ਉਹ ਸਥਾਨ ਹੈ ਜੋ ਸਿਰਫ਼ ਚਾਰ ਹੋਰ ਜੀ20 ਦੇਸ਼ਾਂ ਨੂੰ ਮਿਲਿਆ ਹੈ।
ਪੈਰਿਸ ਹੈੱਡਕੁਆਰਟਰ ਵਾਲੀ ਇਸ ਸੰਸਥਾ ਵੱਲੋਂ 360 ਪੰਨਿਆਂ ਦੀ ਇਹ ਰਿਪੋਰਟ ਜੂਨ ਵਿੱਚ ਹੋਈ ਪੂਰਨ ਮੀਟਿੰਗ ਵਿੱਚ ਮੁਲਾਂਕਣ ਨੂੰ ਅਪਾਉਣ ਤੋਂ ਬਾਅਦ ਜਾਰੀ ਕੀਤੀ ਗਈ ਹੈ। ਭਾਰਤ ਦੀ ਮਨੀ ਲਾਂਡਰਿੰਗ ਤੇ ਅਤਿਵਾਦ ਫੰਡਿੰਗ ਤੋਂ ਨਜਿੱਠਣ ਦੀ ਵਿਵਸਥਾ ਦੀ ਪਿਛਲੀ ਸਮੀਖਿਆ 2010 ਵਿੱਚ ਪ੍ਰਕਾਸ਼ਿਤ ਹੋਈ ਸੀ। ਇਹ ਰਿਪੋਰਟ ਪਿਛਲੇ ਸਾਲ ਨਵੰਬਰ ਵਿੱਚ ਐੱਫਏਟੀਐੱਫ ਮਾਹਿਰਾਂ ਦੇ ਭਾਰਤ ਦੌਰੇ ਤੋਂ ਬਾਅਦ ਆਈ ਹੈ। ਭਾਰਤ ਦਾ ਅਗਲਾ ਮੁਲਾਂਕਣ 2031 ਵਿੱਚ ਹੋਵੇਗਾ। -ਪੀਟੀਆਈ
‘ਅਤਿਵਾਦ ਫੰਡਿੰਗ ਮਾਮਲਿਆਂ ਵਿੱਚ ਸੁਣਵਾਈ ਪ੍ਰਕਿਰਿਆ ਦਰੁਸਤ ਕਰਨ ਲਈ ਉਠਾਏ ਜਾ ਰਹੇ ਨੇ ਕਦਮ’
ਨਵੀਂ ਦਿੱਲੀ:
ਵਿੱਤੇ ਮੰਤਰਾਲੇ ਦੇ ਵਧੀਕ ਸਕੱਤਰ (ਮਾਲੀਆ) ਵਿਵੇਕ ਅਗਰਵਾਲ ਨੇ ਕਿਹਾ ਕਿ ਆਲਮੀ ਪੱਧਰ ’ਤੇ ਨਜ਼ਰ ਰੱਖਣ ਵਾਲੀ ਸੰਸਥਾ ਐੱਫਏਟੀਐੱਫ ਨੇ ਵੱਖ-ਵੱਖ ਮਾਪਦੰਡਾਂ ’ਤੇ ਭਾਰਤ ਨੂੰ ਉੱਚ ਰੇਟਿੰਗ ਦਿੱਤੀ ਹੈ। ਉਨ੍ਹਾਂ ਕਿਹਾ ਕਿ ਐੱਫਏਟੀਐੱਫ ਦੀਆਂ ਸ਼ਿਫਾਰਸ਼ਾਂ ਵਿੱਚ ਅਤਿਵਾਦ ਫੰਡਿੰਗ ਅਤੇ ਮਨੀ ਲਾਂਡਰਿੰਗ ਮਾਮਲਿਆਂ ’ਚ ਤੇਜ਼ੀ ਨਾਲ ਸੁਣਵਾਈ ਅਹਿਮ ਹੈ। ਉਨ੍ਹਾਂ ਕਿਹਾ ਕਿ ਅਤਿਵਾਦ ਫੰਡਿੰਗ ਮਾਮਲਿਆਂ ’ਚ ਸੁਣਵਾਈ ਪ੍ਰਕਿਰਿਆ ਦਰੁਸਤ ਕਰਨ ਲਈ ਕਦਮ ਉਠਾਏ ਜਾ ਰਹੇ ਹਨ। ਬਾਕੀ ਸਿਫਾਰਸ਼ਾਂ ਸਹਾਇਕ ਸਰੂਪ ਦੀਆਂ ਹਨ। -ਪੀਟੀਆਈ