For the best experience, open
https://m.punjabitribuneonline.com
on your mobile browser.
Advertisement

ਫਤਹਿਗੜ੍ਹ ਸਾਹਿਬ: ਪੰਥਕ ਹਲਕੇ ’ਚ ਖ਼ਾਤਾ ਨਹੀਂ ਖੋਲ੍ਹ ਸਕਿਆ ਅਕਾਲੀ ਦਲ

08:04 AM Apr 11, 2024 IST
ਫਤਹਿਗੜ੍ਹ ਸਾਹਿਬ  ਪੰਥਕ ਹਲਕੇ ’ਚ ਖ਼ਾਤਾ ਨਹੀਂ ਖੋਲ੍ਹ ਸਕਿਆ ਅਕਾਲੀ ਦਲ
Advertisement

ਜੋਗਿੰਦਰ ਸਿੰਘ ਓਬਰਾਏ
ਖੰਨਾ, 10 ਅਪਰੈਲ
ਫਤਹਿਗੜ੍ਹ ਸਾਹਿਬ ਹਲਕੇ ਵਿੱਚ ਲੋਕ ਸਭਾ ਦੀ ਚੌਥੀ ਵਾਰ ਚੋਣ ਹੋਣ ਜਾ ਰਹੀ ਹੈ ਕਿਉਂਕਿ 2008 ਵਿਚ ਸੰਸਦੀ ਤੇ ਵਿਧਾਨ ਸਭਾ ਹਲਕਿਆਂ ਦੀ ਨਵੇਂ ਸਿਰਿਉਂ ਹਲਕਾਬੰਦੀ ਕੀਤੇ ਜਾਣ ’ਤੇ ਇਹ ਲੋਕ ਸਭਾ ਹਲਕਾ ਹੋਂਦ ਵਿਚ ਆਇਆ ਸੀ। ਇਸ ਵਿੱਚ ਨੌਂ ਵਿਧਾਨ ਸਭਾ ਹਲਕੇ ਖੰਨਾ, ਸਮਰਾਲਾ, ਪਾਇਲ, ਫਤਹਿਗੜ੍ਹ ਸਾਹਿਬ, ਬੱਸੀ ਪਠਾਣਾਂ, ਅਮਲੋਹ, ਸਾਹਨੇਵਾਲ, ਰਾਏਕੋਟ ਤੇ ਅਮਰਗੜ੍ਹ ਪੈਂਦੇ ਹਨ। ਦਿਲਚਸਪ ਗੱਲ ਇਹ ਕਿ ਇਨ੍ਹਾਂ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ‘ਆਪ’ ਦੇ ਵਿਧਾਇਕ ਹਨ। ਫਤਹਿਗੜ੍ਹ ਸਾਹਿਬ ਦਾ ਇਲਾਕਾ ਪੰਥਕ ਹਲਕਾ ਗਿਣਿਆ ਜਾਂਦਾ ਹੈ ਪਰ ਹਲਕਾਬੰਦੀ ਮਗਰੋਂ ਇਸ ਇਥੋਂ ਪੰਥਕ ਕਹਾਉਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਕਦੇ ਕੋਈ ਚੋਣ ਨਹੀਂ ਜਿੱਤੀ।

Advertisement

ਸੁਖਦੇਵ ਸਿੰਘ ਲਬਿੜਾ, ਹਰਿੰਦਰ ਸਿੰਘ ਖਾਲਸਾ ਤੇ ਡਾ. ਅਮਰ ਸਿੰਘ।

ਫਤਹਿਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਹੁਣ ਤੱਕ ਹੋਈਆਂ ਤਿੰਨ ਚੋਣਾਂ ਦੌਰਾਨ ਸਾਲ 2009 ਵਿੱਚ ਸੁਖਦੇਵ ਸਿੰਘ ਲਬਿੜਾ ਪਹਿਲੀ ਵਾਰ ਸੰਸਦ ਮੈਂਬਰ ਬਣੇ ਸਨ ਜੋ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਦੀ ਟਿਕਟ ਤੋਂ ਚੋਣ ਲੜੇ ਸਨ। ਸਾਲ 2014 ਦੀਆਂ ਚੋਣਾਂ ਵਿੱਚ ‘ਆਪ’ ਦੇ ਹਰਿੰਦਰ ਸਿੰਘ ਖਾਲਸਾ ਚੋਣ ਜਿੱਤੇ ਸਨ ਜਦੋਂਕਿ 2019 ਵਿਚ ਹਲਕੇ ਦੇ ਵੋਟਰਾਂ ਨੇ ਕਾਂਗਰਸ ਦੇ ਡਾ. ਅਮਰ ਸਿੰਘ ਬੋਪਾਰਾਏ ਨੂੰ ਸੰਸਦ ਵਿੱਚ ਭੇਜਿਆ। ਸਾਲ 2008 ਵਿਚ ਹੋਂਦ ਵਿਚ ਆਏ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਵਿਚ ਪਹਿਲੀ ਵਾਰ 2009 ਵਿਚ ਹੋਈਆਂ ਚੋਣਾਂ ਦੌਰਾਨ ਕਾਂਗਰਸ ਦੇ ਸੁਖਦੇਵ ਸਿੰਘ ਲਬਿੜਾ ਜੇਤੂ ਰਹੇ। ਉਨ੍ਹਾਂ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਨੂੰ ਹਰਾਇਆ ਸੀ। ਸਾਲ 2014 ਦੀਆਂ ਲੋਕ ਸਭਾ ਚੋਣਾਂ ਦੇ ਤਿਕੋਣੇ ਮੁਕਾਬਲੇ ਵਿੱਚ ‘ਆਪ’ ਦੇ ਹਰਿੰਦਰ ਸਿੰਘ ਖਾਲਸਾ ਜੇਤੂ ਰਹੇ ਸਨ। ਉਨ੍ਹਾਂ ਨੇ ਕਾਂਗਰਸ ਉਮੀਦਵਾਰ ਸਾਧੂ ਸਿੰਘ ਧਰਮਸੋਤ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੁਲਵੰਤ ਸਿੰਘ ਨੂੰ ਸਖ਼ਤ ਟੱਕਰ ਦਿੱਤੀ ਸੀ। ਪਿਛਲੀਆਂ ਸੰਸਦੀ ਚੋਣਾਂ ਵਿਚ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਨੇ ਅਕਾਲੀ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੂੰ ਹਰਾਇਆ ਸੀ। ਇਸ ਵਾਰ ਫਤਹਿਗੜ੍ਹ ਸਾਹਿਬ ਹਲਕੇ ਦੀ ਚੋਣ ਸਿਆਸੀ ਜਮਾਤਾਂ ਲਈ ਚੁਣੌਤੀ ਤੋਂ ਘੱਟ ਨਹੀਂ ਕਿਉਂਕਿ ‘ਆਪ’ ਨੇ 2014 ਵਾਲਾ ਰੁਤਬਾ ਬਹਾਲ ਕਰਨ ਲਈ ਤਿਆਰ ਖਿੱਚੀ ਹੋਈ ਹੈ। ਇਸ ਹਲਕੇ ਤੋਂ ਪਹਿਲੀ ਵਾਰ ਚੋਣ ਲੜਨ ਵਾਲੀ ਭਾਜਪਾ ਲਈ ਵੀ ਚੁਣੌਤੀ ਹੈ। ਇਸ ਸਮੇਂ ਅਕਾਲੀ ਦਲ ਤੇ ਭਾਜਪਾ ਵੱਖੋ-ਵੱਖ ਚੋਣ ਲੜ ਰਹੀਆਂ ਹਨ। ਹਲਕਾ ਬੱਸੀ ਪਠਾਣਾਂ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਦੇ ‘ਆਪ’ ਵਿੱਚ ਜਾਣ ਕਾਰਨ ਕਾਂਗਰਸ ਨੂੰ ਝਟਕਾ ਲੱਗਿਆ ਹੈ। ਗੁਰਪ੍ਰੀਤ ਜੀਪੀ ‘ਆਪ’ ਦੇ ਮਜ਼ਬੂਤ ਉਮੀਦਵਾਰ ਹਨ। ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਖਾਲਸਾ ਦੀ ਟਿਕਟ ਪੱਕੀ ਮੰਨੀ ਜਾ ਰਹੀ ਹੈ। ਕਾਂਗਰਸ ਦੀ ਟਿਕਟ ਦੇ ਡਾ. ਅਮਰ ਸਿੰਘ, ਸਮਸ਼ੇਰ ਸਿੰਘ ਦੂਲੋਂ ਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਦਾਅਵੇਦਾਰ ਹਨ। ਭਾਜਪਾ ਵੱਲੋਂ ਸਾਬਕਾ ਐੱਸਐੱਮਓ ਡਾ. ਨਰੇਸ਼ ਖਮਾਣੋਂ, ਭਗਵਾਨ ਸਿੰਘ, ਬੱਸੀ ਪਠਾਣਾਂ ਤੋਂ ਦੀਪਕ ਜਯੋਤੀ, ਮੰਡੀ ਗੋਬਿੰਦਗੜ੍ਹ ਦੇ ਧਰਮਪਾਲ, ਸਰਹਿੰਦ ਦੇ ਸਿੱਧੂਪੁਰ ਅਤੇ ਰੋਪੜ ਦੇ ਅਮਨ ਕੌਰ ਰਾਏ ਟਿਕਟ ਦੀ ਦੌੜ ਵਿਚ ਹਨ।

Advertisement
Author Image

joginder kumar

View all posts

Advertisement
Advertisement
×