For the best experience, open
https://m.punjabitribuneonline.com
on your mobile browser.
Advertisement

ਵਡੇਰਿਆਂ ਦੇ ਖੂਹ ਦੀ ਇੱਟ ਲੈ ਕੇ ਭਾਵੁਕ ਹੋਇਆ ਫਾਰੂਕ

10:21 AM Apr 22, 2024 IST
ਵਡੇਰਿਆਂ ਦੇ ਖੂਹ ਦੀ ਇੱਟ ਲੈ ਕੇ ਭਾਵੁਕ ਹੋਇਆ ਫਾਰੂਕ
ਖੁਦਾ ਬਖਸ਼ ਦੇ ਪੜਪੋਤੇ ਫਾਰੂਕ ਅਲੀ ਨੂੰ ਖੂਹ ਦੀ ਇੱਟ ਭੇਟ ਕਰਦੇ ਹੋਏ ਦਵਿੰਦਰ ਦੀਪ ਸਿੰਘ ਬੂਟਾ।
Advertisement

ਗੁਰਨਾਮ ਸਿੰਘ ਚੌਹਾਨ
ਪਾਤੜਾਂ, 21 ਅਪਰੈਲ
ਸਾਲ 1947 ’ਚ ਹੋਈ ਦੇਸ਼ ਦੀ ਵੰਡ ਵੇਲੇ ਦੇ ਵਿਛੜੇ ਪਰਿਵਾਰਾਂ ਲਈ ਕਰਤਾਰਪੁਰ ਲਾਂਘਾ ਵਰਦਾਨ ਸਾਬਤ ਹੋ ਰਿਹਾ ਹੈ। ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਰਿਆਸਤ ਪਟਿਆਲਾ ਦੇ ਮੁਨਸ਼ੀ ਮੌਲਵੀ ਖੁਦਾ ਬਖਸ਼ ਦਾ ਪੜਪੋਤਾ ਫਾਰਕੂ ਅਲੀ ਅਤੇ ਪਹਿਲਵਾਨ ਕੇਸਰ ਸਿੰਘ ਦਾ ਪੋਤਾ ਮਨਸੂਰ ਅਲੀ ਸੰਧੂ ਭਾਰਤ ਵੱਸਦੇ ਆਪਣੇ ਪਿੰਡ ਮੌਲਵੀਵਾਲਾ ਦੇ ਗਰਾਈਆਂ ਨੂੰ ਮਿਲ ਕੇ ਬਾਗ਼ੋਂ ਬਾਗ਼ ਹੋਏ। ਪਾਕਿਸਤਾਨ ਰਹਿੰਦੇ ਆਪਣੇ ਪਰਿਵਾਰਾਂ ਨੂੰ ਮਿਲ ਕੇ ਪਰਤੇ ਪਿੰਡ ਮੌਲਵੀਵਾਲਾ ਦੇ ਸਰਪੰਚ ਦਵਿੰਦਰ ਦੀਪ ਸਿੰਘ ਬੂਟਾ ਨੇ ਦੱਸਿਆ ਹੈ ਕਿ ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਉਨ੍ਹਾਂ ਦੇ ਪਿਤਾ ਦਾ ਚਾਚਾ ਪਹਿਲਵਾਨ ਕੇਸਰ ਸਿੰਘ ਪਾਕਿਸਤਾਨ ਵਿੱਚ ਰਹਿ ਗਿਆ ਸੀ। ਪਿੰਡੋਂ ਕਈ ਵਾਰ ਪਾਕਿਸਤਾਨ ਜਾ ਕੇ ਆਏ ਸਾਬਕਾ ਸਰਪੰਚ ਨਿਰਮਲ ਸਿੰਘ ਦੀ ਬਦੌਲਤ ਉਨ੍ਹਾਂ ਨੂੰ ਪਾਕਿਸਤਾਨ ਰਹਿੰਦੇ ਆਪਣੇ ਪਰਿਵਾਰ ਦਾ ਪਤਾ ਲੱਗਿਆ ਸੀ। ਦੋਵਾਂ ਪਰਿਵਾਰਾਂ ਦੀ ਸੋਸ਼ਲ ਮੀਡੀਆ ਰਾਹੀਂ ਕਰੀਬ ਤਿੰਨ ਸਾਲ ਪਹਿਲਾਂ ਗੱਲਬਾਤ ਹੋਈ।
ਲਹਿੰਦੇ ਪੰਜਾਬ ਦੇ ਪਿੰਡ ਜੰਬਰ ਜ਼ਿਲ੍ਹਾ ਕਸੂਰ ਰਹਿੰਦਾ ਉਨ੍ਹਾਂ ਦਾ ਚਚੇਰੇ ਭਰਾ ਮਨਸੂਰ ਅਲੀ ਸੰਧੂ, ਉਸ ਦੀ ਮਾਂ ਹਮੀਦਾ ਬੀਬੀ, ਪਤਨੀ ਹਮੀਰਾ, ਬੱਚੇ ਸਮੀਰ ਮਨਸੂਰ, ਸਦਫ ਮਨਸੂਰ, ਸਾਬਕਾ ਐੱਮਐੱਲਏ ਹਾਜੀ ਜਹਾਂਗੀਰ ਮਾਜਰਾ, ਚੇਅਰਮੈਨ ਸਬੀਰ, ਮਹਾਓਦੀਨ ਅਤੇ ਮਲਕ ਸ਼ਬੀਰ ਗੁਰਦੁਆਰਾ ਕਰਤਾਰਪੁਰ ਸਾਹਿਬ ਪਹੁੰਚੇ ਸਨ।
ਇੱਥੇ ਉਨ੍ਹਾਂ ਕਰੀਬ ਛੇ ਘੰਟੇ ਤੋਂ ਵੱਧ ਸਮਾਂ ਇਕੱਠਿਆਂ ਬੈਠ ਕੇ ਪਰਿਵਾਰਕ ਯਾਦਾਂ ਤਾਜ਼ੀਆਂ ਕੀਤੀਆਂ।
ਭੁਪਿੰਦਰਜੀਤ ਮੌਲਵੀਵਾਲਾ, ਸਤਨਾਮ ਸਿੰਘ ਨੰਗਲ ਮਾਨਸਾ, ਰਛਪਾਲ ਸਿੰਘ ਢੋਟ ਨੇ ਦੱਸਿਆ ਹੈ ਕਿ ਜਦੋਂ ਮੌਲਵੀ ਖੁਦਾ ਬਖਸ਼ ਦੇ ਪੜਪੋਤੇ ਫਾਰੂਕ, ਉਸ ਦੇ ਭਾਣਜੇ ਰਾਣਾ ਅਲੀ ਅਤੇ ਦੋਸਤ ਰਾਣਾ ਅਖਤਰ ਅਲੀ ਨੂੰ ਉਨ੍ਹਾਂ ਦੇ ਵਡੇਰਿਆਂ ਵੱਲੋਂ ਪਿੰਡ ’ਚ ਬਣਾਏ ਖੂਹ ਦੀ ਇੱਟ ਭੇਟ ਕੀਤੀ, ਫਾਰੂਕ ਨੇ ਇੱਟ ਨੂੰ ਮੱਥੇ ਲਾ ਕੇ ਅੱਖਾਂ ਭਰ ਲਈਆਂ। ਉਨ੍ਹਾਂ ਇੱਟ ਨੂੰ ਆਪਣੇ ਪੜਦਾਦੇ ਦੀ ਕਬਰ ਉੱਤੇ ਲਾਉਣ ਦਾ ਵਾਅਦਾ ਕੀਤਾ ਹੈ।
ਉਨ੍ਹਾਂ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਧੰਨਵਾਦ ਕੀਤਾ ਅਤੇ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਤੋਂ ਮੰਗ ਕੀਤੀ ਕਿ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੀ ਸੰਗਤ ਲਈ ਦਰਸ਼ਨ ਕਰਨ ਦਾ ਸਮਾਂ ਵਧਾਇਆ ਜਾਵੇ ਤਾਂ ਜੋ ਵੰਡ ਵੇਲੇ ਵਿਛੜੇ ਲੋਕ ਆਪਣੇ ਪਰਿਵਾਰਾਂ ਨੂੰ ਮਿਲ ਸਕਣ।

Advertisement

Advertisement
Author Image

sukhwinder singh

View all posts

Advertisement
Advertisement
×