ਲੋਕ ਸਭਾ ਚੋਣਾਂ ਨਹੀਂ ਲੜਨਗੇ ਫਾਰੂਕ ਅਬਦੁੱਲ੍ਹਾ
ਸ੍ਰੀਨਗਰ, 3 ਅਪਰੈਲ
ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਤੇ ਸ੍ਰੀਨਗਰ ਤੋਂ ਮੌਜੂਦਾ ਸੰਸਦ ਮੈਂਬਰ ਫਾਰੂਕ ਅਬਦੁੱਲ੍ਹਾ ਸਿਹਤ ਸਬੰਧੀ ਕਾਰਨਾਂ ਕਰਕੇ ਲੋਕ ਸਭਾ ਚੋਣਾਂ ਨਹੀਂ ਲੜਨਗੇ। ਪਾਰਟੀ ਨੇ ਅੱਜ ਇਹ ਜਾਣਕਾਰੀ ਦਿੱਤੀ। ਫਾਰੂਕ ਦੇ ਚੋਣਾਂ ਨਾਲ ਲੜਨ ਸਬੰਧੀ ਐਲਾਨ ਉਨ੍ਹਾਂ ਦੇ ਪੁੱਤਰ ਅਤੇ ਨੈਸ਼ਨਲ ਕਾਨਫਰੰਸ ਦੇ ਮੀਤ ਪ੍ਰਧਾਨ ਉਮਰ ਅਬਦੁੱਲ੍ਹਾ ਨੇ ਰਾਵਲਪੋਰਾ ’ਚ ਪਾਰਟੀ ਦੇ ਇੱਕ ਸਮਾਗਮ ਦੌਰਾਨ ਕੀਤਾ।
ਉਮਰ ਅਬਦੁੱਲ੍ਹਾ ਨੇ ਕਿਹਾ, ‘ਉਨ੍ਹਾਂ (ਫਾਰੂਕ ਅਬਦੁੱਲ੍ਹਾ) ਆਪਣੀ ਸਿਹਤ ਸਬੰਧੀ ਕਾਰਨਾਂ ਕਰਕੇ ਇਸ ਵਾਰ ਚੋਣਾਂ ਨਾ ਲੜਨ ਲਈ (ਪਾਰਟੀ ਦੇ ਜਨਰਲ ਸਕੱਤਰ) ਅਲੀ ਮੁਹੰਮਦ ਸਾਗਰ ਅਤੇ ਪਾਰਟੀ ਦੇ ਹੋਰ ਮੈਂਬਰਾਂ ਤੋਂ ਇਜਾਜ਼ਤ ਲੈ ਲਈ ਹੈ।’ ਉਨ੍ਹਾਂ ਕਿਹਾ ਕਿ ਹੁਣ ਇਹ ਪਾਰਟੀ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਚੋਣ ਹਲਕੇ ਤੋਂ ਅਜਿਹੇ ਉਮੀਦਵਾਰ ਨੂੰ ਉਤਾਰੇ ਜਿਸ ਨੂੰ ਵੋਟਰ ਜਿਤਾਉਣ ਤਾਂ ਜੋ ਉਹ ਦਿੱਲੀ ’ਚ ਇੱਥੋਂ ਦੇ ਲੋਕਾਂ ਦੀ ਆਵਾਜ਼ ਬਣ ਸਕੇ। ਸਾਲ 2002 ਦੀਆਂ ਵਿਧਾਨ ਸਭਾ ਚੋਣਾਂ ’ਚ ਉਮਰ ਅਬਦੁੱਲ੍ਹਾ ਨੂੰ ਨੈਸ਼ਨਲ ਕਾਨਫਰੰਸ ਦੀ ਅਗਵਾਈ ਕਰਨ ਲਈ ਚੁਣਿਆ ਗਿਆ ਸੀ ਅਤੇ ਫਾਰੂਕ ਅਬਦੁੱਲ੍ਹਾ ਕੇਂਦਰ ਦੀ ਰਾਜਨੀਤੀ ’ਚ ਸਰਗਰਮ ਹੋ ਗਏ। ਫਾਰੂਕ ਅਬਦੁੱਲ੍ਹਾ 2002 ’ਚ ਜੰਮੂ ਕਸ਼ਮੀਰ ਤੋਂ ਰਾਜ ਸਭਾ ਲਈ ਚੁਣੇ ਗਏ ਅਤੇ ਫਿਰ 2009 ’ਚ ਦੁਬਾਰਾ ਚੁਣੇ ਗਏ। -ਪੀਟੀਆਈ