ਫ਼ਸਲੀ ਮੁਆਵਜ਼ਾ ਨਾ ਮਿਲਣ ਤੋਂ ਕਿਸਾਨ ਜਥੇਬੰਦੀਆਂ ਖ਼ਫ਼ਾ
ਪੱਤਰ ਪ੍ਰੇਰਕ
ਬਠਿੰਡਾ, 9 ਜੂਨ
ਇਲਾਕੇ ਵਿਚ ਬੇਮੌਸਮੇ ਮੀਂਹ ਅਤੇ ਗੜੇਮਾਰੀ ਕਾਰਨ ਖ਼ਰਾਬ ਹੋਈ ਕਣਕ ਦਾ ਮੁਆਵਜ਼ਾ ਨਾ ਮਿਲਣ ਕਾਰਨ ਕਿਸਾਨ ਜਥੇਬੰਦੀਆਂ ਖ਼ਫ਼ਾ ਹਨ। ਇਸ ਕਾਰਨ ਗਿੱਦੜ, ਕਲਿਆਣ ਤੇ ਬੱਜੂਆਣਾ ਦੇ ਲੋਕ ਸੰਘਰਸ਼ ਦੇ ਰੌਂਅ ‘ਚ ਹਨ। ਗ਼ੌਰਤਲਬ ਹੈ ਕਿ ਨਥਾਣਾ ਤਹਿਸੀਲ ਸਾਹਮਣੇ ਬੀਕੇਯੂ ਏਕਤਾ ਉਗਰਾਹਾਂ, ਬੀਕੇਯੂ ਡਕੌਂਦਾ ਤੇ ਬੀਕੇਯੂ ਸਿੱਧੂਪੁਰ ਵੱਲੋਂ ਸਾਂਝੇ ਤੌਰ ‘ਤੇ ਨੌਂ ਦਿਨਾਂ ਤੋਂ ਧਰਨਾ ਦਿੱਤਾ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੇ ਨਿਗੂਣੇ ਮੁਆਵਜ਼ੇ ਤੋਂ ਕਿਸਾਨ ਧਿਰਾਂ ਸੰਤੁਸ਼ਟ ਨਹੀਂ ਹਨ। ਧਰਨੇ ਦੌਰਾਨ ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਬਲਾਕ ਦੇ ਮੀਤ ਪ੍ਰਧਾਨ ਲਖਬੀਰ ਸਿੰਘ ਮਾਨ, ਬੀਕੇਯੂ ਡਕੌਂਦਾ ਦੇ ਸੁਖਮੰਦਰ ਸਿੰਘ ਅਤੇ ਭਰਪੂਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਾਲੇ ਤੱਕ ਬਠਿੰਡਾ ਜ਼ਿਲ੍ਹੇ ਵਿੱਚ ਮੌਸਮੀ ਕਹਿਰ ਕਾਰਨ ਨੁਕਸਾਨੀ ਕਣਕ ਦਾ ਪੂਰਾ ਮੁਆਵਜ਼ਾ ਅਜੇ ਤਕ ਕਿਸਾਨਾਂ ਨੂੰ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਵਾਅਦੇ ਮੁਤਾਬਕ ਨੌਂ ਜੂਨ ਤੱਕ ਖ਼ਰਾਬੇ ਦੀਆਂ ਲਿਸਟਾਂ ਤਕ ਜਾਰੀ ਨਹੀਂ ਕੀਤੀਆਂ ਗਈਆਂ। ਇਸ ਨਾਲ ਮੁੱਖ ਮੰਤਰੀ ਵੱਲੋਂ 15 ਦਿਨਾਂ ਵਿੱਚ ਮੁਆਵਜ਼ੇ ਦੀ ਅਦਾਇਗੀ ਦੇ ਵਾਅਦੇ ਦੀ ਫੂਕ ਨਿਕਲ ਚੁੱਕੀ ਹੈ। ਧਰਨਾਕਰੀਆਂ ਨੇ ਐਲਾਨ ਕੀਤਾ ਜੇ ਮੁਆਵਜ਼ੇ ਦੀ ਰਕਮ 15 ਜੂਨ ਤੱਕ ਖਾਤਿਆਂ ਵਿਚ ਪਾਉਣੀ ਸ਼ੁਰੂ ਨਾ ਕੀਤੀ ਤਾਂ ਪੰਜਾਬ ਪੱਧਰੀ ਇਕੱਠ ਕਰ ਕੇ ਵੱਡਾ ਘੋਲ ਵਿੱਢਿਆ ਜਾਵੇਗਾ। ਸ਼ਿੰਗਾਰਾ ਸਿੰਘ ਮਾਨ ਨੇ ਐਲਾਨ ਕੀਤਾ ਕਿ ਭਲਕੇ ਮਾਨਸਾ ਜ਼ਿਲ੍ਹੇ ਵਿੱਚ ਹੋਣ ਜਾ ਰਹੀ ਕੈਬਨਿਟ ਮੀਟਿੰਗ ‘ਚ ਮੁੱਖ ਮੰਤਰੀ ਨੂੰ ਸਵਾਲ ਕੀਤੇ ਜਾਣਗੇ ਜਿਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।