ਮਸ਼ੀਨਰੀ ’ਤੇ ਮਿਲਣ ਵਾਲੀ ਸਬਸਿਡੀ ਦੀ ਰਾਸ਼ੀ ਨੂੰ ਤਰਸੇ ਕਿਸਾਨ
ਜਗਜੀਤ ਸਿੰਘ
ਮੁਕੇਰੀਆਂ, 29 ਜਨਵਰੀ
ਫਸਲੀ ਰਹਿੰਦ-ਖੂੰਹਦ ਲਈ ਸਬਸਿਡੀ ’ਤੇ ਬੇਲਰ ਅਤੇ ਸੁਪਰਸੀਡਰ ਵਰਗੀ ਮਹਿੰਗੀ ਮਸ਼ੀਨਰੀ ਲੈਣ ਵਾਲੇ ਜ਼ਿਲ੍ਹੇ ਦੇ ਸੈਂਕੜੇ ਕਿਸਾਨ ਸਬਸਿਡੀ ਦੀ ਰਾਸ਼ੀ ਨਾ ਮਿਲਣ ਕਾਰਨ ਵਿੱਤੀ ਤੰਗੀ ਝੱਲ ਰਹੇ ਹਨ। ਪੰਜਾਬ ਸਰਕਾਰ ਵੱਲੋਂ ਸਬਸਿਡੀ ਦੀ ਲੋੜੀਂਦੀ ਰਕਮ ਜ਼ਿਲ੍ਹਾ ਦਫ਼ਤਰਾਂ ਨੂੰ ਭੇਜਣ ਦੇ ਬਾਵਜੂਦ ਇਹ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿੱਚ ਨਹੀਂ ਪੁੱਜੀ। ਉਧਰ ਜ਼ਿਲ੍ਹਾ ਮੁੱਖ ਖੇਤੀ ਅਫਸਰ ਨੇ ਇਹ ਰਾਸ਼ੀ ਜਲਦ ਖਾਤਿਆਂ ਵਿੱਚ ਪਾਉਣ ਦਾ ਦਾਅਵਾ ਕੀਤਾ ਹੈ। ਸਰਕਾਰ ਵੱਲੋਂ ਫਸਲੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਹੀ ਨਸ਼ਟ ਕਰਨ ਲਈ ਬੇਲਰ, ਸੁਪਰਸੀਡਰ, ਸਰਫੇਸ ਸੀਡਰ, ਜ਼ੀਰੋ ਟਰਿੱਲ ਡਰਿੱਲ ਸਣੇ ਹੋਰ ਮਸ਼ੀਨਰੀ ਉੱਤੇ ਵਿਅਕਤੀਗਤ ਤੌਰ ’ਤੇ 50 ਫ਼ੀਸਦੀ ਅਤੇ ਗਰੁੱਪਾਂ ਤੇ ਸੁਸਾਇਟੀਆਂ ਨੂੰ 80 ਫ਼ੀਸਦੀ ਦੇਣ ਦਾ ਐਲਾਨ ਕੀਤਾ ਸੀ। ਇਹ ਮਸ਼ੀਨਰੀ ਕਿਸਾਨਾਂ ਵੱਲੋਂ ਅਕਤੂਬਰ ਦੌਰਾਨ ਖਰੀਦ ਕੇ ਇਸ ਦੀ ਸਮੇਂ ਸਿਰ ਵੈਰੀਫਿਕੇਸ਼ਨ ਵੀ ਕਰਵਾ ਲਈ ਗਈ ਪਰ ਤਿੰਨ ਮਹੀਨੇ ਬਾਅਦ ਵੀ ਸਬਸਿਡੀ ਦੀ ਰਕਮ ਕਿਸਾਨਾਂ ਦੇ ਖਾਤਿਆਂ ਵਿੱਚ ਨਹੀਂ ਆਈ। ਵਿਭਾਗੀ ਅੰਕੜਿਆਂ ਅਨੁਸਾਰ ਜ਼ਿਲ੍ਹੇ ਵਿੱਚ ਕੁੱਲ 481 ਮਸ਼ੀਨਾਂ ਸਬਸਿਡੀ ’ਤੇ ਦਿੱਤੀਆਂ ਗਈਆਂ ਸਨ ਜਿਨ੍ਹਾਂ ਵਿੱਚੋਂ 473 ਮਸ਼ੀਨਾਂ ਦੀ ਵੈਰੀਫਕੇਸ਼ਨ ਦੋ ਮਹੀਨੇ ਪਹਿਲਾਂ ਹੋ ਚੁੱਕੀ ਹੈ ਅਤੇ ਬਾਕੀ ਦੀ ਵੈਰੀਫਿਕੇਸ਼ਨ ਲਈ ਅਗਲੇ ਹੁਕਮਾਂ ਦੀ ਉਡੀਕ ਹੈ। ਇਨ੍ਹਾਂ ਮਸ਼ੀਨਾਂ ਦੀ ਸਬਸਿਡੀ ਦੀ ਬਣਦੀ ਕੁੱਲ 5.94 ਕਰੋੜ ਦੀ ਰਾਸ਼ੀ ਜ਼ਿਲ੍ਹਾ ਦਫ਼ਤਰ ਨੂੰ ਮਿਲ ਚੁੱਕੀ ਹੈ ਪਰ ਹਾਲੇ ਤੱਕ ਵਿਭਾਗ ਨੇ 1.60 ਕਰੋੜ ਰੁਪਏ ਹੀ ਕਿਸਾਨਾਂ ਦੇ ਖਾਤਿਆਂ ਵਿੱਚ ਪਾਏ ਹਨ। ਪਿੰਡ ਨੌਸ਼ਹਿਰਾ ਪੱਤਣ ਦੇ ਕਿਸਾਨ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਰੀਬ ਪੌਣੇ 3 ਲੱਖ ਦੇ ਖਰੀਦੇ ਸੁਪਰਸੀਡਰ ਦੀ ਸਬਸਿਡੀ ਹਾਲੇ ਤੱਕ ਨਹੀਂ ਮਿਲੀ। ਪਿੰਡ ਬਾਗੋਵਾਲ ਦੇ ਕਿਸਾਨ ਰਾਮ ਸਿੰਘ ਨੇ ਦੱਸਿਆ ਕਿ ਉਹ ਵੀ ਆਪਣੇ ਸੁਪਰਸੀਡਰ ਦੀ ਸਬਸਿਡੀ ਵਾਲੀ ਰਾਸ਼ੀ ਤੋਂ ਵਾਂਝਾ ਹੈ।
ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਸਕੱਤਰ ਗੁਰਨੇਕ ਸਿੰਘ ਭੱਜਲ ਅਤੇ ਜ਼ਿਲ੍ਹਾ ਪ੍ਰਧਾਨ ਆਸ਼ਾ ਨੰਦ ਨੇ ਕਿਹਾ ਕਿ ਇੱਕ ਬੇਲਰ ਦੀ ਕੀਮਤ 16 ਤੋਂ 21 ਲੱਖ ਵਿਚਾਲੇ ਹੈ ਅਤੇ ਸੁਪਰਸੀਡਰ ਦੀ ਕੀਮਤ ਵੀ 3 ਲੱਖ ਦੇ ਕਰੀਬ ਹੈ। ਇਹ ਮਸ਼ੀਨਰੀ ਕਿਸਾਨ ਨੂੰ ਪੱਲਿਓਂ ਪਹਿਲਾਂ ਰਾਸ਼ੀ ਦੇ ਕੇ ਲਿਆਉਣੀ ਪੈਂਦੀ ਹੈ। ਵਧੇਰੇ ਡੀਲਰਾਂ ਨੇ ਮਸ਼ੀਨਰੀ ਖਰੀਦਣ ਵਾਲੇ ਕਿਸਾਨਾਂ ਨੂੰ ਸਬਸਿਡੀ ਵਾਲੀ ਰਾਸ਼ੀ ਬਾਅਦ ਵਿੱਚ ਲੈ ਲੈਣ ਦਾ ਭਰੋਸਾ ਦੇ ਕੇ ਮਸ਼ੀਨਰੀ ਵੇਚ ਲਈ ਪਰ ਹੁਣ ਰੋਜ਼ਾਨਾ ਫੋਨ ਕਰਕੇ ਤੰਗ ਕਰ ਰਹੇ ਹਨ।
ਕਿਸਾਨਾਂ ਦੇ ਖਾਤਿਆਂ ਵਿੱਚ ਜਲਦੀ ਰਾਸ਼ੀ ਪਾ ਦਿੱਤੀ ਜਾਵੇਗੀ: ਖੇਤੀ ਅਫਸਰ
ਜ਼ਿਲ੍ਹੇ ਦੇ ਮੁੱਖ ਖੇਤੀ ਅਫਸਰ ਕੁਲਦੀਪ ਸਿੰਘ ਮੱਤੇਵਾਲ ਨੇ ਕਿਹਾ ਕਿ ਸਬਸਿਡੀ ਦੀ ਰਾਸ਼ੀ ਖਾਤਿਆਂ ’ਚ ਪਾਉਣ ਵਾਲੇ ਤਕਨੀਕੀ ਸਿਸਟਮ ਦੇ ਸਹੀ ਨਾ ਚੱਲਣ ਅਤੇ ਖੇਤੀ ਅਧਿਕਾਰੀਆਂ, ਮੁਲਾਜ਼ਮਾਂ ਦੀ ਚੱਲ ਰਹੀ ਕਲਮ ਛੋੜ ਹੜਤਾਲ ਕਾਰਨ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿੱਚ ਨਹੀਂ ਪਾਈ ਜਾ ਸਕੀ। ਮੁਲਾਜ਼ਮ ਇਸ ਕੰਮ ’ਤੇ ਲਗਾਏ ਗਏ ਹਨ ਅਤੇ ਜਲਦ ਹੀ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ।