ਨਹਿਰਾਂ ’ਚ ਪਾਣੀ ਲੇਟ ਆਉਣ ਕਾਰਨ ਕਿਸਾਨਾਂ ਦੇ ਫਿਕਰ ਵਧੇ
ਜੋਗਿੰਦਰ ਸਿੰਘ ਮਾਨ
ਮਾਨਸਾ, 20 ਨਵੰਬਰ
ਕਿਸਾਨਾਂ ਨੂੰ ਪਹਿਲਾਂ ਡੀਏਪੀ ਖਾਦ ਨਹੀਂ ਮਿਲੀ, ਫਿਰ ਬਿਜਾਈ ਲਈ ਬੀਜ ਨਾ ਮਿਲਿਆ ਅਤੇ ਹੁਣ ਬਿਜਾਈ ਵਾਸਤੇ ਖੇਤਾਂ ਦੀ ਰੌਣੀ ਕਰਨ ਲਈ ਨਹਿਰੀ ਪਾਣੀ ਨਹੀਂ ਆਇਆ ਹੈ। ਤਿੰਨੋਂ ਤਕਲੀਫ਼ਾਂ ਕਾਰਨ ਬਿਜਾਈ ਦਾ ਅਸਲ ਸਮਾਂ ਲੰਘਣ ਲੱਗਿਆ ਹੈ। ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਅਤੇ ਖੇਤੀ ਮਹਿਕਮੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੰਗੇ ਝਾੜ ਲਈ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੀ ਬਿਜਾਈ ਹਰ ਹੀਲੇ ਨਵੰਬਰ ਦੇ ਪਹਿਲੇ ਦੋ ਹਫ਼ਤਿਆਂ ਵਿਚ ਕਰਨੀ ਜ਼ਰੂਰੀ ਹੈ ਪਰ ਇਥੇ ਭਰਵਾਂ ਪਾਣੀ ਹੀ ਨਵੰਬਰ ਦੇ ਤੀਜੇ ਹਫ਼ਤੇ ਨਹਿਰਾਂ ਵਿਚ ਆਇਆ ਹੈ। ਦੁਖੀ ਹੋਏ ਕਿਸਾਨ ਦੀ ਇਸ ਔਖੀ ਘੜੀ ਕੋਈ ਬਾਂਹ ਫੜਨ ਵਾਲਾ ਨਹੀਂ ਲੱਭ ਰਿਹਾ ਹੈ। ਖੇਤੀ ਮਾਹਿਰਾਂ ਮੁਤਾਬਕਾਂ ਕਣਕ ਦੀ ਸਹੀ ਬਿਜਾਈ ਦਾ ਸਮਾਂ 20 ਨਵੰਬਰ ਹੁੰਦਾ ਹੈ।
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਮਾਲਵਾ ਪੱਟੀ ਦੇ ਇਸ ਖਿੱਤੇ ਵਿਚ ਕਣਕ ਦੀ ਕਾਫ਼ੀ ਬਿਜਾਈ ਅਜੇ ਨਰਮੇ ਵਾਲੇ ਖੇਤਾਂ ਵਿਚ ਪਈ ਹੈ, ਜਿਸ ਲਈ ਕਿਸਾਨ ਪੂਰੀ ਜੱਦੋ-ਜਹਿਦ ਕਰ ਰਹੇ ਹਨ। ਨਰਮੇ ਦੀਆਂ ਕੁੱਝ ਵਰਾਇਟੀਆਂ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਸਮੇਂ-ਸਿਰ ਨਾ ਖਿੜ੍ਹਨ ਕਾਰਨ ਸਹੀ ਸਮੇਂ ਉਪਰ ਖੇਤ ਵਿਹਲੇ ਨਹੀਂ ਹੋ ਸਕੇ, ਜਿਸ ਕਾਰਨ ਬਿਜਾਈ ਦਾ ਕੰਮ ਪਛੜਨ ਕਾਰਨ ਕਿਸਾਨ ਦੁਖੀ ਹੋਏ ਬੈਠੇ ਹਨ। ਕਿਸਾਨਾਂ ਨੂੰ ਆਪਣੇ ਨਰਮੇ ਵਾਲੇ ਖੇਤਾਂ ਦੀ ਰੌਣੀ ਕਰਨ ਲਈ ਨਹਿਰੀ ਪਾਣੀ ਸਮੇਂ ਸਿਰ ਨਹੀਂ ਮਿਲਿਆ। ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਦਾ) ਦੇ ਆਗੂ ਦਰਸ਼ਨ ਸਿੰਘ ਗੁਰਨੇ ਨੇ ਪੰਜਾਬ ਦੇ ਨਹਿਰੀ ਵਿਭਾਗ ’ਤੇ ਦੋਸ਼ ਲਾਇਆ ਕਿ ਕਿਸਾਨਾਂ ਦੇ ਖੇਤ ਵਿਹਲੇ ਹੋਣ ਵੇਲੇ ਕੋਟਲਾ ਬ੍ਰਾਂਚ ਵਿਚੋਂ ਨਿਕਲਦੇ ਰਜਵਾਹੇ ਅਤੇ ਸੂਇਆਂ ਵਿਚ ਪੂਰਾ ਪਾਣੀ ਨਹੀਂ ਛੱਡਿਆ ਗਿਆ, ਜਦੋਂ ਕਿ ਨਾ ਹੀ ਸਹੀ ਸਮੇਂ ’ਤੇ ਡੀਏਪੀ ਖਾਦ ਕਿਸਾਨਾਂ ਨੂੰ ਲੋੜੀਂਦੇ ਸਮੇਂ ਮੁਹੱਈਆ ਕਰਵਾਈ ਹੈ। ਉਧਰ ਮਾਨਸਾ ਦੇ ਖੇਤੀ ਵਿਕਾਸ ਅਫ਼ਸਰ ਡਾ. ਮਨੋਜ ਕੁਮਾਰ ਨੇ ਕਿਹਾ ਕਿ ਕਣਕ ਦੀ ਬਿਜਾਈ ਲਈ ਕਿਸਾਨ ਰੁੱਝੇ ਹੋਏ ਹਨ ਅਤੇ ਇਸ ਮਹੀਨੇ ਦੇ ਅੰਤ ਤੱਕ ਬਿਜਾਈ ਦਾ ਕੰਮ ਮੁਕੰਮਲ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਬਿਜਾਈ ਵਾਲੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਕਣਕ ਦਾ ਬੀਜ ਗਿੱਲਾ ਕਰਕੇ, ਸੁਕਾਉਣ ਤੋਂ ਬਾਅਦ ਬੀਜਣ, ਜੋ ਜਲਦੀ ਉਗਰੇਗਾ। ਉਨ੍ਹਾਂ ਕਿਹਾ ਕਿ ਦੂਹਰੀ ਬਿਜਾਈ ਕਰਨ ਨਾਲ ਕਣਕ ਦਾ ਝਾੜ ਵੱਧਦਾ ਹੈ।
ਇਸੇ ਦੌਰਾਨ ਸਿੰਚਾਈ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹੁਣ ਕਿਸਾਨਾਂ ਨੂੰ ਝੋਨੇ ਵਾਲੇ ਖੇਤਾਂ ਵਿੱਚ ਰੌਣੀ ਦੀ ਲੋੜ ਨਹੀਂ ਪੈਂਦੀ ਹੈ, ਜਿਸ ਕਰਕੇ ਨਹਿਰਾਂ ਦਾ ਪਾਣੀ ਅੱਧੀ ਮਾਤਰਾ ਵਿੱਚ ਕੀਤਾ ਹੋਇਆ ਹੈ ਤਾਂ ਕਿ ਕਿਸਾਨਾਂ ਵੱਲੋਂ ਪਾਣੀ ਦੀ ਲੋੜ ਨਾ ਹੋਣ ਕਾਰਨ ਬੰਦ ਕੀਤੇ ਮੋਘਿਆਂ ਨਾਲ ਨਹਿਰਾਂ ਟੁੱਟ ਕੇ ਖੇਤਾਂ ਦਾ ਨੁਕਸਾਨ ਨਾ ਕਰ ਦੇਣ।