ਡੀਏਪੀ ਖਾਦ ਦੀ ਸਪਲਾਈ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ
ਨਿੱਜੀ ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 2 ਨਵੰਬਰ
ਬਲਾਕ ਸਰਹਿੰਦ ਦੀ ਵੱਡੀ ਸਹਿਕਾਰੀ ਸੁਸਾਇਟੀ ਦੀ ਜਲਵੇੜਾ ਕੋਆਪਰੇਟਿਵ ਸੁਸਾਇਟੀ ’ਚ ਡੀਏਪੀ ਖਾਦ ਨਾ ਉਪਲੱਬਧ ਹੋਣ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਹੈ ਅਤੇ ਨਿਰਾਸ਼ ਹੋਏ ਕਿਸਾਨਾਂ ਨੇ ਇਕੱਠੇ ਹੋ ਕੇ ਸੁਸਾਇਟੀ ਦੇ ਗੇਟ ਅੱਗੇ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਪਰ ਮੌਕੇ ’ਤੇ ਭਰੋਸਾ ਦੇ ਕੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ। ਸਮਾਜ ਸੇਵੀ ਪ੍ਰੋਫੈਸਰ ਧਰਮਜੀਤ ਸਿੰਘ ਜਲਵੇੜਾ ਨੇ ਕਿਹਾ ਕਿ ਜ਼ਿਲ੍ਹੇ ਦੀ ਇਸ ਵੱਡੀ ਸਹਿਕਾਰੀ ਸੁਸਾਇਟੀ ਨਾਲ ਇੱਕ ਦਰਜਨ ਪਿੰਡ ਜੁੜੇ ਹੋਏ ਹਨ, ਜਿਨ੍ਹਾਂ ਨੂੰ ਕਰੀਬ 8 ਟਰੱਕ ਡੀਏਪੀ ਦੇ ਮਿਲਣੇ ਚਾਹੀਦੇ ਸਨ ਪਰ ਅਜੇ ਤੱਕ ਸਿਰਫ ਇੱਕ ਟਰੱਕ ਹੀ ਪਹੁੰਚਿਆ ਹੈ। ਉਨ੍ਹਾਂ ਦੱਸਿਆ ਕਿਸਾਨਾਂ ਦੇ ਵਿੱਚ ਚਰਚਾ ਹੈ ਕਿ ਟਰੱਕ ਹੋਰ ਸੁਸਾਇਟੀਆਂ ਵਿੱਚ ਭੇਜੇ ਜਾ ਰਹੇ ਹਨ ਜਦੋਂ ਕਿ ਨਬੀਪੁਰ ਸੁਸਾਇਟੀ ਨਾਲ ਜੁੜੇ ਕਿਸਾਨਾਂ ਨੂੰ ਵੀ ਡੀਏਪੀ ਦੀ ਸਖ਼ਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜੇ ਡੀਏਪੀ ਖਾਦ ਦੇਰ ਨਾਲ ਮਿਲਦਾ ਹੈ ਤਾਂ ਇਸ ਨਾਲ ਕਣਕ ਦੀ ਬਿਜਾਈ ਪੱਛੜਣ ਦਾ ਖਦਸ਼ਾ ਹੈ ਜਿਸ ਦਾ ਸਿੱਧਾ ਨੁਕਸਾਨ ਕਿਸਾਨਾਂ ਨੂੰ ਹੋਣਾ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਬੇਨਤੀ ਕੀਤੀ ਕਿ ਉਹ ਆਪ ਇਸ ਮਸਲੇ ਨੂੰ ਘੋਖ ਕੇ ਸੁਸਾਇਟੀ ’ਚ ਡੀਏਪੀ ਖਾਦ ਦੀ ਆਈ ਸਮੱਸਿਆ ਦਾ ਹੱਲ ਕਰਨ ਜਿਸ ਨਾਲ ਕਿਸਾਨਾਂ ਦੀ ਬੇਚੈਨੀ ਦੂਰ ਹੋ ਸਕੇ।