ਝੋਨੇ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ
ਜਗਜੀਤ ਕੁਮਾਰ
ਖਮਾਣੋਂ, 10 ਨਵੰਬਰ
ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਕਸ਼ਮੀਰਾ ਸਿੰਘ ਜਟਾਣਾ ਉੱਚਾ, ਸਰਬਜੀਤ ਸਿੰਘ ਅਮਰਾਲਾ, ਜਗਤਾਰ ਸਿੰਘ ਮਹੇਸ਼ਪੁਰਾ ਅਤੇ ਬਚਿੱਤਰ ਸਿੰਘ ਰਾਣਵਾਂ ਨੇ ਦੱਸਿਆ ਕਿ ਦਾਣਾ ਮੰਡੀ ਖਮਾਣੋਂ ਅਤੇ ਇਸ ਅਧੀਨ ਆਉਂਦੀਆਂ ਹੋਰਨਾਂ ਫੋਕਲ ਪੁਆਇੰਟਾਂ ਵਿੱਚ ਝੋਨੇ ਦੀ ਖ਼ਰੀਦ ਸੁਸਤ ਰਫ਼ਤਾਰ ਨਾਲ ਹੋਣ ਕਾਰਨ ਮੋਰਚੇ ਵੱਲੋਂ 11 ਨਵੰਬਰ ਨੂੰ ਡੀਸੀ ਫ਼ਤਿਹਗੜ੍ਹ ਸਾਹਿਬ ਨੂੰ ਮਿਲਣ ਦਾ ਫ਼ੈਸਲਾ ਕੀਤਾ ਗਿਆ ਹੈ। ਆਗੂਆਂ ਨੇ ਦੱਸਿਆ ਕਿ ਦਾਣਾ ਮੰਡੀ ਖਮਾਣੋਂ ਵਿੱਚ ਝੋਨਾ ਲਾਹੁਣ ਲਈ ਕੋਈ ਥਾਂ ਨਹੀਂ ਹੈ ਤੇ ਖ਼ਰੀਦੇ ਝੋਨੇ ਦੀ ਚੁਕਾਈ ਨਾ ਹੋਣ ਕਾਰਨ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਨਮੀ ਦੀ ਮਾਤਰਾ ਦਾ ਬਹਾਨਾ ਬਣਾ ਕੇ ਸ਼ੈੱਲਰਾਂ ਵਿੱਚੋਂ ਝੋਨਾ ਵਾਪਸ ਦਾਣਾ ਮੰਡੀ ਵਿੱਚ ਪਹੁੰਚ ਰਿਹਾ ਹੈ। ਇਸ ਕਾਰਨ ਆੜ੍ਹਤੀਆਂ, ਮਜ਼ਦੂਰਾਂ ਅਤੇ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਡੰਗ ਟਪਾਊ ਨੀਤੀ ’ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਆਉਣ ਵਾਲੇ ਸਮੇਂ ਦੌਰਾਨ ਮੌਸਮ ਖ਼ਰਾਬ ਹੋ ਜਾਂਦਾ ਹੈ ਤਾਂ ਦਾਣਾ ਮੰਡੀਆਂ ਵਿੱਚ ਕਿਸਾਨਾਂ ਤੇ ਆੜ੍ਹਤੀਆਂ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ।