ਬਦਰੰਗ ਝੋਨੇ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ
ਕਰਮਜੀਤ ਸਿੰਘ ਚਿੱਲਾ
ਬਨੂੜ, 12 ਨਵੰਬਰ
ਝੋਨਾ ਪੱਕਣ ਸਮੇਂ ਪਈ ਬਾਰਸ਼ ਅਤੇ ਹਵਾਵਾਂ ਨਾਲ ਧਰਤੀ ’ਤੇ ਡਿੱਗ ਕੇ ਕਾਲੇ ਹੋਏ ਝੋਨੇ ਦਾ ਜਿੱਥੇ ਝਾੜ ਘੱਟ ਨਿੱਕਲ ਰਿਹਾ ਹੈ, ਉੱਥੇ ਉਸ ਨੂੰ ਵੇਚਣ ਦੀ ਵੀ ਦਿੱਕਤ ਆ ਰਹੀ ਹੈ। ਅਜਿਹੇ ਬਦਰੰਗ ਝੋਨੇ ਨੂੰ ਵੇਚਣ ਲਈ ਇਸ ਖੇਤਰ ਦੀਆਂ ਮੰਡੀਆਂ ਵਿੱਚ 200 ਤੋਂ 250 ਰੁਪਏ ਪ੍ਰਤੀ ਕੁਇੰਟਲ ਤੱਕ ਦਾ ਕੱਟ ਲਗਾਇਆ ਜਾ ਰਿਹਾ ਹੈ।
ਅਜਿਹਾ ਹੀ ਮਾਮਲਾ ਬਨੂੜ ਦੀ ਮੰਡੀ ਵਿੱਚ ਸਾਹਮਣੇ ਆਇਆ ਹੈ। ਕਿਸਾਨ ਯੂਨੀਅਨ (ਭੁਪਿੰਦਰ ਸਿੰਘ ਮਾਨ) ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਬਲਵੰਤ ਸਿੰਘ ਨੰਡਿਆਲੀ ਨੇ ਦੱਸਿਆ ਕਿ ਉਨ੍ਹਾਂ ਦੇ ਬਦਰੰਗ ਹੋਏ ਝੋਨੇ ਨੂੰ ਕੋਈ ਨਹੀਂ ਖ਼ਰੀਦ ਰਿਹਾ। ਪਹਿਲਾਂ ਉਹ ਆਪਣੇ ਝੋਨੇ ਨੂੰ ਜਲਾਲਪੁਰ ਦੇ ਖ਼ਰੀਦ ਕੇਂਦਰ ਲੈ ਕੇ ਗਏ ਤਾਂ ਆੜ੍ਹਤੀ ਨੇ ਝੋਨਾ ਸੁਟਵਾਉਣ ਤੋਂ ਮਨਾ ਕਰ ਦਿੱਤਾ। ਉਹ ਬਨੂੜ ਲੈ ਕੇ ਆਏ ਤੇ ਸੋਮਵਾਰ ਤੋਂ ਉਨ੍ਹਾਂ ਦੀ ਝੋਨੇ ਦੀ ਢੇਰੀ ਨੂੰ ਕਿਸੇ ਨੇ ਹੱਥ ਨਹੀਂ ਲਗਾਇਆ। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਵੱਲੋਂ ਉਨ੍ਹਾਂ ਦੀ ਢੇਰੀ ਨੂੰ ਦਰਜ ਵੀ ਨਹੀਂ ਕੀਤਾ ਗਿਆ ਹੈ।
ਕਿਸਾਨ ਆਗੂ ਨੇ ਕਿਹਾ ਕਿ ਉਹ ਕੱਟ ਲਗਵਾਉਣ ਲਈ ਸਹਿਮਤ ਨਹੀਂ, ਇਸ ਕਰਕੇ ਉਨ੍ਹਾਂ ਦੀ ਢੇਰੀ ਇਵੇਂ ਹੀ ਪਈ ਤੇ ਇੱਕ ਟਰਾਲੀ ਘਰ ਖੜ੍ਹੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਖੇਤੀਬਾੜੀ ਵਿਭਾਗ ਤੋਂ ਪੀਆਰ-126 ਦਾ ਬੀਜ ਖ਼ਰੀਦ ਕੇ ਲਾਇਆ ਸੀ।
ਕੱਟ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ: ਸਕੱਤਰ
ਮਾਰਕੀਟ ਕਮੇਟੀ ਬਨੂੜ ਦੇ ਸਕੱਤਰ ਕਮਲਪ੍ਰੀਤ ਸਿੰਘ ਨੇ ਆਖਿਆ ਕਿ ਕਮੇਟੀ ਕੋਲ ਹਾਲੇ ਤੱਕ ਝੋਨੇ ’ਤੇ ਕੱਟ ਲਾਉਣ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਬਲਵੰਤ ਸਿੰਘ ਉਨ੍ਹਾਂ ਨੂੰ ਮਿਲੇ ਸਨ ਤੇ ਉਨ੍ਹਾਂ ਦੀ ਢੇਰੀ ਨੂੰ ਦਰਜ ਕਰ ਲਿਆ ਗਿਆ ਹੈ ਤੇ ਖ਼ਰੀਦ ਵੀ ਯਕੀਨੀ ਬਣਾਈ ਜਾਵੇਗੀ।