ਮੂੰਗੀ ਦਾ ਭਾਅ ਘੱਟ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ
ਪੱਤਰ ਪ੍ਰੇਰਕ
ਝੁਨੀਰ, 1 ਅਗਸਤ
ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜ਼ਿਲ੍ਹਾ ਇਕਾਈ ਸਕੱਤਰ ਜਨਰਲ ਅਤੇ ਉੱਦਮੀ ਕਿਸਾਨ ਹਰਦੇਵ ਸਿੰਘ ਕੋਟਧਰਮੂ, ਜ਼ਿਲ੍ਹਾ ਇਕਾਈ ਦੇ ਜਨਰਲ ਸਕੱਤਰ ਪਰਮਪ੍ਰੀਤ ਸਿੰਘ ਮਾਖਾ, ਜ਼ਿਲ੍ਹਾ ਵਿੱਤ ਸਕੱਤਰ ਮਾਸਟਰ ਗੁਰਜੰਟ ਸਿੰਘ ਝੁਨੀਰ ਅਤੇ ਮੂੰਗੀ ਉਤਪਾਦਕਾਂ ਦੇ ਇੱਕ ਵਫਦ ਨੇ ਦੱਸਿਆ ਕਿ ਇਸ ਵਾਰ ਮੂੰਗੀ ਦੀ ਖਰੀਦ ਸਰਕਾਰੀ ਏਜੰਸੀਆਂ ਵੱਲੋਂ ਨਾ ਕੀਤੇ ਜਾਣ ਕਾਰਨ ਮੰਡੀਆਂ ਦੇ ਵਪਾਰੀ ਆਪਸ ਵਿਚ ਮਿਲ ਕੇ ਕਿਸਾਨਾਂ ਤੋਂ ਮੂੰਗੀ 4 ਤੋਂ 6 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਨਾਲ ਖਰੀਦ ਰਹੇ ਹਨ ਜਦੋਂਕਿ ਰਾਜ ਸਰਕਾਰ ਨੇ ਮੂੰਗੀ ਦਾ ਭਾਅ 7456 ਰੁਪਏ ਪ੍ਰਤੀ ਕੁਇੰਟਲ ਐਲਾਨਿਆ ਹੋਇਆ ਹੈ। ਕਿਸਾਨ ਵਫਦ ਨੇ ਦੱਸਿਆ ਕਿ ਪਿਛਲੇ ਸਾਲ ਰਾਜ ਸਰਕਾਰ ਦੀ ਹਦਾਇਤ ’ਤੇ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਮੂੰਗੀ ਦੀ ਕਾਸ਼ਤ ਕਰਨ ਲਈ ਪਿੰਡ-ਪਿੰਡ ਕਿਸਾਨ ਸਿਖਲਾਈ ਕੈਂਪ ਲਗਾ ਕੇ ਪ੍ਰੇਰਿਤ ਕੀਤਾ ਸੀ ਜਿਸ ਦੇ ਨਤੀਜੇ ਵਜੋਂ ਕਿਸਾਨਾਂ ਨੇ ਮੂੰਗੀ ਦੀ ਕਾਸ਼ਤ ਵੱਡੇ ਪੱਧਰ ’ਤੇ ਕੀਤੀ ਸੀ। ਕਿਸਾਨਾਂ ਨੇ ਦੱਸਿਆ ਕਿ ਮੂੰਗੀ ਦਾ ਭਾਵ ਸਰਕਾਰ ਵੱਲੋਂ ਐਲਾਨੇ ਭਾਅ ਤੋਂ ਕਾਫ਼ੀ ਘੱਟ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ ਹਨ। ਕਿਸਾਨ ਆਗੂਆਂ ਨੇ ਰਾਜ ਸਰਕਾਰ ਤੋਂ ਮੂੰਗੀ ਦੀ ਖਰੀਦ ਸਰਕਾਰੀ ਏਜੰਸੀਆਂ ਦੁਆਰਾ ਤੁਰੰਤ ਸ਼ੁਰੂ ਕਰਵਾਏ ਜਾਣ ਦੀ ਮੰਗ ਕੀਤੀ ਹੈ।