ਉਦੈਪੁਰ ਮਾਈਨਰ ’ਚ ਪਾਣੀ ਨਾ ਆਉਣ ਕਾਰਨ ਕਿਸਾਨ ਪ੍ਰੇਸ਼ਾਨ
ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 26 ਜੂਨ
ਇੱਥੇ ਸਥਾਨਕ ਇਲਾਕੇ ਵਿੱਚ ਝੋਨਾ ਲਾਉਣ ਦਾ ਕੰਮ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਬਹੁਤ ਸਾਰੇ ਕਿਸਾਨ ਆਪਣੇ ਖੇਤਾਂ ਨੂੰ ਤਿਆਰ ਕਰ ਰਹੇ ਹਨ ਤੇ ਉਧਰ ਪੰਜਾਬ ਸਰਕਾਰ ਕਿਸਾਨਾਂ ਨੂੰ ਨਹਿਰੀ ਪਾਣੀ ਆਖਰੀ ਟੇਲ ਤੱਕ ਪਹੁੰਚਾਉਣ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ। ਜਿਹੜੇ ਕਿ ਸਿਰਫ ਬਿਆਨਬਾਜ਼ੀ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਜਾਪਦਾ। ਇਸ ਦੀ ਤਾਜ਼ਾ ਮਸਾਲ ਉਦੈਪਰ ਮਾਈਨਰ ਤੋਂ ਮਿਲਦੀ ਹੈ, ਜਿਸ ਵਿੱਚ ਪੰਜ ਦਿਨ ਬੀਤ ਜਾਣ ਤੇ ਵੀ ਅਜੇ ਤੱਕ ਇਸ ਵਿਚ ਪਾਣੀ ਨਹੀਂ ਆਇਆ। ਇਸ ਕਾਰਨ ਦੇਵੀਗੜ੍ਹ ਦੇ ਨਾਲ ਲਗਦੇ ਪਿੰਡਾਂ ਬੂੜੇਮਾਜਰਾ, ਗੁਥਮੜਾ, ਬਹਿਰੂ, ਪਲਾਖਾ, ਬਰਕਤਪੁਰ, ਬਡਲਾ, ਸ਼ੇਖੂਪੁਰ, ਬਡਲੀ ਦੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਪਾਣੀ ਨਹੀਂ ਮਿਲਿਆ। ਇਸ ਕਰਕੇ ਇਨ੍ਹਾਂ ਪਿੰਡਾਂ ਦੇ ਕਿਸਾਨ ਝੋਨਾ ਲਗਾਉਣ ਤੋਂ ਪਿੱਛੇ ਰਹਿ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਰਜਬਾਹਾ ਪਿੰਡ ਪੁਰ ਮੰਡੀ ਤੱਕ ਪੱਕਾ ਹੋਇਆ ਹੈ ਪਰ ਫਿਰ ਵੀ ਅਗਲੇ ਪਿੰਡਾਂ ਨੂੰ ਇਸ ਰਜਬਾਹੇ ਦਾ ਪਾਣੀ ਨਹੀਂ ਪਹੁੰਚ ਰਿਹਾ। ਇਸ ਨਾਲ ਕਿਸਾਨਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਇਸ ਤੋਂ ਇਲਾਵਾ ਰਜਬਾਹੇ ਦੀ ਨਾ ਤਾਂ ਸਫਾਈ ਹੋਈ ਹੈ ਅਤੇ ਨਾ ਹੀ ਮੁਰੰਮਤ ਹੋਈ ਹੈ। ਜੋ ਨਰੇਗਾ ਰਾਹੀਂ ਸਫਾਈ ਕੀਤੀ ਨਜ਼ਰ ਆਉਂਦੀ ਹੈ। ਕਿਸਾਨਾਂ ਦੀ ਮੰਗ ਹੈ ਕਿ ਇਸ ਰਜਬਾਹੇ ਵਿਚ ਜਲਦੀ ਤੋਂ ਜਲਦੀ ਪਾਣੀ ਛੱਡਿਆ ਜਾਵੇ।
ਕਿਸਾਨ ਨੇਤਾ ਸਤਨਾਮ ਸਿੰਘ ਬਹਿਰੂ ਨੇ ਕਿਹਾ ਇਹ ਰਜਬਾਹਾ ਪੱਕਾ ਹੋ ਰਿਹਾ ਹੈ, ਜੇ ਰਜਬਾਹਾ ਪੱਕਾ ਕਰਨ ਦਾ ਕੰਮ ਅਧੂਰਾ ਰਹਿ ਗਿਆ ਹੈ ਤਾਂ ਵਿਭਾਗ ਸਬੰਧਤ ਠੇਕੇਦਾਰ ਨੂੰ ਇਸ ਬਾਰੇ ਪੁੱਛਗਿੱਛ ਕਰੇ।
ਰਜਬਾਹੇ ਦੀ ਮੁਰੰਮਤ ਕਰਵਾਈ ਗਈ, ਛੇਤੀ ਪਾਣੀ ਛੱਡ ਦਿੱਤਾ ਜਾਵੇਗਾ: ਐੱਸਡੀਓ
ਨਹਿਰੀ ਵਿਭਾਗ ਦੇ ਐੱਸਡੀਓ ਰਾਜੇਸ਼ ਸੈਣੀ ਨੇ ਦੱਸਿਆ ਕਿ ਉਦੇਪੁਰ ਮਾਈਨਰ ਇਸ ਸਾਲ ਨਵਾਂ ਬਣਿਆ ਹੈ। ਜੋ ਕਿ 49 ਬੁਰਜੀ ਤੱਕ ਨਵਾਂ ਬਣਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਇਸ ਰਜਬਾਹੇ ਵਿੱਚ ਪਾਣੀ ਛੱਡਿਆ ਗਿਆ ਤਾਂ ਜਿੱਥੋਂ ਇਹ ਰਜਵਾਹਾ ਨਵਾਂ ਬਣਿਆ ਸੀ ਉਥੋਂ ਕੁਝ ਥਾਵਾਂ ਤੋਂ ਪਾਣੀ ਲੀਕ ਹੋ ਗਿਆ ਸੀ। ਇਸ ਕਰਕੇ ਪਾਣੀ ਬੰਦ ਕਰਕੇ ਇਸ ਦੀ ਮੁਰੰਮਤ ਕਰਵਾਈ ਗਈ ਹੈ। ਹੁਣ ਇਸ ਵਿੱਚ ਪਾਣੀ ਛੱਡ ਦਿੱਤਾ ਗਿਆ ਹੈ ਜੋ ਕਿ ਕੱਲ੍ਹ ਤੱਕ ਦੇਵੀਗੜ੍ਹ ਨੇੜੇ ਪਹੁੰਚ ਜਾਵੇਗਾ।