ਸਹਿਕਾਰੀ ਬੈਂਕ ਵਿੱਚ ਸਟਾਫ਼ ਦੀ ਘਾਟ ਕਾਰਨ ਕਿਸਾਨ ਪ੍ਰੇਸ਼ਾਨ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 14 ਨਵੰਬਰ
‘ਦਿ ਲੁਧਿਆਣਾ ਸਹਿਕਾਰੀ ਕੇਂਦਰੀ ਬੈਂਕ’ ਦੀ ਸਾਖ਼ਾ ਮਾਛੀਵਾੜਾ ਸਾਹਿਬ ਵਿੱਚ ਸਟਾਫ਼ ਦੀ ਘਾਟ ਹੋਣ ਕਾਰਨ ਇਸ ਬੈਂਕ ਨਾਲ ਜੁੜੇ ਕਿਸਾਨਾਂ ਤੇ ਹੋਰ ਖਾਤਾ ਧਾਰਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਤਾਧਾਰਕਾਂ ਨੂੰ ਆਪਣਾ ਕੰਮ ਕਰਵਾਉਣ ਲਈ ਲੰਮੀਆਂ ਕਤਾਰਾਂ ’ਚ ਕਈ ਕਈ ਘੰਟੇ ਖੜ੍ਹ ਕੇ ਇੰਤਜ਼ਾਰ ਕਰਨਾ ਪੈ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰੀ ਸਹਿਕਾਰੀ ਬੈਂਕ ਮਾਛੀਵਾੜਾ ਸਾਹਿਬ ਦੀ ਸਾਖ਼ਾ ਵਿੱਚ ਅੱਜਕੱਲ੍ਹ ਕਿਸਾਨਾਂ ਵੱਲੋਂ ਫਸਲਾਂ ਲਈ ਚੁੱਕਿਆ ਕਰਜ਼ਾ ਜਮ੍ਹਾਂ ਕਰਵਾਉਣ ਤੇ ਫਿਰ ਉਸ ਨੂੰ ਕਢਵਾਉਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ ਪਰ ਇੱਥੇ ਸਿਰਫ਼ ਇੱਕ ਮੈਨੇਜਰ ਤੇ ਇੱਕ ਹੀ ਮੁਲਾਜ਼ਮ ਤਾਇਨਾਤ ਹਨ ਜੋ ਬੈਂਕ ਨਾਲ ਜੁੜੇ 2 ਹਜ਼ਾਰ ਖਾਤਾਧਾਰਕਾਂ ਦਾ ਸਾਰਾ ਕੰਮ ਸੰਭਾਲ ਰਹੇ ਹਨ। ਬੈਂਕ ’ਚ ਤਾਇਨਾਤ ਕਰਮਚਾਰੀ ਕੈਸ਼ੀਅਰ ਤੇ ਕਲਰਕ ਦੋਵਾਂ ਦਾ ਕੰਮ ਸੰਭਾਲਦਾ ਹੈ। ਬੈਂਕ ਨਾਲ ਕਰੀਬ 60 ਪਿੰਡਾਂ ਦੀਆਂ 13 ਖੇਤੀਬਾੜੀ ਸਹਿਕਾਰੀ ਸਭਾਵਾਂ ਜੁੜੀਆਂ ਹਨ ਤੇ ਇਨ੍ਹਾਂ ਰਾਹੀਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਨੇ ਬੈਂਕ ਤੋਂ ਕਰਜ਼ਾ ਲਿਆ ਹੈ। ਫ਼ਸਲ ਦੇ ਸੀਜ਼ਨ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਬੈਂਕਾਂ ਦੇ ਗੇੜੇ ਲਾਉਂਦੇ ਹਨ ਪਰ ਸਟਾਫ਼ ਘੱਟ ਹੋਣ ਕਾਰਨ ਅਗਲੀ ਫਸਲ ਬੀਜਣ ਦੇ ਸਮੇਂ ਵਿੱਚ ਵੀ ਉਨ੍ਹਾਂ ਨੂੰ ਮਜਬੂਰਨ ਕਈ ਕਈ ਘੰਟੇ, ਇਥੋਂ ਤੱਕ ਕਿ ਕਈ ਕਈ ਦਿਨ ਬੈਂਕ ਵਿੱਚ ਉਡੀਕ ਕਰਨੀ ਪੈਂਦੀ ਹੈ।
ਬੈਂਕ ਵਿੱਚ ਕੰਮ ਕਰਵਾਉਣ ਆਏ ਕਿਸਾਨਾਂ ਨੇ ਦੱਸਿਆ ਕਿ ਉਹ ਕਣਕ ਦੀ ਬਿਜਾਈ ਵਿੱਚ ਰੁਝੇ ਹਨ ਅਤੇ ਦੂਸਰਾ ਬੈਂਕ ਵੱਲੋਂ ਲਏ ਕਰਜ਼ੇ ਦੀਆਂ ਕਿਸ਼ਤਾਂ ਵੀ ਜਮ੍ਹਾਂ ਕਰਵਾਉਣੀਆਂ ਜ਼ਰੂਰੀ ਹਨ ਪਰ ਸਟਾਫ਼ ਦੀ ਘਾਟ ਕਾਰਨ ਉਨ੍ਹਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਬੈਂਕ ਸਰਕਾਰ ਨਾਲ ਜੁੜੇ ਹੋਏ ਹਨ ਅਤੇ ਇੱਥੇ ਸਟਾਫ਼ ਤੁਰੰਤ ਭੇਜ ਕੇ ਉਨ੍ਹਾਂ ਨੂੰ ਮੁਸ਼ਕਿਲ ਨੂੰ ਹੱਲ ਕਰਨਾ ਚਾਹੀਦਾ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਸਹਿਕਾਰੀ ਬੈਂਕ ’ਚ ਸਟਾਫ਼ ਦੀ ਘਾਟ ਨੂੰ ਪੂਰਾ ਕਰ ਉਨ੍ਹਾਂ ਦੀ ਮੁਸ਼ਕਿਲ ਦੂਰ ਕਰੇ।
ਕੀ ਕਹਿਣਾ ਹੈ ਬੈਂਕ ਮੈਨੇਜਰ ਦਾ
ਲੁਧਿਆਣਾ ਕੇਂਦਰੀ ਸਹਿਕਾਰੀ ਬੈਂਕ ਦੇ ਜ਼ਿਲਾ ਮੈਨੇਜਰ ਜਤਿੰਦਰ ਸਿੰਘ ਗਿੱਲ ਨਾਲ ਕਿਸਾਨਾਂ ਨੂੰ ਦਰਪੇਸ਼ ਸਮੱਸਿਆ ਬਾਰੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਵਾਰ ਵਾਰ ਫੋਨ ਕਰਨ ’ਤੇ ਵੀ ਫੋਨ ਨਾ ਚੁੱਕਿਆ। ਇਸ ਸਬੰਧੀ ਮਾਛੀਵਾੜਾ ਸਾਖਾ ਦੇ ਬੈਂਕ ਮੈਨੇਜਰ ਅਜੈ ਕੁਮਾਰ ਨੇ ਕਿਹਾ ਕਿ ਕੇਂਦਰੀ ਸਹਿਕਾਰੀ ਬੈਂਕ ਮਾਛੀਵਾੜਾ ਵਿੱਚ ਇੱਕ ਮੈਨੇਜਰ, ਇੱਕ ਕੈਸ਼ੀਅਰ ਤੇ 2 ਕਲਰਕਾਂ ਦੀਆਂ ਪੋਸਟਾਂ ਹਨ। ਉਨ੍ਹਾਂ ਕਿਹਾ ਕਿ ਇੱਥੇ ਸਿਰਫ਼ ਇੱਕ ਕਰਮਚਾਰੀ ਡਿਊਟੀ ਕਰ ਰਿਹਾ ਹੈ ਤੇ 2 ਕਰਮਚਾਰੀਆਂ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਸਟਾਫ਼ ਦੀ ਘਾਟ ਸਬੰਧੀ ਉਨ੍ਹਾਂ ਕਈ ਵਾ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੈ।