ਡੀਏਪੀ ਖਾਦ ਦੀ ਘਾਟ ਕਾਰਨ ਕਿਸਾਨ ਪ੍ਰੇਸ਼ਾਨ
ਪੱਤਰ ਪ੍ਰੇਰਕ
ਕਾਲਾਂਵਾਲੀ, 22 ਅਕਤੂਬਰ
ਡੀਏਪੀ ਖਾਦ ਦੀ ਸਮੱਸਿਆ ਸਬੰਧੀ ਕਾਲਾਂਵਾਲੀ ਦੇ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਨੇ ਕਿਸਾਨਾਂ ਨੂੰ ਨਾਲ ਲੈ ਕੇ ਅੱਜ ਕਾਲਾਂਵਾਲੀ ਮਲਟੀਪਰਪਜ਼ ਪ੍ਰਾਇਮਰੀ ਐਗਰੀਕਲਚਰਲ ਕੋਆਪ੍ਰੇਟਿਵ ਸੁਸਾਇਟੀ ਲਿਮਟਿਡ ਕਾਲਾਂਵਾਲੀ ਦੇ ਪੈਕਸ ਦਫ਼ਤਰ ਵਿੱਚ ਪਹੁੰਚ ਕੇ ਦਫ਼ਤਰ ਵਿੱਚ ਮੌਜੂਦ ਕਰਮਚਾਰੀਆਂ ਤੋਂ ਡੀਏਪੀ ਖਾਦ ਬਾਰੇ ਜਾਣਕਾਰੀ ਲਈ। ਮੁਲਾਜ਼ਮਾਂ ਨੇ ਵਿਧਾਇਕ ਨੂੰ ਦੱਸਿਆ ਕਿ ਹੁਣ ਤੱਕ ਡੀਏਪੀ ਖਾਦ ਦਾ ਇੱਕ ਵੀ ਥੈਲਾ ਉਨ੍ਹਾਂ ਦੇ ਦਫ਼ਤਰ ਨਹੀਂ ਪੁੱਜਿਆ, ਜਿਸ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਵਿਧਾਇਕ ਕੇਹਰਵਾਲਾ ਨੇ ਡਿਪਟੀ ਕਮਿਸ਼ਨਰ ਸਿਰਸਾ, ਪੈਕਸ ਦੇ ਜ਼ਿਲ੍ਹਾ ਮੈਨੇਜਰ ਅਤੇ ਹੈਫੇਡ ਦੇ ਜ਼ਿਲ੍ਹਾ ਮੈਨੇਜਰ ਨਾਲ ਫ਼ੋਨ ’ਤੇ ਗੱਲਬਾਤ ਕੀਤੀ ਅਤੇ ਕਾਲਾਂਵਾਲੀ ਪੈਕਸ ਅਤੇ ਹੋਰ ਪੇਕਸ ਸੁਸਾਇਟੀਆਂ ਵਿੱਚ ਡੀਏਪੀ ਖਾਦ ਲੋੜੀਂਦੀ ਮਾਤਰਾ ਵਿੱਚ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੱਛੋਂ ਲੋੜੀਂਦੀ ਮਾਤਰਾ ਵਿੱਚ ਖਾਦ ਨਹੀਂ ਮਿਲ ਰਹੀ, ਜਿਸ ਕਾਰਨ ਖਾਦ ਦੀ ਘਾਟ ਹੈ। ਵਿਧਾਇਕ ਕੇਹਰਵਾਲਾ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀਆਂ ਗੱਲਾਂ ਕਰ ਰਹੀ ਹੈ, ਉਥੇ ਹੀ ਖਾਦਾਂ ਦੀ ਘਾਟ ਕਾਰਨ ਉਨ੍ਹਾਂ ਦੀਆਂ ਫ਼ਸਲਾਂ ਦੀ ਸਮੇਂ ਸਿਰ ਬਿਜਾਈ ਨਹੀਂ ਹੋ ਰਹੀ, ਅਜਿਹੀ ਹਾਲਤ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਿਵੇਂ ਹੋਵੇਗੀ।