ਸ਼ਹਿਣਾ ’ਚ ਡੀਏਪੀ ਖਾਦ ਦੀ ਘਾਟ ਕਾਰਨ ਕਿਸਾਨ ਪ੍ਰੇਸ਼ਾਨ
ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 29 ਅਕਤੂਬਰ
ਇਥੇ ਇਲਾਕੇ ’ਚ ਡੀਏਪੀ ਖਾਦ ਦੀ ਘਾਟ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਸਾਨਾਂ ਨੂੰ ਝੋਨਾ ਵੱਢਣ, ਮੰਡੀਆਂ ’ਚ ਸੁੱਟਣ ਤੋਂ ਇਲਾਵਾ ਡੀਏਪੀ ਖਾਦ ਦੀ ਵੀ ਚਿੰਤਾ ਹੈ। ਕਿਸਾਨਾਂ ਨੇ 15 ਤੋਂ 20 ਨਵੰਬਰ ਦਰਮਿਆਨ ਕਣਕ ਦੀ ਬਿਜਾਈ ਕਰਨੀ ਹੁੰਦੀ ਹੈ ਅਤੇ ਡੀਏਪੀ ਦੀ ਥੁੜ੍ਹ ਹੈ। ਕਾਫੀ ਕਿਸਾਨਾਂ ਨੂੰ ਡੀਏਪੀ ਖਾਦ ਦੀ ਪੂਰਤੀ ਲਈ ਲਾਗਲੇ ਸ਼ਹਿਰਾਂ ’ਚ ਵੀ ਜਾਂਦੇ ਦੇਖਿਆ ਗਿਆ ਹੈ।
ਸਹਿਕਾਰੀ ਸਭਾ ਸ਼ਹਿਣਾ ਦੇ ਸੈਕਟਰੀ ਬੇਅੰਤ ਸਿੰਘ ਗੋਸਲ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਸਹਿਕਾਰੀ ਸਭਾ ਕੋਲ 6 ਹਜ਼ਾਰ ਗੱਟਾ ਡੀਏਪੀ ਦੀ ਮੰਗ ਹੈ ਪ੍ਰੰਤੂ ਹਾਲੇ ਤੱਕ ਇਫਕੋ ਅਤੇ ਮਾਰਕਫੈੱਡ ਦਾ 3000 ਗੱਟਾ ਹੀ ਆਇਆ ਹੈ, ਜੋ ਕਿਸਾਨਾਂ ਦੀਆਂ ਕਾਪੀਆਂ ਅਨੁਸਾਰ ਵੰਡ ਦਿੱਤਾ ਹੈ। ਕਿਸਾਨ ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਕਾਲਾ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ 80 ਫੀਸਦੀ ਖਾਦਾਂ ਸਹਿਕਾਰੀ ਸਭਾਵਾਂ ਨੂੰ ਦੇਣ ਦਾ ਐਲਾਨ ਕੀਤਾ ਸੀ ਪ੍ਰੰਤੂ ਫੇਰ ਵੀ ਸਹਿਕਾਰੀ ਸਭਾਵਾਂ ’ਚ ਡੀਏਪੀ ਦੀ ਥੁੜ੍ਹ ਹੈ। ਕਿਸਾਨ ਆਗੂ ਗੁਰਪ੍ਰੀਤ ਸਿੰਘ ਸ਼ਹਿਣਾ ਨੇ ਕਿਹਾ ਕਿ ਮੋਦੀ ਸਰਕਾਰ ਅਤੇ ਸੂਬਾ ਸਰਕਾਰ ਹਰ ਸਾਲ ਕਣਕ ਦੀ ਬਿਜਾਈ ਵੇਲੇ ਡੀਏਪੀ ਦੀ ਥੁੜ੍ਹ ਪਾ ਦਿੰਦੀ ਹੈ। ਇਹ ਸਥਿਤੀ 5 ਸਾਲਾਂ ਤੋਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਹਰ ਸਾਲ ਕਣਕ ਦੀ ਬਿਜਾਈ ਤੋਂ ਪਹਿਲਾਂ ਡੀਏਪੀ ਖਾਦ ਦਾ ਸੰਕਟ ਖੜ੍ਹਾ ਕਰ ਦਿੱਤੀ ਹੈ ਜਿਸ ਦਾ ਫਾਇਦਾ ਪ੍ਰਾਈਵੇਟ ਡੀਲਰਾਂ ਨੂੰ ਮਿਲਦੇ ਹੈ ਜਿਹੜੇ ਖਾਦ ਨਾਲ ਵਾਧੂ ਸਾਮਾਨ ਕਿਸਾਨਾਂ ਨੂੰ ਵੇਚਦੇ ਹਨ।