ਪਿੰੰਡਾਂ ’ਚ ਲੱਗਦੇ ਬਿਜਲੀ ਕੱਟਾਂ ਤੋਂ ਕਿਸਾਨ ਪ੍ਰੇਸ਼ਾਨ
ਪੱਤਰ ਪ੍ਰੇਰਕ
ਜਲੰਧਰ, 9 ਸਤੰਬਰ
ਆਦਮਪੁਰ ਇਲਾਕੇ ਦੇ ਡੀਂਗਰੀਆਂ ਫੀਡਰ ਨਾਲ ਲੱਗਦੇ ਪਿੰਡ ਪੰਡੋਰੀ ਨਿੱਝਰਾਂ ਅਤੇ ਹੋਰ ਪਿੰਡਾਂ ਵਿੱਚ ਮੋਟਰਾਂ ਦੀ ਬਿਜਲੀ ਘੱਟ ਆਉਣ ਕਾਰਨ ਕਿਸਾਨ ਪ੍ਰੇਸ਼ਾਨ ਹਨ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਦਿਹਾਤੀ ਯੂਥ ਮੀਤ ਪ੍ਰਧਾਨ ਹਰਨੀਤ ਸਿੰਘ ਨਿੱਝਰ ਦੀ ਅਗਵਾਈ ਹੇਠ ਕਿਸਾਨਾਂ ਨੇ ਐੱਸਡੀਓ ਆਦਮਪੁਰ ਨੂੰ ਇੱਕ ਮੰਗ ਪੱਤਰ ਦਿੱਤਾ। ਇਸ ਵਿਚ ਲਿਖਿਆ ਕਿ ਕਿਸਾਨਾਂ ਵੱਲੋਂ ਬੜੀ ਮਿਹਨਤ ਨਾਲ ਤਿਆਰ ਕੀਤੀ ਪੱਕਣ ’ਤੇ ਆਈ ਝੋਨੇ ਅਤੇ ਗੰਨੇ ਦੀ ਫ਼ਸਲ ਦਾ ਬਿਜਲੀ ਘੱਟ ਆਉਣ ਕਾਰਨ ਭਾਰੀ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਵੱਲੋਂ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨਾਲ ਵਾਰ-ਵਾਰ ਫੋਨ ’ਤੇ ਸੰਪਰਕ ਕਰ ਕੇ ਬਿਜਲੀ ਦੀ ਸਪਲਾਈ ਨੂੰ ਠੀਕ ਕਰਨ ਦੀ ਬੇਨਤੀ ਕੀਤੀ ਗਈ ਹੈ ਪਰ ਅਜੇ ਤੱਕ ਬਿਜਲੀ ਦੀ ਲੋੜੀਂਦੀ ਸਪਲਾਈ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਨੇ ਬਿਜਲੀ ਦੀ ਸਪਲਾਈ ਮੰਗੀ। ਇਸ ਮੌਕੇ ਪਰਮਿੰਦਰ ਸਿੰਘ, ਸੁਰਿੰਦਰ ਸਿੰਘ ਬੱਬਰ, ਦਲਜੀਤ ਸਿੰਘ ਲਾਡੀ, ਹਰਜੀਤ ਸਿੰਘ, ਬਰਕਤ ਅਲੀ, ਨਰਿਗੰਰ ਸਿੰਘ, ਰਣਜੀਤ ਸਿੰਘ ਰਵਿੰਦਰ ਸਿੰਘ, ਅਮਰਦੀਪ ਸਿੰਘ, ਜਗਦੀਪ ਸਿੰਘ, ਚਰਨਜੀਤ ਸਿੰਘ ਸਮੇਤ ਇਲਾਕੇ ਦੇ ਕਿਸਾਨ ਹਾਜ਼ਰ ਸਨ।