ਜ਼ਿਮਨੀ ਚੋਣ ਵਿੱਚ ‘ਆਪ’ ਉਮੀਦਵਾਰ ਦੇ ਦਫ਼ਤਰ ਦਾ ਘਿਰਾਓ ਕਰਨਗੇ ਕਿਸਾਨ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 1 ਨਵੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਅੱਜ ਇਥੇ ਦੱਸਿਆ ਕਿ 3 ਨਵੰਬਰ ਨੂੰ ਕਿਸਾਨਾਂ ਵੱਲੋਂ ਬਰਨਾਲਾ ਜ਼ਿਮਨੀ ਚੋਣ ’ਚ ਖੜ੍ਹੇ ਹਾਕਮ ਧਿਰ ‘ਆਪ’ ਦੇ ਉਮੀਦਵਾਰ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਨੇੜਲੇ ਪਿੰਡ ਕਮਾਲਪੁਰਾ ਵਿੱਚ ਅੱਜ ਕੀਤੀ ਗਈ ਲਾਮਬੰਦੀ ਮੀਟਿੰਗ ’ਚ ਉਚੇਚੇ ਤੌਰ ’ਤੇ ਪਹੁੰਚੇ ਸੂਬਾ ਪ੍ਰਧਾਨ ਧਨੇਰ ਨੇ ਦੱਸਿਆ ਕਿ ਪਿਛਲੇ ਦੋ ਸਾਲ ਤੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਕੁਲਰੀਆਂ ਦੇ ਆਬਾਦਕਾਰ ਕਿਸਾਨਾਂ ਨੂੰ ਜ਼ਮੀਨ ਮਾਲਕੀ ਦਾ ਹੱਕ ਦਿਵਾਉਣ ਦੀ ਲਗਾਤਾਰ ਲੜੀ ਜਾ ਰਹੀ ਲੜਾਈ ਦਾ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਈ ਹੱਲ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ‘ਆਪ’ ਦੇ ਵਿਧਾਇਕ ਬੁੱਧ ਰਾਮ ਦੀ ਕਥਿਤ ਸ਼ਹਿ ’ਤੇ ਇਸ ਵਾਰ ਬੁਰੀ ਤਰ੍ਹਾਂ ਹਾਰ ਗਏ ਰਾਜੂ ਸਰਪੰਚ ਨੇ ਗੁੰਡਾਗਰਦੀ ਕਰ ਕੇ ਕਿਸਾਨਾਂ ਨੂੰ ਉਜਾੜ ਦਿੱਤਾ। ਇਸ ਦੇ ਨਾਲ ਹੀ ਜ਼ਮੀਨ ਦਾ ਹੱਕ ਹਾਸਲ ਕਰਨ ਲਈ ਲੜ ਰਹੇ ਕਿਸਾਨਾਂ ’ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ’ਚ ਪਰਚਾ ਦਰਜ ਹੋਣ ਦੇ ਬਾਵਜੂਦ ਗ੍ਰਿਫ਼ਤਾਰ ਨਾ ਕਰਨਾ ਸਾਬਤ ਕਰਦਾ ਹੈ ਕਿ ਅਕਾਲੀਆਂ, ਕਾਂਗਰਸ ਤੇ ‘ਆਪ’ ਵਿੱਚ ਕੋਈ ਫਰਕ ਨਹੀਂ ਹੈ। ਧਨੇਰ ਨੇ ਕਿਹਾ ਕਿ ਦੋ ਸਾਲ ਤੋਂ ਕੁਲਰੀਆਂ ਅਤੇ ਮਾਨਸਾ ’ਚ ਨਿਰੰਤਰ ਸੰਘਰਸ਼ ਕਰਨ ਦੇ ਅਤੇ ਮਾਨਸਾ ਪ੍ਰਸ਼ਾਸਨ ਵਲੋਂ ਸੱਤ ਅੱਠ ਵਾਰ ਭਰੋਸਾ ਦੇਣ ਦੇ ਬਾਵਜੂਦ ਕੋਈ ਹੱਲ ਨਹੀਂ ਕੀਤਾ ਗਿਆ ਹੈ। ਇਸ ਲਈ ਆਬਾਦਕਾਰ ਕਿਸਾਨਾਂ ਦਾ ਜ਼ਮੀਨੀ ਹੱਕ ਬਹਾਲ ਕਰਾਉਣ ਲਈ ਤੇ ਸਾਬਕਾ ਸਰਪੰਚ ਦੀ ਗ੍ਰਿਫ਼ਤਾਰੀ ਲਈ 3 ਨਵੰਬਰ ਨੂੰ ਪੰਜਾਬ ਦੇ ਕਿਸਾਨ ਬਰਨਾਲਾ ਕਚਿਹਰੀ ਚੌਕ ’ਚ ਇੱਕਠੇ ਹੋ ਕੇ ‘ਆਪ’ ਦੇ ਉਮੀਦਵਾਰ ਦੇ ਦਫ਼ਤਰ ਦਾ ਘਿਰਾਓ ਕਰਨਗੇ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ 126 ਝੋਨੇ ਦੀ ਐੱਮਐੱਸਪੀ ਤੋਂ ਘੱਟ ਰੇਟ ’ਤੇ ਕੀਤੀ ਗਈ ਖਰੀਦ ਦੀ ਭਰਪਾਈ ਲਈ, ਸ਼ੈਲਰ ਮਾਲਕਾਂ ਵੱਲੋਂ ਕੱਟੀ ਕਾਟ ਵਾਪਸ ਕਰਵਾਉਣ ਲਈ, ਡੀਏਪੀ ਦੀ ਸਪਲਾਈ ਯਕੀਨੀ ਬਣਾਉਣ ਲਈ, ਪਰਾਲੀ ਦੇ ਪਰਚੇ ਰੱਦ ਕਰਾਉਣ ਲਈ ਆਰ-ਪਾਰ ਦੀ ਲੜਾਈ ਲੜਨ ਜਾ ਰਹੀ ਹੈ।
ਪਿੰਡ ਕਮਾਲਪੁਰਾ ਵਿੱਚ ਬੀਕੇਯੂ (ਡਕੌਂਦਾ) ਦੀ ਇਕਾਈ ਚੁਣੀ
ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਦੀ ਅਗਵਾਈ ਹੇਠ ਪਿੰਡ ਕਮਾਲਪੁਰਾ ਦੀ ਬੀਕੇਯੂ ਏਕਤਾ (ਡਕੌਂਦਾ) ਦੀ ਪਿੰਡ ਇਕਾਈ ਦੀ ਚੋਣ ਕੀਤੀ ਗਈ ਜਿਸ ’ਚ ਬਲਵਿੰਦਰ ਸਿੰਘ ਬਾਬਾ ਪ੍ਰਧਾਨ, ਬਲਵੰਤ ਸਿੰਘ ਪੱਪੂ ਸੀਨੀਅਰ ਮੀਤ ਪ੍ਰਧਾਨ, ਸੋਹਣ ਸਿੰਘ ਮੀਤ ਪ੍ਰਧਾਨ, ਬਲਜੀਤ ਸਿੰਘ ਸੱਕਤਰ, ਤੇਜਿੰਦਰ ਸਿੰਘ ਮੁੱਖ ਬੁਲਾਰਾ, ਪਰਮਾਤਮਾ ਸਿੰਘ ਬੁਲਾਰਾ, ਜਸਪਾਲ ਸਿੰਘ ਭੱਟੀ ਜਨਰਲ ਸਕੱਤਰ, ਸਤਿੰਦਰਪਾਲ ਸਿੰਘ ਸਕੱਤਰ, ਜਗਤਾਰ ਸਿੰਘ ਸਹਾਇਕ ਸਕੱਤਰ ਚੁਣੇ ਗਏ। ਇਸ ਤੋਂ ਇਲਾਵਾ ਅਕਾਸ਼ਦੀਪ ਸਿੰਘ ਤੇ ਪਰਮਦੀਪ ਸਿੰਘ ਲਾਲੀ ਮੀਡੀਆ ਸਲਾਹਕਾਰ, ਭਵਨਦੀਪ ਸਿੰਘ ਸਹਾਇਕ ਖਜ਼ਾਨਚੀ ਚੁਣੇ ਗਏ।