Farmer protest: ਕਿਸਾਨਾਂ ਦੇ ਜ਼ਖ਼ਮੀ ਹੋਣ ਤੋਂ ਬਾਅਦ ਦਿੱਲੀ ਚੱਲੋ ਮੋਰਚਾ ਮੁਲਤਵੀ
11:57 AM Dec 08, 2024 IST
Advertisement
ਸਰਬਜੀਤ ਸਿੰਘ ਭੰਗੂ/ਰਤਨ ਸਿੰਘ ਢਿੱਲੋਂ
ਸ਼ੰਭੂ (ਪਟਿਆਲਾ)/ਅੰਬਾਲਾ, 8 ਦਸੰਬਰ
ਇੱਥੇ ਦੀ ਹਰਿਆਣਾ ਹੱਦ ’ਤੇ ਕਈ ਕਿਸਾਨਾਂ ਦੇ ਜ਼ਖ਼ਮੀ ਹੋਣ ਤੋਂ ਬਾਅਦ ਦਿੱਲੀ ਕੂਚ ਇਕ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ। ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਲਈ ਕਾਨੂੰਨੀ ਗਾਰੰਟੀ ਸਣੇ ਵੱਖ ਵੱਖ ਮੰਗਾਂ ਨੂੰ ਲੈ ਕੇ ਕੇਂਦਰ ’ਤੇ ਦਬਾਅ ਬਣਾਉਣ ਲਈ 101 ਕਿਸਾਨਾਂ ਦਾ ਇਕ ਹੋਰ ਜਥਾ ਅੱਜ ਦੁਪਹਿਰ 12 ਵਜੇ ਸ਼ੰਭੂ ਬਾਰਡਰ ਤੋਂ ਦਿੱਲੀ ਲਈ ਰਵਾਨਾ ਹੋਇਆ। ਸ਼ੰਭੂ ਬਾਰਡਰ ’ਤੇ ਹਰਿਆਣਾ ਵਾਲੇ ਤਾਇਨਾਤ ਹਰਿਆਣਾ ਪੁਲੀਸ ਨੇ ਜਥੇ ਨੂੰ ਅੱਗੇ ਵਧਣ ਤੋਂ ਰੋਕਣ ਲਈ ਗੱਲਬਾਤ ਤੋਂ ਬਾਅਦ ਬਾਅਦ ਦੁਪਹਿਰ 12.40 ਵਜੇ ਅੱਥਰੂ ਗੈਸ ਦੇ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ ਜਿਸ ਕਾਰਨ ਕਿਸਾਨਾਂ ਵਿੱਚ ਭਗਦੜ ਮੱਚ ਗਈ। ਇਸ ਦੌਰਾਨ ਅੱਜ ਫਿਰ ਕਈ ਕਿਸਾਨ ਜ਼ਖ਼ਮੀ ਹੋ ਗਏ ਤੇ ਚਾਰ ਘੰਟਿਆਂ ਦੀ ਜੱਦੋ ਜਹਿਦ ਤੋਂ ਬਾਅਦ ਸਰਵਣ ਸਿੰਘ ਪੰਧੇਰ ਵੱਲੋਂ ਕੀਤੀ ਗਈ ਅਪੀਲ ’ਤੇ ਕਿਸਾਨਾਂ ਦਾ ਜਥਾ ਵਾਪਸ ਕੈਂਪ ਵਿੱਚ ਪਰਤ ਆਇਆ। ਅਗਲਾ ਪ੍ਰੋਗਰਾਮ ਉਹ 5 ਵਜੇ ਪ੍ਰੈੱਸ ਕਾਨਫਰੰਸ ਕਰਕੇ ਦੇਣਗੇ। ਮੋਰਚੇ ਦੇ ਮੋਢੀ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਜ਼ਖ਼ਮੀ ਕਿਸਾਨਾਂ ਵਿੱਚੋਂ ਇੱਕ ਕਿਸਾਨ ਦੀ ਹਾਲਤ ਵਧੇਰੇ ਗੰਭੀਰ ਹੋਣ ਕਾਰਨ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਦੋਹਾਂ ਧਿਰਾਂ ਵਿਚਾਲੇ ਕਾਫੀ ਬਹਿਸ ਹੋਈ ਹੈ। ਹਰਿਆਣਾ ਪੁਲੀਸ ਨੇ ਕਿਸਾਨਾਂ ਨੂੰ ਚਾਹ ਅਤੇ ਬਿਸਕੁਟ ਦੀ ਪੇਸ਼ਕਸ਼ ਵੀ ਕੀਤੀ। ਇਸ ਦੌਰਾਨ ਹਰਿਆਣਾ ਪੁਲੀਸ ਨੇ ਕਿਸਾਨਾਂ ਨੂੰ ਪੈਦਲ ਮਾਰਚ ਕਰਨ ਲਈ ਲੋੜੀਂਦੀ ਮਨਜ਼ੂਰੀ ਦਿਖਾਉਣ ਲਈ ਕਿਹਾ।
ਅੱਥਰੂ ਗੈਸ ਦੇ ਗੋਲੇ ਦਾਗੇ ਜਾਣ ਕਾਰਨ ਕਿਸਾਨਾਂ ਨੂੰ ਕੁਝ ਮੀਟਰ ਪਿੱਛੇ ਹਟਣਾ ਪਿਆ। ਇਨ੍ਹਾਂ ਵਿੱਚੋਂ ਕੁਝ ਕਿਸਾਨਾਂ ਨੇ ਆਪਣੇ ਚਿਹਰੇ ਢਕੇ ਹੋਏ ਸਨ ਅਤੇ ਕੁਝ ਨੇ ਚਸ਼ਮੇ ਪਹਿਨੇ ਹੋਏ ਸਨ। ਕੁਝ ਕਿਸਾਨ ਜੂਟ ਦੀਆਂ ਗਿੱਲੀਆਂ ਬੋਰੀਆਂ ਨਾਲ ਅੱਥਰੂ ਗੈਸ ਦੇ ਗੋਲਿਆਂ ਤੋਂ ਬੱਚਦੇ ਹੋਏ ਦਿਖੇ।
ਉੱਧਰ, ਹਰਿਆਣਾ ਪੁਲੀਸ ਨੇ ਬੀਤੇ ਕੱਲ੍ਹ ਪੰਜਾਬ ਪੁਲੀਸ ਨੂੰ ਪੱਤਰ ਲਿਖ ਕੇ ਇਹ ਯਕੀਨੀ ਬਣਾਉਣ ਲਈ ਕਿਹਾ ਸੀ ਕਿ ਮੀਡੀਆ ਕਰਮੀਆਂ ਦੀ ਸੁਰੱਖਿਆ ਲਈ ਉਨ੍ਹਾਂ ਨੂੰ ਪ੍ਰਦਰਸ਼ਨ ਵਾਲੀ ਥਾਂ ਤੋਂ ਕੁਝ ਦੂਰ ਹੀ ਰੋਕਿਆ ਜਾਵੇ, ਜਿਸ ਨਾਲ ਕਾਨੂੰਨ ਵਿਵਸਥਾ ਕਾਇਮ ਰੱਖਣ ਵਿੱਚ ਵੀ ਆਸਾਨੀ ਹੋਵੇਗੀ।
Advertisement
Advertisement