ਕਿਸਾਨ ਹੁਣ ਅਨਾਜ ਮੰਡੀਆਂ ਵਿੱਚ ਲਾਉਣਗੇ ਧਰਨੇ
ਦੇਵਿੰਦਰ ਸਿੰਘ ਜੱਗੀ
ਪਾਇਲ, 2 ਨਵੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਪਾਇਲ ਸਥਿਤ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਦਫ਼ਤਰ ਅੱਗੇ 16 ਦਿਨਾਂ ਤੋਂ ਚੱਲ ਰਿਹਾ ਧਰਨਾ ਤਬਦੀਲ ਕਰ ਕੇ ਮੰਡੀਆਂ ਵਿੱਚ ਲਿਜਾਣ ਦਾ ਫ਼ੈਸਲਾ ਕੀਤਾ ਗਿਆ। ਕਿਸਾਨ ਆਗੂਆਂ ਨੇ ਮੰਡੀਆਂ ਵਿੱਚ ਫਸਲ ਵਿਕਵਾਉਣ ਤੇ ਲਿਫਟਿੰਗ ਕਰਵਾਉਣ ਲਈ ਦਬਾਅ ਬਣਾਉਣ ਦਾ ਫੈਸਲਾ ਕੀਤਾ ਹੈ। ਅੱਜ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਹੀ ਹੋਈ ਸੂਬਾ ਕਮੇਟੀ ਦੀ ਮੀਟਿੰਗ ਨੇ ਸੋਚ ਵਿਚਾਰ ਕਰਨ ਮਗਰੋਂ ਚੱਲ ਰਹੇ ਧਰਨਿਆਂ ਨੂੰ ਬਦਲ ਕੇ ਦਾਣਾ ਮੰਡੀਆਂ ਵਿੱਚ ਆੜ੍ਹਤੀਆਂ, ਸ਼ੈਲਰ ਮਾਲਕਾਂ ਤੇ ਖਰੀਦ ਏਜੰਸੀਆਂ ਦੀ ਰਲੀ ਮਿਲੀ ਲੁੱਟ ਖ਼ਿਲਾਫ਼ ਸੇਧਿਤ ਕਰਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਸੂਬਾ ਕਮੇਟੀ ਨੇ ਮਹਿਸੂਸ ਕੀਤਾ ਹੈ ਕਿ ਕੰਮ ਦੀ ਰੁੱਤ ਦੇ ਬਾਵਜੂਦ ਕਿਸਾਨ ਸਿਆਸੀ ਆਗੂਆਂ ਤੇ ਟੌਲ ਪਲਾਜ਼ਿਆਂ ’ਤੇ ਡਟੇ ਹੋਏ ਹਨ ਅਤੇ ਮੰਡੀਆਂ ਵਿੱਚ ਝੋਨਾ ਵਿਕਵਾਉਣ, ਲਿਫਟਿੰਗ ਕਰਾਉਣ ਅਤੇ ਹੋ ਰਹੀ ਲੁੱਟ ਖੁਸੱਟ ਖ਼ਿਲਾਫ਼ ਦਬਾਅ ਬਣਾਉਣ ਲਈ ਸਮਾਂ ਘੱਟ ਮਿਲ ਰਿਹਾ ਹੈ, ਸੋ ਕੱਲ੍ਹ ਤੋਂ ਮੰਡੀਆਂ ਵਿੱਚ ਮੋਰਚੇ ਲਾਏ ਜਾਣਗੇ ਤੇ ਫ਼ਸਲ ਦਾ ਇੱਕ ਇੱਕ ਦਾਣਾ ਵਿਕਵਾਉਣ ਲਈ ਦਬਾਅ ਬਣਾਇਆ ਜਾਵੇਗਾ। ਆਗੂਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੀ ਫਸਲ ਘੱਟ ਰੇਟ ’ਤੇ ਨਾ ਵੇਚਣ ਅਤੇ ਜਥੇਬੰਦਕ ਦਬਾਅ ਤਹਿਤ ਫ਼ਸਲ ਵਿਕਵਾਉਣ ਲਈ ਸੰਘਰਸ਼ ਦੇ ਮੈਦਾਨ ਵਿੱਚ ਆਉਣ। ਅੱਜ ਦੇ ਧਰਨੇ ਨੂੰ ਜ਼ਿਲ੍ਹਾ ਵਿੱਤ ਸਕੱਤਰ ਰਾਜਿੰਦਰ ਸਿੰਘ ਸਿਆੜ, ਬਲਵੰਤ ਸਿੰਘ ਘੁਡਾਣੀ, ਮਨੋਹਰ ਸਿੰਘ ਕਲਾਹੜ, ਜਸਵੀਰ ਸਿੰਘ ਅਕਸਰੀਪੁਰ, ਜੋਰਾ ਸਿੰਘ ਸਿਆੜ, ਹਰਜੀਤ ਸਿੰਘ ਘਲੋਟੀ, ਮੇਜਰ ਸਿੰਘ ਜੀਰਖ, ਬਲਵਿੰਦਰ ਸਿੰਘ ਨਿਜਾਮਪੁਰ, ਪਰਮਜੀਤ ਸਿੰਘ ਝੱਮਟ ਆਦਿ ਨੇ ਵੀ ਸੰਬੋਧਨ ਕੀਤਾ ਅਤੇ ਆਕਾਸ਼ ਗੂੰਜਾਊ ਨਾਹਰਿਆਂ ਨਾਲ ਧਰਨੇ ਦੀ ਸਮਾਪਤੀ ਕੀਤੀ ਗਈ।