ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨ ਅੱਜ ਮਨਾਉਣਗੇ ਅਰਦਾਸ ਦਿਵਸ, 14 ਨੂੰ ਦਿੱਲੀ ਕੂਚ ਕਰਨਗੇ

05:53 AM Dec 11, 2024 IST
ਸ਼ੰਭੂ ਬਾਰਡਰ ’ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸਰਵਣ ਸਿੰਘ ਪੰਧੇਰ।

* ਕੇਂਦਰ ਸਰਕਾਰ ਵੱਲੋਂ ਗੱਲਬਾਤ ਲਈ ਨਹੀਂ ਮਿਲਿਆ ਸੱਦਾ

Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਦਸੰਬਰ
ਸ਼ੰਭੂ ਬਾਰਡਰ ਤੋਂ ਮਰਜੀਵੜਿਆਂ ਦੇ ਰੂਪ ’ਚ ਕਿਸਾਨਾਂ ਦਾ ਤੀਜਾ ਜਥਾ ਹੁਣ 14 ਦਸੰਬਰ ਨੂੰ ਦਿੱਲੀ ਵੱਲ ਕੂਚ ਕਰੇਗਾ। ਕਿਸਾਨ ਭਲਕੇ 11 ਦਸੰਬਰ ਨੂੰ ਕਿਸਾਨ ਅਰਦਾਸ ਦਿਵਸ ਵਜੋਂ ਮਨਾਉਣਗੇ। ਇਸ ਦੌਰਾਨ ਪੰਦਰਾਂ ਦਿਨਾ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਦਿੱਲੀ ਕੂਚ ਦੌਰਾਨ ਜ਼ਖ਼ਮੀ ਹੋਏ ਕਿਸਾਨਾਂ ਸਮੇਤ ਮੋਰਚੇ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ ਜਾਵੇਗੀ। ਸ਼ੰਭੂ ਬਾਰਡਰ ’ਤੇ ਸਵੇਰੇ 10 ਵਜੇ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਹੋ ਜਾਵੇਗਾ। ਕਿਸਾਨਾਂ ਨੂੰ ਅੱਜ ਵੀ ਕੇਂਦਰ/ਹਰਿਆਣਾ ਸਰਕਾਰ ਵੱਲੋਂ ਗੱਲਬਾਤ ਲਈ ਕੋਈ ਸੱਦਾ ਨਹੀਂ ਮਿਲਿਆ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਅੱਜ ਸ਼ਾਮੀਂ ਸ਼ੰਭੂ ਬਾਰਡਰ ’ਤੇ ਪ੍ਰੈੱਸ ਕਾਨਫਰੰਸ ਦੌਰਾਨ ਸਮੂਹ ਪੰਜਾਬੀਆਂ ਨੂੰ ਗੁਰਦੁਆਰਿਆਂ ਵਿਚ ਜਾ ਕੇ ਅਰਦਾਸ ਕਰਨ ਦੀ ਅਰਜੋਈ ਕੀਤੀ। ਉਨ੍ਹਾਂ ਕਿਹਾ ਕਿ 13 ਫਰਵਰੀ ਨੂੰ ਸ਼ੁਰੂ ਹੋਏ ਮੋਰਚੇ ਦੇ 13 ਦਸੰਬਰ ਨੂੰ ਦਸ ਮਹੀਨੇ ਪੂਰੇ ਹੋ ਜਾਣਗੇ। ਉਨ੍ਹਾਂ ਵੱਧ ਤੋਂ ਵੱਧ ਕਿਸਾਨਾਂ ਨੂੰ ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਪਹੁੰਚਣ ਦਾ ਸੱਦਾ ਵੀ ਦਿੱਤਾ। ਉਧਰ ਇਸੇ ਕੜੀ ਵਜੋਂ ਅੰਮ੍ਰਿਤਸਰ ਇਲਾਕੇ ਵਿਚੋਂ ਅੱਜ ਵੱਡੀ ਗਿਣਤੀ ਕਿਸਾਨ ਕਾਫਲਿਆਂ ਦੇ ਰੂਪ ’ਚ ਸ਼ੰਭੂ ਬਾਰਡਰ ’ਤੇ ਪੁੱਜੇ। ਪੰਧੇਰ ਨੇ ਦੱਸਿਆ ਕਿ ਕੇਂਦਰ ਸਰਕਾਰ ਨਾਲ ਗੱਲਬਾਤ ਦਾ ਉਨ੍ਹਾਂ ਨੂੰ ਅੱਜ ਵੀ ਕੋਈ ਸੱਦਾ ਨਹੀਂ ਆਇਆ ਤੇ ਇਸ ਕਾਰਨ 14 ਦਸੰਬਰ ਨੂੰ ਅਗਲਾ ਜਥਾ ਭੇਜਿਆ ਜਾਵੇਗਾ। ਇਸ ਮੌਕੇ ਜਸਵਿੰਦਰ ਲੌਂਗੋਵਾਲ, ਤੇਜਵੀਰ ਪੰਜੋਖਰਾ, ਮਨਜੀਤ ਰਾਏ, ਬਲਵੰਤ ਬਹਿਰਾਮਕੇ, ਗੁਰਅਮਨੀਤ ਮਾਂਗਟ, ਮਨਜੀਤ ਨਿਆਲ਼, ਗੁਰਵਿੰਦਰ ਭੰਗੂ, ਜਸਵੀਰ ਸਿੱਧੂ, ਸਵਿੰਦਰ ਚੁਤਾਲਾ, ਨਵਦੀਪ ਜਲਵੇੜਾ, ਗੁਰਧਿਆਨ ਸਿਓਣਾ, ਜੰਗ ਸਿੰਘ ਭਟੇੜੀ ਅਤੇ ਬਲਕਾਰ ਬੈਂਸ ਰਾਜਪੁਰਾ ਮੌਜੂਦ ਸਨ।

ਮਰਨ ਵਰਤ ’ਤੇ ਬੈਠੇ ਡੱਲੇਵਾਲ ਦੀ ਸਿਹਤ ਵਿਗੜੀ

ਪਾਤੜਾਂ (ਗੁਰਨਾਮ ਸਿੰਘ ਚੌਹਾਨ):

Advertisement

ਕੇਂਦਰ ਸਰਕਾਰ ਵੱਲੋਂ ਮੰਨੀਆਂ ਮੰਗਾਂ ਮਨਵਾਉਣ ਲਈ ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ’ਤੇ ਪਿੰਡ ਢਾਬੀ ਗੁੱਜਰਾਂ ’ਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 15ਵੇਂ ਦਿਨ ਵੀ ਜਾਰੀ ਰਿਹਾ। ਉਨ੍ਹਾਂ ਦੀ ਹਾਲਤ ਹੋਰ ਗੰਭੀਰ ਹੋ ਗਈ ਹੈ ਤੇ ਡਾਕਟਰਾਂ ਵੱਲੋਂ ਉਨ੍ਹਾਂ ਦੀ ਸਿਹਤ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਬਾਰਡਰ ’ਤੇ ਬੈਠੇ ਸਮੂਹ ਕਿਸਾਨਾਂ ਨੇ ਵੀ ਇੱਕ ਦਿਨ ਦੀ ਭੁੱਖ ਹੜਤਾਲ ਕਰਕੇ ਆਪਣੇ ਆਗੂ ਦਾ ਸਾਥ ਦਿੱਤਾ। ਫਰੀਦਕੋਟ ਦੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਇੱਥੇ ਪਹੁੰਚ ਕੇ ਕਿਸਾਨ ਆਗੂ ਦੀ ਸਿਹਤ ਦਾ ਹਾਲ ਜਾਣਿਆ। ਡਾਕਟਰਾਂ ਦਾ ਕਹਿਣਾ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਹੁਤ ਕਮਜ਼ੋਰ ਹੋ ਚੁੱਕੀ ਹੈ। ਇਸੇ ਦੌਰਾਨ ਸਟੇਜ ਤੋਂ ਕਿਸਾਨ ਆਗੂਆਂ ਨੇ ਦੇਸ਼ ਭਰ ਦੇ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਉਹ ਕਿਸਾਨੀ ਮੋਰਚੇ ਦੀ ਮਜ਼ਬੂਤੀ ਤੇ ਡੱਲੇਵਾਲ ਦੀ ਤੰਦਰੁਸਤੀ ਅਤੇ ਜ਼ਖਮੀ ਕਿਸਾਨਾਂ ਦੀ ਸਿਹਤਯਾਬੀ ਲਈ 11 ਦਸੰਬਰ ਨੂੰ ਧਾਰਮਿਕ ਸਥਾਨਾਂ ਵਿੱਚ ਜਾ ਕੇ ਅਰਦਾਸ ਕਰਨ ਅਤੇ ਮਰਨ ਵਰਤ ਦੀ ਹਮਾਇਤ 12 ਦਸੰਬਰ ਨੂੰ ਸ਼ਾਮ ਦਾ ਖਾਣਾ ਨਾ ਬਣਾਉਣ। ਉਨ੍ਹਾਂ ਦੱਸਿਆ ਕਿ 11 ਨੂੰ ਅਗਲੇ ਵੱਡੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਜਾਵੇਗਾ। ਇਸੇ ਦੌਰਾਨ ਡੱਲੇਵਾਲ ਦੀ ਵੱਡੀ ਭੈਣ ਸੁਖਦੇਵ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਭਰਾ ਕਿਸਾਨਾਂ ਦੀਆਂ ਮੰਗਾਂ ਲਈ ਲੜਾਈ ਤਾਂ ਪਹਿਲਾਂ ਤੋਂ ਹੀ ਲੜ ਰਿਹਾ ਹੈ ਹੁਣ ਤਾਂ ਸਾਰੇ ਪੰਜਾਬ ਦੇ ਕਿਸਾਨ ਦੇ ਬੱਚੇ ਇਨ੍ਹਾਂ ਦੇ ਪੋਤੇ-ਪੋਤਰੀਆਂ ਅਤੇ ਦੋਹਤੇ-ਦੋਹਤੀਆਂ ਹਨ।

ਪਿੰਡ ਡੱਲੇਵਾਲ ਵਿੱਚ ਕਿਸੇ ਨੇ ਨਹੀਂ ਬਾਲਿਆ ਚੁੱਲ੍ਹਾ

ਫ਼ਰੀਦਕੋਟ (ਜਸਵੰਤ ਜੱਸ):

ਕਿਸਾਨੀ ਮੰਗਾਂ ਲਈ ਖਨੌਰੀ ਬਾਰਡਰ ’ਤੇ ਮਰਨ ਵਰਤ ਉੱਪਰ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਜੱਦੀ ਪਿੰਡ ਡੱਲੇਵਾਲ ਵਿੱਚ ਕਿਸੇ ਵੀ ਪਰਿਵਾਰ ਨੇ ਚੁੱਲ੍ਹਾ ਨਹੀਂ ਬਾਲਿਆ ਅਤੇ ਅੱਜ ਸਵੇਰੇ 10 ਤੋਂ 5 ਵਜੇ ਤੱਕ ਭੁੱਖ ਹੜਤਾਲ ’ਤੇ ਬੈਠਣ ਦਾ ਫ਼ੈਸਲਾ ਕੀਤਾ। ਇਸ ਭੁੱਖ ਪੜਤਾਲ ’ਚ ਜਗਜੀਤ ਸਿੰਘ ਡੱਲੇਵਾਲ ਦਾ ਲੜਕਾ ਗੁਰਪਿੰਦਰ ਸਿੰਘ, ਨੂੰਹ ਹਰਪ੍ਰੀਤ ਕੌਰ, ਪੋਤਰਾ ਜਿਗਰਜੋਤ ਅਤੇ ਪਿੰਡ ਦੇ ਵਸਨੀਕ ਵੀ ਸ਼ਾਮਲ ਹੋਏ।

Advertisement