ਬਲਾਕ ਖੇਤੀਬਾੜੀ ਦਫ਼ਤਰ ਬਣਨ ਨਾਲ ਕਿਸਾਨਾਂ ਨੂੰ ਹੋਵੇਗਾ ਲਾਭ: ਕੰਵਰਪਾਲ
ਪੱਤਰ ਪ੍ਰੇਰਕ
ਯਮੁਨਾਨਗਰ, 21 ਜੁਲਾਈ
ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਕੰਵਰ ਪਾਲ ਨੇ ਤਹਿਸੀਲ ਕੰਪਲੈਕਸ ਪ੍ਰਤਾਪ ਨਗਰ ਵਿੱਚ ਬਲਾਕ ਖੇਤੀਬਾੜੀ ਦਫ਼ਤਰ ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਪ੍ਰਤਾਪ ਨਗਰ ਵਿੱਚ ਹੀ ਇੱਕ ਨਿੱਜੀ ਇਮਾਰਤ ਵਿੱਚ ਬਲਾਕ ਖੇਤੀਬਾੜੀ ਅਫ਼ਸਰ ਦਾ ਦਫ਼ਤਰ ਬਣਿਆ ਹੋਇਆ ਸੀ। ਬਲਾਕ ਖੇਤੀਬਾੜੀ ਅਫ਼ਸਰ ਦਫ਼ਤਰ ਦੇ ਉਦਘਾਟਨੀ ਸਮਾਗਮ ਵਿੱਚ ਪੁੱਜਣ ’ਤੇ ਖੇਤੀਬਾੜੀ ਤੇ ਬਾਗਬਾਨੀ ਅਧਿਕਾਰੀਆਂ ਨੇ ਮੰਤਰੀ ਕੰਵਰ ਪਾਲ ਦਾ ਜ਼ੋਰਦਾਰ ਸਵਾਗਤ ਕੀਤਾ। ਸਮਾਗਮ ਵਿੱਚ ਸ਼ਾਮਲ ਹੋਏ ਇਲਾਕੇ ਦੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਮੰਤਰੀ ਕੰਵਰ ਪਾਲ ਨੇ ਕਿਹਾ ਕਿ ਇਸ ਦਫ਼ਤਰ ਦੇ ਬਣਨ ਨਾਲ ਕਿਸਾਨਾਂ ਨੂੰ ਹਰ ਲੋੜੀਂਦੀ ਸਹੂਲਤ ਮਿਲੇਗੀ ਅਤੇ ਉਨ੍ਹਾਂ ਨੂੰ ਦਫ਼ਤਰ ਦੀ ਭਾਲ ਵਿੱਚ ਇਧਰ-ਉਧਰ ਭਟਕਣਾ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਕਈ ਭਲਾਈ ਸਕੀਮਾਂ ਚਲਾਈਆਂ ਗਈਆਂ ਹਨ ਅਤੇ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੀਆਂ ਵਾਜ਼ਿਬ ਕੀਮਤਾਂ ਮਿਲਣ। ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ। ਉਨ੍ਹਾਂ ਕਿਸਾਨਾਂ ਨੂੰ ਕੁਦਰਤੀ ਖੇਤੀ ਕਰਨ ਲਈ ਵੀ ਪ੍ਰੇਰਿਆ। ਉਨ੍ਹਾਂ ਕਿਹਾ ਕਿ 20-20 ਕਿਸਾਨਾਂ ਦੀਆਂ ਕਮੇਟੀਆਂ ਬਣਾਈਆਂ ਜਾਣਗੀਆਂ ਜੋ ਹੋਰ ਕਿਸਾਨਾਂ ਨਾਲ ਗੱਲਬਾਤ ਕਰ ਕੇ ਖੇਤਾਂ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਘਟਾਉਣ, ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਕੰਮ ਕਰਨਗੀਆਂ ਅਤੇ ਕਿਸਾਨਾਂ ਨੂੰ ਖੇਤੀ ਸਬੰਧੀ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਉਣਗੀਆਂ। ਸਮਾਗਮ ਵਿੱਚ ਅਗਾਂਹਵਧੂ ਕਿਸਾਨ ਓਮਕਾਰ ਦੇਵਧਰ ਨੇ ਵੀ ਕੁਦਰਤੀ ਖੇਤੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਸੁਨੀਲ ਗਰੇਵਾਲ ਤੇ ਰਾਹੁਲ, ਬਲਾਕ ਟੈਕਨੀਕਲ ਮੈਨੇਜਰ ਦੀਪਕ ਸ਼ਰਮਾ, ਸਹਾਇਕ ਟੈਕਨੀਕਲ ਮੈਨੇਜਰ ਰਾਮਧਾਰੀ ਤੇ ਸੁਰੇਸ਼ ਹਾਜ਼ਰ ਸਨ।