For the best experience, open
https://m.punjabitribuneonline.com
on your mobile browser.
Advertisement

ਅੱਜ ਪਟਿਆਲਾ ਵਿੱਚ ਮੋਦੀ ਤੋਂ ਸਵਾਲ ਪੁੱਛਣਗੇ ਕਿਸਾਨ

06:32 AM May 23, 2024 IST
ਅੱਜ ਪਟਿਆਲਾ ਵਿੱਚ ਮੋਦੀ ਤੋਂ ਸਵਾਲ ਪੁੱਛਣਗੇ ਕਿਸਾਨ
ਦਿੱਲੀ ਚੱਲੋ ਮਾਰਚ ਦੇ ਸੌ ਦਿਨ ਪੂਰੇ ਹੋਣ ’ਤੇ ਸ਼ੰਭੂ ਬਾਰਡਰ ’ਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਸਾਨ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

* 2 ਜੂਨ ਨੂੰ ਉਲੀਕੀ ਜਾਵੇਗੀ ਅਗਲੀ ਰਣਨੀਤੀ

Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਮਈ
ਦਿੱਲੀ ਜਾਂਦੇ ਕਿਸਾਨਾਂ ਨੂੰ 13 ਫਰਵਰੀ ਨੂੰ ਰੋਕਣ ਲਈ ਹਰਿਆਣਾ ਸਰਕਾਰ ਵੱਲੋਂ ਪੰਜਾਬ ਤੇ ਹਰਿਆਣਾ ਦੀਆਂ ਹੱਦਾਂ ’ਤੇ ਲਾਈਆਂ ਰੋਕਾਂ ਦੇ ਵਿਰੋਧ ਵਿੱਚ ਧਰਨਾ ਲਾ ਕੇ ਬੈਠੇ ਕਿਸਾਨਾਂ ਨੂੰ ਅੱਜ ਸੌ ਦਿਨ ਪੂਰੇ ਹੋ ਗਏ। ਅੱਜ ਚਾਰੋਂ ਬਾਰਡਰਾਂ ’ਤੇ ਵੱਡੇ ਇਕੱਠ ਕੀਤੇ ਗਏ। ਇਨ੍ਹਾਂ ਵਿੱਚੋਂ ਸ਼ੰਭੂ ਬਾਰਡਰ ’ਤੇ ਪ੍ਰਮੁੱਖਤਾ ਨਾਲ ਕੀਤੇ ਗਏ ਅਜਿਹੇ ਦੇਸ਼-ਵਿਆਪੀ ਇਕੱਠ ’ਚ ਪੰਜਾਬ ਸਣੇ ਅੱਧੀ ਦਰਜਨ ਸੂਬਿਆਂ ਤੋਂ ਹਜ਼ਾਰਾਂ ਕਿਸਾਨਾਂ ਨੇ ਹਾਜ਼ਰੀ ਲਵਾਈ।
ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਕਿਸਾਨ ਕਾਨਫਰੰਸ ਦੌਰਾਨ ਐਲਾਨ ਕੀਤਾ ਗਿਆ ਕਿ ਕਿਸਾਨ 23 ਮਈ ਨੂੰ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿੱਚ ਰੈਲੀ ਲਈ ਪਟਿਆਲਾ ਆ ਰਹੇ ਪ੍ਰਧਾਨ ਮੰਤਰੀ ਨੂੰ ਸਵਾਲ ਪੁੱਛਣ ਲਈ ਵੱਡਾ ਕਾਫ਼ਲਾ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਰੈਲੀ ਨੂੰ ਰੋਕਣਾ ਜਾਂ ਵਿਘਨ ਪਾਉਣਾ ਨਹੀਂ ਹੈ, ਉਹ ਤਾਂ ਜਮਹੂਰੀ ਢੰਗ ਨਾਲ ਪ੍ਰਧਾਨ ਮੰਤਰੀ ਤੋਂ ਸਵਾਲਾਂ ਦੇ ਜਵਾਬ ਲੈਣ ਲਈ ਜਾਣਗੇ। ਪੁਲੀਸ ਨੇ ਰੋਕਿਆ ਤਾਂ ਉੱਥੇ ਹੀ ਪ੍ਰਧਾਨ ਮੰਤਰੀ ਖ਼ਿਲਾਫ਼ ਕਾਲੀਆਂ ਝੰਡੀਆਂ ਨਾਲ ਰੋਸ ਵਿਖਾਵਾ ਕੀਤਾ ਜਾਵੇਗਾ। ਇਸੇ ਤਰ੍ਹਾਂ ਕਿਸਾਨ 24 ਮਈ ਨੂੰ ਚੰਡੀਗੜ੍ਹ ’ਚ ਭਾਜਪਾ ਵਿਰੋਧੀ ਧਿਰਾਂ ਦੀ ਹੋ ਰਹੀ ਇਕੱਤਰਤਾ ਵਿੱਚ ਵੀ ਸ਼ਿਰਕਤ ਕਰਨਗੇ। 28 ਮਈ ਨੂੰ ਪੰਜਾਬ ਅਤੇ ਹਰਿਆਣਾ ਦੇ ਭਾਜਪਾ ਉਮੀਦਵਾਰਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ ਜਦਕਿ ਪਹਿਲੀ ਜੂਨ ਨੂੰ ਵੋਟਾਂ ਪੈਣ ਤੋਂ ਅਗਲੇ ਦਿਨ ਬਾਰਡਰਾਂ ’ਤੇ ਮੁੜ ਵੱਡੇ ਇਕੱਠ ਕਰ ਕੇ ਅਗਲੀ ਰਣਨੀਤੀ ਉਲੀਕੀ ਜਾਵੇਗੀ। ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਵੱਲੋਂ ਪਹਿਲੀ ਜੂਨ ਤੋਂ ਬਾਅਦ ਕਿਸਾਨਾਂ ਨੂੰ ਦੇਖ ਲੈਣ ਦੇ ਦਿੱਤੇ ਗਏ ਬਿਆਨ ਦੇ ਹਵਾਲੇ ਨਾਲ ਕਿਸਾਨ ਆਗੂਆਂ ਨੇ ਕਿਹਾ ਕਿ ਹੰਸ ਰਾਜ ਹੰਸ ਦਾ ਵਿਰੋਧ ਚੋਣਾਂ ਮਗਰੋਂ ਵੀ ਜਾਰੀ ਰਹੇਗਾ। ਇਸ ਮੌਕੇ ਸਵਰਨ ਸਿੰਘ ਪੰਧੇਰ, ਜਸਵਿੰਦਰ ਲੌਂਗੋਵਾਲ, ਮਨਜੀਤ ਘੁਮਾਣਾ, ਦਿਲਬਾਗ ਗਿੱਲ, ਤੇਜਵੀਰ ਪੰਜੋਖਰਾ, ਸਤਨਾਮ ਪੰਨੂ, ਸੁਖਵਿੰਦਰ ਸਵਰਾਵਾਂ, ਗੁਰਧਿਆਨ ਸਿਓਣਾ, ਬਲਵੰਤ ਬਹਿਰਾਮਕੇ, ਅਮਰਜੀਤ ਮੌੜ੍ਹੀ, ਜੈ ਸਿੰਘ ਜਲਵੇੜਾ, ਹਰਪ੍ਰੀਤ ਬਹਿਰਾਮਕੇ, ਬਲਕਾਰ ਬੈਂਸ, ਸੁਖਜੀਤ ਹਰਦੋਝੰਡੇ, ਅਸ਼ੋਕ ਬੁਲਾਰਾ, ਬਲਦੇਵ ਜ਼ੀਰਾ, ਮਨਜੀਤ ਰਾਏ, ਹਰਵਿੰਦਰ ਭੰਗੂ, ਗੁਰਚਰਨ ਸਿੰਘ ਜ਼ੀਰਕਪੁਰ, ਮਲਕੀਤ ਗੁਲਾਮੀਵਾਲਾ, ਜੰਗ ਸਿੰਘ ਭਟੇੜੀ ਅਤੇ ਜਸਵੀਰ ਸਿੱਧੂ ਨੇ ਵੀ ਸੰਬੋਧਨ ਕੀਤਾ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਹਰ ਹੰਭਲਾ ਮਾਰਨਗੇ।
ਪਾਤੜਾਂ (ਗੁਰਨਾਮ ਸਿੰਘ ਚੌਹਾਨ): 13 ਫਰਵਰੀ ਤੋਂ ਸ਼ੁਰੂ ਹੋਏ ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋਣ ’ਤੇ ਅੱਜ ਵੱਡੀ ਗਿਣਤੀ ਕਿਸਾਨ ਸਾਂਝੇ ਕਿਸਾਨ ਮੋਰਚਾ (ਗੈਰ-ਸਿਆਸੀ) ਦੀ ਅਗਵਾਈ ਵਿੱਚ ਢਾਬੀ ਗੁੱਜਰਾਂ ਪੰਜਾਬ- ਹਰਿਆਣਾ ਦਾਤਾ ਸਿੰਘ ਵਾਲਾ ਬਾਰਡਰ ’ਤੇ ਇਕੱਠੇ ਹੋਏ। ਕਿਸਾਨਾਂ ਨੇ ਅੰਦੋਲਨ ਨੂੰ ਮਜ਼ਬੂਤ ​​ਕਰਨ ਦਾ ਸੰਕਲਪ ਲਿਆ। ਕਿਸਾਨ ਆਗੂ ਸਤਨਾਮ ਸਿੰਘ ਬਹਿਰੂ, ਮਨਜੀਤ ਸਿੰਘ ਨਿਆਲ, ਗੁਰਪ੍ਰੀਤ ਕੌਰ ਬਰਾਸ, ਸੁਖਜਿੰਦਰ ਸਿੰਘ ਖੋਸਾ, ਨਸੀਬ ਸਿੰਘ, ਅਰੁਨ ਸਿਨਹਾ, ਯਾਦਵਿੰਦਰ ਸਿੰਘ ਬੋਰੜ ਅਤੇ ਅਭਿਮੰਨਿਊ ਕੋਹਾੜ ਨੇ ਸੰਬੋਧਨ ਕੀਤਾ। ਆਗੂਆਂ ਨੇ ਮਹਿਲਾ ਪਹਿਲਵਾਨਾਂ ’ਤੇ ਹੋਏ ਅੱਤਿਆਚਾਰ ਖ਼ਿਲਾਫ਼ ਅੰਦੋਲਨ ਦੌਰਾਨ ਜ਼ਖਮੀ ਹੋਏ ਕਿਸਾਨਾਂ ਦੇ ਪਰਿਵਾਰਾਂ ਦਾ ਧੰਨਵਾਦ ਕੀਤਾ।

ਪੰਜਾਬੀਆਂ ਨੂੰ 850 ਕਿਸਾਨਾਂ ਦੀ ਸ਼ਹਾਦਤ ਨਾ ਭੁੱਲਣ ਦੀ ਅਪੀਲ

ਸੰਗਰੂਰ/ਖਨੌਰੀ (ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ): ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋਣ ’ਤੇ ਅੱਜ ਗਰਮੀ ਦੇ ਬਾਵਜੂਦ ਹਜ਼ਾਰਾਂ ਕਿਸਾਨ ਖਨੌਰੀ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ’ਚ ਪੁੱਜੇ ਅਤੇ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰਨ ਦਾ ਪ੍ਰਣ ਕੀਤਾ। ਖਨੌਰੀ ਬਾਰਡਰ ਦੀ ਸਟੇਜ ਤੋਂ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਪ੍ਰਮੁੱਖ ਆਗੂ ਜਗਜੀਤ ਸਿੰਘ ਡੱਲੇਵਾਲ, ਹਰਿਆਣਾ ਦੇ ਕਿਸਾਨ ਆਗੂ ਅਭਿਮੰਨਿਊ ਕੋਹਾੜ, ਸੁਖਜਿੰਦਰ ਸਿੰਘ ਖੋਸਾ, ਲਖਵਿੰਦਰ ਸਿੰਘ ਔਲਖ ਅਤੇ ਯਾਦਵਿੰਦਰ ਸਿੰਘ ਬੁਰੜ ਨੇ ਸੰਬੋਧਨ ਕਰਦਿਆਂ ਕੇਂਦਰ ਦੀ ਭਾਜਪਾ ਸਰਕਾਰ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਬੁਲਾਰਿਆਂ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ 25 ਮਈ ਅਤੇ ਪਹਿਲੀ ਜੂਨ ਨੂੰ ਵੋਟਾਂ ਪਾਉਣ ਤੋਂ ਪਹਿਲਾਂ 850 ਕਿਸਾਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਵੇ। ਇਸ ਮੌਕੇ ਕਿਸਾਨ ਅੰਦੋਲਨ ਦੇ ਜ਼ਖ਼ਮੀ ਕਿਸਾਨਾਂ, ਸ਼ਹੀਦ ਸ਼ੁਭਕਰਨ ਸਿੰਘ ਦੇ ਪਰਿਵਾਰ ਅਤੇ ਲੰਗਰ ਚਲਾਉਣ ਵਾਲਿਆਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।

Advertisement
Author Image

joginder kumar

View all posts

Advertisement
Advertisement
×