ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਕਰੋੜ ਰੁਪਏ ਜੁਰਮਾਨਾ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 12 ਨਵੰਬਰ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ’ਤੇ 1,01,85,000 ਰੁਪਏ ਜੁਰਮਾਨਾ ਲਾਇਆ ਹੈ ਜੋ 10 ਨਵੰਬਰ ਤੱਕ ਲਾਇਆ ਗਿਆ ਹੈ, ਜਿਸ ਵਿੱਚੋਂ 69,52,500 ਰੁਪਏ ਵਸੂਲ ਵੀ ਲਏ, ਇਹ ਜੁਰਮਾਨਾ ਉਨ੍ਹਾਂ ਕਿਸਾਨਾਂ ’ਤੇ ਲਾਇਆ ਗਿਆ ਹੈ ਜੋ ਵਾਰ-ਵਾਰ ਪਰਾਲੀ ਸਾੜਨ ਦੀ ਗ਼ਲਤੀ ਕਰ ਰਹੇ ਸਨ। ਇਸ ਤੋਂ ਇਲਾਵਾ ਜਾਰੀ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਅੱਜ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ (ਏਕਿਊਆਈ) 343 ਰਿਹਾ ਜਦਕਿ ਦਿੱਲੀ ਵਿੱਚ ਇਹ ਚੰਡੀਗੜ੍ਹ ਨਾਲੋਂ ਘੱਟ 334 ਦਰਜ ਕੀਤਾ ਗਿਆ। ਅੰਮ੍ਰਿਤਸਰ ਵਿੱਚ ਏਕਿਊਆਈ 220, ਪਟਿਆਲਾ 204, ਬਠਿੰਡਾ 128, ਜਲੰਧਰ 198, ਲੁਧਿਆਣਾ 209 ਰਿਹਾ।
ਇਸ ਬਾਰੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੇ ਚੇਅਰਮੈਨ ਆਦਰਸ਼ਪਾਲ ਵਿੱਗ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਪੀਪੀਸੀਬੀ ਨੇ ਲਗਾਤਾਰ ਮੁਹਿੰਮ ਚਲਾਈ, ਜਿਸ ਤਹਿਤ ਕਿਸਾਨਾਂ ’ਤੇ 10 ਨਵੰਬਰ ਤੱਕ 3278 ਕੇਸ ਦਰਜ ਕੀਤੇ ਗਏ ਹਨ, ਇਸੇ ਤਰ੍ਹਾਂ 3288 ਕਿਸਾਨ ਰੈੱਡ ਐਂਟਰੀ ਵਿਚ ਲਿਆਂਦੇ ਗਏ, ਇਨ੍ਹਾਂ ਕਿਸਾਨਾਂ ’ਤੇ 1,01,85,000 ਰੁਪਏ ਜੁਰਮਾਨਾ ਲਗਾਇਆ ਗਿਆ ਜਦ ਕਿ 69,52,500 ਰੁਪਏ ਜੁਰਮਾਨਾ ਵਸੂਲ ਲਿਆ ਗਿਆ ਹੈ।
ਇਕ ਦਿਨ ’ਚ ਪਰਾਲੀ ਸਾੜਨ ਦੇ 418 ਮਾਮਲੇ
ਸੂਬੇ ਵਿੱਚ ਅੱਜ ਫੇਰ ਕਿਸਾਨਾਂ ਵੱਲੋਂ ਪਰਾਲੀ ਸਾੜਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਅੱਜ ਵੀ ਕਿਸਾਨਾਂ ਨੇ 418 ਥਾਵਾਂ ’ਤੇ ਪਰਾਲੀ ਸਾੜੀ ਜਦਕਿ ਪਿਛਲੇ ਸਾਲ ਅੱਜ ਦੇ ਦਿਨ 104 ਕਿਸਾਨਾਂ ਨੇ ਪਰਾਲੀ ਸਾੜੀ ਸੀ। ਸਭ ਤੋਂ ਵੱਧ ਪਰਾਲੀ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਸੰਗਰੂਰ ਵਿੱਚ 103 ਥਾਵਾਂ ’ਤੇ ਸਾੜੀ ਗਈ, ਫ਼ਿਰੋਜ਼ਪੁਰ ਵਿਚ 72 ਥਾਵਾਂ ’ਤੇ, ਮੁਕਤਸਰ ਵਿਚ 46 ਥਾਵਾਂ ’ਤੇ, ਮੋਗੇ ਵਿਚ 40 ਥਾਵਾਂ ’ਤੇ, ਮਾਨਸਾ ਵਿੱਚ 37 ਥਾਵਾਂ ’ਤੇ, ਫ਼ਰੀਦਕੋਟ ਵਿਚ 29, ਬਠਿੰਡਾ ਵਿਚ 24 ਥਾਵਾਂ ’ਤੇ ਪਰਾਲੀ ਸਾੜੀ ਗਈ ਜਦ ਕਿ ਅੰਮ੍ਰਿਤਸਰ, ਹੁਸ਼ਿਆਰਪੁਰ, ਪਠਾਨਕੋਟ, ਰੂਪਨਗਰ, ਤੇ ਮੁਹਾਲੀ ਵਿਚ ਇਹ ਅੰਕੜਾ ਜ਼ੀਰੋ ਰਿਹਾ।