ਕਿਸਾਨਾਂ ਨੂੰ ਕਣਕ ਦੀ ਫ਼ਸਲ ’ਚ ਮੈਗਨੀਜ਼ ਸਲਫੇਟ ਦੀ ਘਾਟ ਨਾ ਆਉਣ ਬਾਰੇ ਸੁਚੇਤ ਕੀਤਾ
ਜੋਗਿੰਦਰ ਸਿੰਘ ਮਾਨ
ਮਾਨਸਾ, 2 ਜਨਵਰੀ
ਖੇਤੀ ਵਿਭਾਗ ਨੇ ਮਾਲਵਾ ਪੱਟੀ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਕਣਕ ਦੀ ਫ਼ਸਲ ਵਿੱਚ ਮੈਗਨੀਜ਼ ਸਲਫ਼ੇਟ ਦੀ ਘਾਟ ਨਾ ਆਉਣ ਦੇਣ। ਮਹਿਕਮੇ ਦਾ ਕਹਿਣਾ ਹੈ ਕਿ ਜਿੱਥੇ ਕਿਤੇ ਕਿਸਾਨਾਂ ਨੂੰ ਇਸ ਦੀ ਘਾਟ ਨਜ਼ਰ ਆਉਂਦੀ ਹੈ, ਉਹ ਤੁਰੰਤ ਉੱਥੇ ਮੈਗਨੀਜ਼ ਸਲਫੇਟ ਦੀ ਸਪਰੇਅ ਕਰਨ। ਖੇਤੀ ਵਿਭਾਗ ਦਾ ਆਖਣਾ ਹੈ ਕਿ ਕਣਕ ਦੀ ਫ਼ਸਲ ਉੱਤੇ ਜਿੰਕ ਅਤੇ ਗੰਧਕ ਦੀ ਘਾਟ ਵੀ ਰੜਕਣ ਲੱਗ ਪੈਂਦੀ ਹੈ, ਪਰ ਇਸ ਵਾਰ ਇਹ ਅਜੇ ਤੱਕ ਕਿਧਰੇ ਵੇਖਣ ਨੂੰ ਨਹੀਂ ਮਿਲਿਆ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀ ਐੱਸ ਰੋਮਾਣਾ ਅਤੇ ਮਹਿਕਮੇ ਦੇ ਮਾਨਸਾ ਸਥਿਤ ਖੇਤੀ ਵਿਕਾਸ ਅਫ਼ਸਰ ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਮੈਗਨੀਜ਼ ਦੀ ਘਾਟ, ਆਮ ਤੌਰ ਉੱਤੇ ਹਲਕੀਆਂ ਜ਼ਮੀਨਾਂ ਅਤੇ ਜਿੱਥੇ ਬਹੁਤੀਆਂ ਫ਼ਸਲਾਂ ਲਈਆਂ ਜਾਂਦੀਆਂ ਹਨ, ਉੱਤੇ ਨਜ਼ਰ ਆਉਂਦੀ ਹੈ। ਖੇਤੀ ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਮੈਗਨੀਜ਼ ਸਲਫ਼ੇਟ ਦੀ ਘਾਟ ਲਗਾਤਾਰ ਬਣੀ ਰਹਿੰਦੀ ਤਾਂ ਇਸ ਨਾਲ ਕਣਕ ਦੇ ਬੂਟੇ ਸੁੱਕ ਵੀ ਸਕਦੇ ਹਨ।
ਖੇਤੀ ਅਧਿਕਾਰੀਆਂ ਨੇ ਦੱਸਿਆ ਕਿ ਮੈਗਨੀਜ਼ ਸਲਫੇਟ ਦੀ ਇਸ ਘਾਟ ਨੂੰ ਪੂਰਾ ਕਰਨ ਲਈ ਜ਼ਮੀਨਾਂ ਵਿੱਚ 0.5 ਫੀਸਦੀ ਮੈਗਨੀਜ਼ ਸਲਫੇਟ (ਇੱਕ ਕਿਲੋ ਮੈਗਨੀਜ਼ ਸਲਫੇਟ) 200 ਲਿਟਰ ਪਾਣੀ ਵਿਚ ਪਾਕੇ ਇਸ ਦਾ ਛਿੜਕਾਅ ਪ੍ਰਤੀ ਏਕੜ ਕੀਤਾ ਜਾਵੇ। ਮਹਿਕਮੇ ਦਾ ਇਹ ਵੀ ਕਹਿਣਾ ਕਿ ਕਿਸਾਨ ਮੈਗਨੀਜ਼ ਸਲਫੇਟ ਦੀ ਸਿਰਫ਼ ਸਪਰੇਅ ਹੀ ਕਰਨ, ਨਾ ਕਿ ਇਸ ਨੂੰ ਜ਼ਮੀਨ ਵਿੱਚ ਪਾਉਣ।
ਉਧਰ ਖੇਤੀ ਵਿਭਾਗ ਮਾਹਿਰਾਂ ਨੇ ਖੇਤਾਂ ਦਾ ਦੌਰਾ ਕਰਨ ਤੋਂ ਪਿੱਛੋਂ ਦੱਸਿਆ ਕਿ ਅਜੇ ਤੱਕ ਕਿਧਰੇ ਵੀ ਜਿੰਕ ’ਤੇ ਗੰਧਕ ਦੀ ਘਾਟ ਨਜ਼ਰ ਨਹੀਂ ਆਈ, ਜੋ ਕਿ ਆਮ ਤੌਰ ਉੱਤੇ ਹਲਕੀਆਂ ਤੇ ਰੇਤਲੀਆਂ ਜ਼ਮੀਨਾਂ ਵਿੱਚ ਆ ਜਾਂਦੀ ਹੈ।
ਖੇਤੀ ਅਧਿਕਾਰੀਆਂ ਦਾ ਕਹਿਣਾ ਕਿ ਜੇਕਰ ਕਿਸਾਨਾਂ ਨੂੰ ਕਿਧਰੇ ਜਿੰਕ ਦੀ ਘਾਟ ਵੀ ਜਾਪੇ ਤਾਂ ਉਹ ਜਿੰਕ ਸਲਫੇਟ 0.5 ਫੀਸਦੀ ਇੱਕ ਕਿਲੋ ਲੈ ਕੇ ਅਤੇ ਅੱਧਾ ਕਿਲੋ ਅਣਬੁਝਿਆ ਚੂਨਾ ਲੈ ਕੇ 200 ਲਿਟਰ ਪਾਣੀ ਪਾ ਕੇ ਇਸ ਦਾ ਘੋਲ 15-15 ਦਿਨਾਂ ਦੀ ਵਿੱਥ ਉੱਤੇ ਘੱਟੋ-ਘੱਟ ਦੋ ਵਾਰ ਜ਼ਰੂਰ ਕਰਨ। ਖੇਤੀ ਮਾਹਿਰਾਂ ਦਾ ਕਹਿਣਾ ਕਿ ਗੰਧਕ ਦੀ ਘਾਟ ਦੌਰਾਨ ਖੜ੍ਹੀ ਫ਼ਸਲ ਵਿੱਚ ਜਿਪਸਮ ਦੀ ਵਰਤੋਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ 50 ਕਿਲੋ ਜਿਪਸਮ ਪ੍ਰਤੀ ਏਕੜ ਬਹੁਤ ਹੈ।