ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਪ੍ਰੇਰਿਆ
ਪੱਤਰ ਪ੍ਰੇਰਕ
ਦੇਵੀਗੜ੍ਹ, 29 ਸਤੰਬਰ
ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਅਤੇ ਪਰਾਲੀ ਨੂੰ ਅੱਗ ਲਾਉਣ ਦੇ ਨੁਕਸਾਨ ਤੋਂ ਜਾਣੂ ਕਰਵਾਉਣ ਲਈ ਦੁੱਧਨਸਾਧਾਂ ਦੇ ਐਸਡੀਐਮ ਕਿਰਪਾਲ ਵੀਰ ਸਿੰਘ ਨੇ ਉਪ ਕਪਤਾਨ ਪੁਲੀਸ (ਦਿਹਾਤੀ) ਰਾਜੇਸ਼ ਛਿੱਬੜ, ਥਾਣਾ ਮੁਖੀ ਜੁਲਕਾਂ ਅਜੈ ਕੁਮਾਰ ਨੂੰ ਨਾਲ ਲੈ ਕੇ ਤਹਿਸੀਲ ਦੁੱਧਨਸਾਧਾਂ ਅਧੀਨ ਆਉਂਦੇ ਪਿੰਡਾਂ ਸਾਹਨੀਪੁਰ ਟਾਂਡਾ, ਅਲੀਪੁਰ ਵਜੀਰ ਸਾਹਿਬ, ਤਾਜਲਪੁਰ ਅਤੇ ਖਾਂਸਾ ਦਾ ਦੌਰਾ ਕੀਤਾ। ਇਸ ਦੌਰਾਨ ਐੱਸਡੀਐੱਮ ਕਿਰਪਾਲ ਵੀਰ ਸਿੰਘ ਨੇ ਕਿਸਾਨਾਂ ਤੇ ਪਿੰਡਾਂ ਦੇ ਹੋਰਨਾਂ ਵਸਨੀਕਾਂ ਨੂੰ ਪਰਾਲੀ ਨੂੰ ਅੱਗ ਲਾਏ ਜਾਣ ਕਾਰਨ ਕਿਸਾਨਾਂ ਦਾ ਖੁਦ ਦਾ ਅਤੇ ਧਰਤੀ ਸਮੇਤ ਪੌਣ-ਪਾਣੀ ਤੇ ਵਾਤਾਵਰਨ ਨੂੰ ਹੋ ਰਹੇ ਨੁਕਸਾਨ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਪੂਰੀ ਮਦਦ ਕਰੇਗੀ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਦੀ ਮਸ਼ੀਨਰੀ ਉਪਲਬਧ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ‘ਉੱਨਤ ਕਿਸਾਨ’ ਮੋਬਾਈਲ ਐਪ ਬਣਾਈ ਗਈ ਹੈ ਤਾਂ ਜੋ ਕਿਸਾਨਾਂ ਨੂੰ ਫਸਲੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਾਂ ਆਸਾਨੀ ਨਾਲ ਉਪਲਬਧ ਕਰਵਾਈਆਂ ਜਾ ਸਕਣ। ਇਸ ਤੋਂ ਇਲਾਵਾ ਐੱਸਡੀਐੱਮ ਨੇ ਮੰਡੀਆਂ ਦਾ ਵੀ ਦੌਰਾ ਕੀਤਾ ਅਤੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ।