ਝੋਨੇ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਨੇ ਸੰਘਰਸ਼ ਦੀ ਚਿਤਾਵਨੀ ਦਿੱਤੀ
ਪੱਤਰ ਪ੍ਰੇਰਕ
ਸ਼ਾਹਕੋਟ, 7 ਅਕਤੂਬਰ
ਪੱਲੇਦਾਰਾਂ, ਆੜ੍ਹਤੀਆਂ ਅਤੇ ਸ਼ੈੱਲਰਾਂ ਮਾਕਲਾਂ ਦੀ ਹੜਤਾਲ ਅੱਜ ਸੱਤਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ। ਇਸ ਕਾਰਨ ਸ਼ਾਹਕੋਟ, ਲੋਹੀਆਂ ਖਾਸ ਅਤੇ ਮਹਿਤਪੁਰ ਅਧੀਨ ਆਉਂਦੀਆਂ ਦਾਣਾ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਸ਼ੁਰੂ ਨਹੀਂ ਹੋ ਸਕੀ। ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਉਨ੍ਹਾਂ ਨੂੰ ਸਰਕਾਰ ਦੀ ਬੇਰੁਖ਼ੀ ਝੱਲਣੀ ਪੈ ਰਹੀ ਸੀ ਹੁਣ ਕੁਦਰਤ ਦੇ ਕਹਿਰ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਬੀਕੇਯੂ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਬੱਲ, ਸਕੱਤਰ ਗੁਰਚਰਨ ਸਿੰਘ ਚਾਹਲ, ਬਲਾਕ ਪ੍ਰਧਾਨ ਬਲਕਾਰ ਸਿੰਘ ਅਤੇ ਸਕੱਤਰ ਮਨਜੀਤ ਸਿੰਘ ਸਾਬੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਆੜ੍ਹਤੀਆਂ, ਸ਼ੈੱਲਰਾਂ ਅਤੇ ਪੱਲੇਦਾਰਾਂ ਦੀਆਂ ਮੰਗਾਂ ਨੂੰ ਸਵੀਕਾਰ ਕਰ ਕੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਏ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਜਲਦ ਇਸ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਯੂਨੀਅਨ ਸੰਘਰਸ਼ ਕਰਨ ਲਈ ਮੈਦਾਨ ਵਿੱਚ ਆ ਜਾਵੇਗੀ।
ਸ਼ੈੱਲਰ ਐਸ਼ੋਸੀਏਸਨ ਦੇ ਆਗੂ ਹਰੀਸ ਮਿੱਤਲ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਪਵਨ ਅਗਰਵਾਲ ਅਤੇ ਗੱਲਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਬਿੱਲੂ ਢੰਡੋਵਾਲ ਨੇ ਕਿਹਾ ਕਿ ਜਿੰਨਾ ਚਿਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਨਾ ਚਿਰ ਹੜਤਾਲ ਜਾਰੀ ਰਹੇਗੀ। ਉਂਜ ਉਨ੍ਹਾਂ ਮੰਗਲਵਾਰ ਤੱਕ ਸਰਕਾਰ ਨਾਲ ਕੋਈ ਸਮਝੌਤਾ ਹੋਣ ਦੀ ਵੀ ਗੱਲ ਤੋਂ ਇਨਕਾਰ ਨਹੀਂ ਕੀਤਾ। ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗੇ ਹੋਏ ਹਨ। ਮੰਡੀਆਂ ਵਿੱਚ ਵਿਕਣ ਲਈ ਆ ਰਹੇ ਝੋਨੇ ਦੀ ਲੁਹਾਈ ਅਤੇ ਛਟਾਈ ਆੜ੍ਹਤੀਆਂ ਦੇ ਮਜ਼ਦੂਰ ਵੱਲੋਂ ਕੀਤੀ ਜਾ ਰਹੀ ਹੈ ਜਿਸ ਦਾ ਪੱਲੇਦਾਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਜਲਦੀ ਹੀ ਸਮੱਸਿਆ ਹੱਲ ਕਰੇਗੀ ਸਰਕਾਰ: ਮਾਨ
ਫਗਵਾੜਾ (ਪੱਤਰ ਪ੍ਰੇਰਕ): ਫੈੱਡਰੇਸ਼ਨ ਆਫ ਆੜ੍ਹਤੀਆਂ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਪੰਜਾਬ ਭਰ ਦੀਆਂ ਸਮੂਹ ਆੜ੍ਹਤੀ ਐਸੋਸੀਏਸ਼ਨਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ’ਚ ਸ਼ੁਰੂ ਕੀਤੀ ਅਣਮਿੱਥੇ ਸਮੇਂ ਲਈ ਹੜਤਾਲ ਦੇ ਸੱਤਵੇਂ ਦਿਨ ਅਨਾਜ ਮੰਡੀਆਂ ਵਿੱਚ ਕੰਮਕਾਜ ਮੁਕੰਮਲ ਤੌਰ ’ਤੇ ਠੱਪ ਰਿਹਾ ਅਤੇ ਆੜ੍ਹਤੀਆਂ ਵਲੋਂ ਆਪਣਾ ਰੋਸ ਪ੍ਰਗਟਾਇਆ ਗਿਆ। ਧਰਨਾਕਾਰੀਆਂ ਨਾਲ ਗੱਲਬਾਤ ਕਰਨ ਲਈ ‘ਆਪ’ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਆਪਣੇ ਸਾਥੀਆਂ ਸਣੇ ਪੁੱਜੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਵਿਚਾਰ ਰਹੀ ਹੈ ਤੇ ਬਹੁਤ ਜਲਦੀ ਹੀ ਇਸ ਦਾ ਹੱਲ ਕੀਤਾ ਜਾਵੇਗਾ ਤੇ ਮੰਡੀਆਂ ’ਚ ਝੋਨੇ ਤੇ ਹੋਰ ਮੌਸਮੀ ਫ਼ਸਲਾਂ ਦੀ ਖ਼ਰੀਦ ਨਿਰਵਿਘਨ ਹੋਵੇਗੀ। ਇਸ ਮੌਕੇ ਆੜ੍ਹਤੀਆਂ ਵੱਲੋਂ ਜ਼ਿਲ੍ਹਾ ਪ੍ਰਧਾਨ ਕੁਲਵੰਤ ਰਾਏ ਪੱਬੀ ਦੀ ਅਗਵਾਈ ਹੇਠ ਜੋਗਿੰਦਰ ਸਿੰਘ ਮਾਨ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਵੀ ਸੌਂਪਿਆ। ਇਸ ਮੌਕੇ ਪ੍ਰਧਾਨ ਨਰੇਸ਼ ਭਾਰਦਵਾਜ ਨੇ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਨੂੰ ਜਲਦੀ ਪੂਰਾ ਨਾ ਕੀਤਾ ਗਿਆ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਹਰਮੇਸ਼ ਪਾਠਕ, ਦੀਪਕ ਗੁਪਤਾ, ਜਸਵਿੰਦਰ ਘੁੰਮਣ, ਸੁਭਾਸ਼, ਵਿਕਾਸ, ਅਜੈ ਗੁਪਤਾ, ਨਰਿੰਦਰ, ਭੀਮ ਸੇਨ, ਹਰਸ਼ ਪ੍ਰਭਾਕਰ, ਮਨਜੀਤ ਧੰਜੂ, ਹਰਦਿਆਲ ਵਾਹਦ, ਮਿੰਟੂ ਦਲਾਲ, ਰਾਮ ਸਿੰਘ ਜੋਸ਼ੀ ਆਦਿ ਹਾਜ਼ਰ ਸਨ।