Punjab News ਕਿਸਾਨਾਂ ਦਾ ਦਿੱਲੀ ਵੱਲ ਪੈਦਲ ਮਾਰਚ 6 ਨੂੰ
ਆਤਿਸ਼ ਗੁਪਤਾ
ਚੰਡੀਗੜ੍ਹ, 1 ਦਸੰਬਰ
ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਅਤੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਹੋਰਨਾਂ ਮੰਗਾਂ ਨੂੰ ਲੈ ਕੇ ਕਿਸਾਨ ਸੰਘਰਸ਼ ਨੂੰ ਤੇਜ਼ ਕਰਨ ਦੀ ਤਿਆਰੀ ਖਿੱਚ ਲਈ ਹੈ। ਕਿਸਾਨਾਂ ਤੇ ਮਜ਼ਦੂਰਾਂ ਦੇ ਵੱਡੇ ਜਥੇ 6 ਦਸੰਬਰ ਨੂੰ ਸ਼ੰਭੂ ਬਾਰਡਰ ਤੋਂ ਪੈਦਲ ਹੀ ਦਿੱਲੀ ਵੱਲ ਕੂਚ ਕਰਨਗੇ। ਕਿਸਾਨ ਨੇਤਾ ਸਰਵਣ ਸਿੰਘ ਪੰਧੇਰ, ਮਨਜੀਤ ਸਿੰਘ ਰਾਏ ਸਣੇ ਹੋਰਨਾਂ ਆਗੂਆਂ ਨੇ ਅੱਜ ਇਥੇ ਕਿਸਾਨ ਭਵਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਵੱਡੇ ਜਥੇ 6 ਦਸੰਬਰ ਨੂੰ ਸ਼ੰਭੂ ਬਾਰਡਰ ਤੋਂ ਸ਼ਾਂਤਮਈ ਢੰਗ ਨਾਲ ਪੈਦਲ ਹੀ ਦਿੱਲੀ ਵੱਲ ਕੂਚ ਕਰਨਗੇ। ਉਨ੍ਹਾਂ ਕਿਹਾ ਕਿ ਭਾਜਪਾ ਮੰਤਰੀਆਂ ਨੇ ਐਲਾਨ ਕੀਤਾ ਸੀ ਕਿ ਕਿਸਾਨਾਂ ਦੇ ਪੈਦਲ ਜਥਿਆਂ ਨੂੰ ਨਹੀਂ ਰੋਕਿਆ ਜਾਵੇਗਾ, ਹੁਣ ਉਹ ਆਪਣੇ ਬਿਆਨਾਂ ’ਤੇ ਪੱਕੇ ਰਹਿਣ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਪੈਦਲ ਤੇ ਸ਼ਾਂਤਮਈ ਢੰਗ ਨਾਲ ਦਿੱਲੀ ਜਾਣ ਵਾਲੇ ਜਥਿਆਂ ਨੂੰ ਹਰਿਆਣਾ ਸਰਕਾਰ ਜਾਂ ਪੁਲੀਸ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸਾਨ ਪਿੱਛੇ ਨਹੀਂ ਹਟਣਗੇ। ਹਾਲਾਂਕਿ ਇਸ ਦੌਰਾਨ ਕੋਈ ਟਕਰਾਅ ਪੈਦਾ ਹੁੰਦਾ ਹੈ ਤਾਂ ਕੇਂਦਰ ਸਰਕਾਰ ਜ਼ਿੰਮੇਵਾਰ ਹੋਵੇਗੀ।
ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਨ੍ਹਾਂ ਚਾਰ ਪੜਾਵਾਂ ਵਿੱਚ ਦਿੱਲੀ ਕੂਚ ਕਰਨ ਦਾ ਫੈਸਲਾ ਕੀਤਾ ਹੈ। ਕਿਸਾਨਾਂ ਵੱਲੋਂ ਰੋਜ਼ਾਨਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਜਥੇ ਅੱਗੇ ਤੋਰੇ ਜਾਣਗੇ। ਇਸ ਦੌਰਾਨ ਜਿੱਥੇ ਰਾਤ ਹੋ ਗਈ, ਕਿਸਾਨਾਂ ਵੱਲੋਂ ਉੱਥੇ ਹੀ ਸੜਕਾਂ ’ਤੇ ਰਾਤ ਕੱਟੀ ਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲਾ ਪੜਾਅ ਅੰਬਾਲਾ ਦੇ ਜੱਗੀ ਸਿਟੀ ਸੈਂਟਰ ਵਿਖੇ ਹੋਵੇਗਾ, ਦੂਜਾ ਪੜਾਅ ਮੋਹੜਾ (ਅੰਬਾਲਾ) ਵਿੱਚ ਹੋਵੇਗਾ, ਤੀਜਾ ਪੜਾਅ ਖਾਨਪੁਰ ਜੱਟਾਂ ਤਿਉੜਾ ਥੇਹ ਅਤੇ ਚੌਥਾ ਪੜਾਅ ਪਿੱਪਲੀ ਵਿਖੇ ਹੋਵੇਗਾ। ਉਸ ਤੋਂ ਬਾਅਦ ਕਿਸਾਨਾਂ ਵੱਲੋਂ ਦਿੱਲੀ ਪਹੁੰਚ ਕੇ ਕੇਂਦਰ ਸਰਕਾਰ ਤੱਕ ਆਪਣੀ ਆਵਾਜ਼ ਬੁਲੰਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 6 ਦਸੰਬਰ ਨੂੰ ਸ਼ੰਭੂ ਬਾਰਡਰ ਤੋਂ ਦਿੱਲੀ ਰਵਾਨਾ ਹੋਣ ਵਾਲੇ ਪਹਿਲੇ ਜਥੇ ਦੀ ਅਗਵਾਈ ਕਿਸਾਨ ਨੇਤਾ ਸਤਨਾਮ ਸਿੰਘ ਪੰਨੂ, ਸਵਿੰਦਰ ਸਿੰਘ ਚਤਾਲਾ, ਸੁਰਜੀਤ ਸਿੰਘ ਫੂਲ ਤੇ ਬਲਜਿੰਦਰ ਸਿੰਘ ਚੰਡਿਆਲਾ ਕਰਨਗੇ। ਉਨ੍ਹਾਂ ਦੇ ਪਿੱਛੇ ਬਾਕੀ ਕਿਸਾਨ ਹੋਣਗੇ।
ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਇਹ ਮਰਜੀਵੜਾ ਜਥਾ ਸਿਰ ’ਤੇ ਕਫ਼ਨ ਬੰਨ੍ਹ ਕੇ ਨਿਕਲੇਗਾ ਅਤੇ ਸਰਕਾਰ ਵੱਲੋਂ ਕੀਤੇ ਗਏ ਹਰ ਜ਼ੁਲਮ ਅਤੇ ਜਬਰ ਦਾ ਸਬਰ ਸੰਤੋਖ ਨਾਲ ਸਾਹਮਣਾ ਕਰਦਾ ਹੋਇਆ ਦਿੱਲੀ ਵੱਲ ਕੂਚ ਕਰੇਗਾ। ਉਨ੍ਹਾਂ ਪੰਜਾਬ ਤੇ ਹਰਿਆਣਾ ਦੀ ਆਮ ਜਨਤਾ ਨੂੰ ਵੀ ਵਧ ਚੜ੍ਹ ਕੇ ਮੋਰਚੇ ਦੇ ਹੱਕ ਵਿੱਚ ਉਤਰਨ ਦੀ ਅਪੀਲ ਕੀਤੀ। ਇਸ ਮੌਕੇ ਰਾਜਸਥਾਨ ਤੋਂ ਆਏ ਕਿਸਾਨ ਆਗੂ ਰਣਜੀਤ ਸਿੰਘ ਰਾਜੂ ਨੇ ਕਿਹਾ ਕਿ ਦਿੱਲੀ ਕੂਚ ਵਿੱਚ ਪੰਜਾਬ ਤੋਂ ਇਲਾਵਾ ਹੋਰਨਾਂ ਸੂਬਿਆਂ ਦੇ ਕਿਸਾਨ ਵੀ ਸ਼ਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਦੇ ਨਾਲ-ਨਾਲ ਬੁੱਢੇ ਨਾਲੇ ਦੇ ਪ੍ਰਦੂਸ਼ਿਤ ਪਾਣੀ ਦੀ ਆਵਾਜ਼ ਵੀ ਚੁੱਕੀ ਜਾਵੇਗੀ। ਬੁੱਢੇ ਨਾਲੇ ਵਿੱਚ ਛੱਡੇ ਗਏ ਦੂਸ਼ਿਤ ਪਾਣੀ ਨਾਲ ਰਾਜਸਥਾਨ ਦੇ 14 ਜ਼ਿਲ੍ਹੇ ਪ੍ਰਭਾਵਿਤ ਹਨ ਅਤੇ ਕੈਂਸਰ ਦੇ ਪ੍ਰਕੋਪ ਦਾ ਸ਼ਿਕਾਰ ਹਨ। ਇਸ ਮੌਕੇ ਕਿਸਾਨ ਆਗੂ ਬਲਵੰਤ ਸਿੰਘ ਬਹਿਰਾਮਕੇ, ਜਸਵਿੰਦਰ ਸਿੰਘ ਲੌਂਗੋਵਾਲ, ਤੇਜਵੀਰ ਸਿੰਘ ਪੰਜੋਖੜਾ ਸਾਹਿਬ, ਸੁਖਦੇਵ ਸਿੰਘ ਭੋਜਰਾਜ, ਰਣਜੀਤ ਸਿੰਘ ਰਾਜੂ ਰਾਜਸਥਾਨ, ਸ਼ਮਸ਼ੇਰ ਸਿੰਘ ਅਟਵਾਲ, ਬਲਕਾਰ ਸਿੰਘ ਬੈਂਸ, ਸਤਵੰਤ ਸਿੰਘ ਲਵਲੀ, ਸੁਖਚੈਨ ਸਿੰਘ ਅੰਬਾਲਾ ਆਦਿ ਹਾਜ਼ਰ ਸਨ।
ਤਾਮਿਲ ਨਾਡੂ, ਉੱਤਰਾਖੰਡ ਅਤੇ ਕੇਰਲਾ ’ਚ ਵੀ ਕੱਢੇ ਜਾਣਗੇ ਮਾਰਚ
ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ 6 ਦਸੰਬਰ ਨੂੰ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਕੂਚ ਕਰਨ ਮੌਕੇ ਤਾਮਿਲ ਨਾਡੂ, ਉੱਤਰਾਖੰਡ ਅਤੇ ਕੇਰਲਾ ਵਿੱਚ ਵੀ ਪੈਦਲ ਮਾਰਚ ਕੱਢੇ ਜਾਣਗੇ। ਕਿਸਾਨ ਆਗੂ ਗੁਰਅਮਨੀਤ ਸਿੰਘ ਮਾਂਗਟ ਨੇ ਕਿਹਾ ਕਿ 6 ਦਸੰਬਰ ਨੂੰ ਤਾਮਿਲ ਨਾਡੂ, ਉੱਤਰਾਖੰਡ ਤੇ ਕੇਰਲਾ ਦੀਆਂ ਕਿਸਾਨ ਜਥੇਬੰਦੀਆਂ ਆਪੋ ਆਪਣੇ ਸੂਬਿਆਂ ਦੀਆਂ ਵਿਧਾਨ ਸਭਾ ਵੱਲ ਸ਼ਾਂਤਮਈ ਰੂਪ ਵਿੱਚ ਮਾਰਚ ਕੱਢਣਗੀਆਂ।
ਅਸੀਂ ਕਦੇ ਵੀ ਗੱਲਬਾਤ ਤੋਂ ਨਹੀਂ ਭੱਜੇ: ਪੰਧੇਰ
ਪਟਿਆਲਾ(ਸਰਬਜੀਤ ਸਿੰਘ ਭੰਗੂ): ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਭਾਜਪਾ ਆਗੂਆਂ ਵੱਲੋਂ ਕਿਸਾਨਾਂ ’ਤੇ ਗੱਲਬਾਤ ਤੋਂ ਭੱਜਣ ਦੇ ਲਾਏ ਜਾਂਦੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਕਿਸਾਨ ਗੱਲਬਾਤ ਤੋਂ ਕਦੇ ਵੀ ਨਹੀਂ ਭੱਜੇ ਤੇ ਅੱਜ ਵੀ ਗੱਲਬਾਤ ਲਈ ਤਿਆਰ ਹਨ। ਪੰਧੇਰ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਕਿਸਾਨ ਮੰਗਾਂ ਦੀ ਪੂਰਤੀ ਤੋਂ ਬਿਨਾਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਪਿਊਸ਼ ਗੋਇਲ ਵੱਲੋਂ ਕੰਟਰੈਕਟ ਫਾਰਮਿੰਗ ’ਤੇ ਕਿਸਾਨਾਂ ਵੱਲੋਂ ਸਹਿਮਤੀ ਦੇਣ ਦਾ ਝੂਠਾ ਪ੍ਰਚਾਰ ਕੀਤਾ ਜਾਂਦਾ ਰਿਹਾ ਹੈ ਜਦਕਿ ਹਕੀਕਤ ਇਹ ਹੈ ਕਿ ਕਿਸਾਨ ਤਾਂ ਸਾਰੀਆਂ 23 ਫ਼ਸਲਾਂ ’ਤੇ ਐਮਐਸਪੀ ਦੀ ਕਾਨੂੰਨੀ ਗਰੰਟੀ ਦੀ ਮੰਗ ਕਰਦੇ ਆ ਰਹੇ ਹਨ। ਪੰਧੇਰ ਨੇ ਕਿਹਾ ਕਿ ਪੰਜਾਬ ਦੇ ਸੰਸਦ ਮੈਂਬਰਾਂ ਸਮੇਤ ਕੋਈ ਵੀ ਕਿਸਾਨਾਂ ਦੇ ਹੱਕ ਦੀ ਗੱਲ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਵੱਲੋਂ ਤਖਤੀਆਂ ਫੜ ਕੇ ਕਿਸਾਨਾਂ ਦੇ ਹੱਕ ’ਚ ਪ੍ਰਦਰਸ਼ਨ ਕੀਤਾ ਗਿਆ, ਪਰ ਅਫਸੋਸ ਦੀ ਗੱਲ ਹੈ ਕਿ ਜਦੋਂ ਭਾਜਪਾ ਪ੍ਰਧਾਨ ਤੇ ਸੰਸਦ ਮੈਂਬਰ ਜੇਪੀ ਨੱਢਾ ਉਥੋਂ ਲੰਘੇ ਤਾਂ ਉਨ੍ਹਾਂ ਨੇ ਇਹ ਤਖਤੀਆਂ ਪਿੱਛੇ ਛੁਪਾ ਲਈਆਂ ਸਨ।