ਬਾਸਮਤੀ ਦਾ ਮੁੱਲ ਘੱਟ ਮਿਲਣ ਕਾਰਨ ਕਿਸਾਨ ਨਾਖੁਸ਼
ਗੁਰਦੀਪ ਸਿੰਘ ਲਾਲੀ
ਸੰਗਰੂਰ, 26 ਸਤੰਬਰ
ਝੋਨੇ ਦੀ ਸਰਕਾਰੀ ਖਰੀਦ ਬੇਸ਼ਕ ਹਾਲੇ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਣੀ ਹੈ, ਜਿਸ ਤੋਂ ਬਾਅਦ ਹੀ ਅਨਾਜ ਮੰਡੀਆਂ ਵਿਚ ਵੱਡੇ ਪੱਧਰ ’ਤੇ ਝੋਨੇ ਦੀ ਫਸਲ ਦੀ ਆਮਦ ਸ਼ੁਰੂ ਹੋਵੇਗੀ ਪਰ ਕੁਝ ਕਿਸਾਨਾਂ ਵੱਲੋਂ ਹਾਲੇ ਵੀ ਮੰਡੀਆਂ ਵਿੱਚ ਬਾਸਮਤੀ ਲਿਆਂਦੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਸਮਤੀ ਝੋਨੇ ਦਾ ਭਾਅ ਘੱਟ ਮਿਲਣ ਕਾਰਨ ਕਿਸਾਨ ਨਾਖੁਸ਼ ਹਨ। ਜ਼ਿਲ੍ਹਾ ਹੈੱਡਕੁਆਰਟਰ ਦੀ ਅਨਾਜ ਮੰਡੀ ਵਿੱਚ ਹੁਣ ਤੱਕ 6400 ਕੁਇੰਟਲ ਬਾਸਮਤੀ ਦੀ ਵਿਕਰੀ ਹੋ ਚੁੱਕੀ ਹੈ।
ਸਥਾਨਕ ਅਨਾਜ ਮੰਡੀ ’ਚ ਵੇਖਿਆ ਗਿਆ ਕਿ ਬਾਸਮਤੀ ਲਗਾਤਾਰ ਪੁੱਜ ਰਹੀ ਹੈ ਤੇ ਪ੍ਰਾਈਵੇਟ ਠੇਕੇਦਾਰਾਂ ਵੱਲੋਂ ਖਰੀਦ ਵੀ ਜਾ ਰਹੀ ਹੈ। ਕਰੀਬ ਹਫ਼ਤਾ ਪਹਿਲਾਂ ਬਾਸਮਤੀ 3000 ਰੁਪਏ ਪ੍ਰਤੀ ਕੁਇੰਟਲ ਵਿਕੀ ਹੈ ਪਰ ਪਿਛਲੇ ਤਿੰਨ ਦਿਨਾਂ ਤੋਂ ਇਸ ਦੀ ਵਿਕਰੀ 2500 ਤੋਂ 2700 ਰੁਪਏ ਪ੍ਰਤੀ ਕੁਇੰਟਲ ਹੀ ਹੋ ਰਹੀ ਹੈ। ਮੰਡੀ ’ਚ ਬਾਸਮਤੀ ਲੈ ਕੇ ਪੁੱਜੇ ਪਿੰਡ ਨੰਦਗੜ੍ਹ ਦੇ ਕਿਸਾਨ ਦਲਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਉਸ ਦੀ ਬਾਸਮਤੀ 3800 ਰੁਪਏ ਪ੍ਰਤੀ ਕੁਇੰਟਲ ਵਿਕੀ ਸੀ ਪਰ ਇਸ ਵਾਰ ਉਸ ਨੂੰ ਸਿਰਫ਼ 2700 ਰੁਪਏ ਹੀ ਭਾਅ ਮਿਲਿਆ ਹੈ। ਘੱਟ ਭਾਅ ਮਿਲਣ ਕਾਰਨ ਕਿਸਾਨਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਕਿਸਾਨ ਮੱਘਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਨੂੰ ਬਾਸਮਤੀ ਦੀ ਖਰੀਦ ਲਈ ਅਗਾਊਂ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਦਾ ਸਹੀ ਮੁੱਲ ਮਿਲ ਸਕੇ। ਕਿਸਾਨ ਵਜ਼ੀਰ ਖਾਂ ਦਾ ਕਹਿਣਾ ਹੈ ਕਿ ਉਸ ਨੇ ਪਿਛਲੇ ਸਾਲ 4000 ਰੁਪਏ ਤੋਂ ਵੱਧ ਭਾਅ ’ਤੇ ਬਾਸਮਤੀ ਵੇਚੀ ਸੀ ਪਰੰ ਇਸ ਵਾਰ ਭਾਅ ਸਿਰਫ਼ 2800 ਰੁਪਏ ਮਿਲ ਰਿਹਾ ਹੈ।
ਉਧਰ ਮੰਡੀ ਸੁਪਰਵਾਈਜ਼ਰ ਬੀ.ਐਸ. ਵਿਰਕ ਦਾ ਕਹਿਣਾ ਹੈ ਕਿ ਹੁਣ ਤੱਕ ਅਨਾਜ ਮੰਡੀ ਵਿਚ 6400 ਕੁਵਿੰਟਲ ਬਾਸਮਤੀ ਦੀ ਖਰੀਦ ਹੋ ਚੁੱਕੀ ਹੈ। ਆੜ੍ਹਤੀਆਂ ਦਾ ਕਹਿਣਾ ਹੈ ਕਿ ਬਾਸਮਤੀ ’ਚ ਨਮੀ ਦੀ ਮਾਤਰਾ ਜ਼ਿਆਦਾ ਹੈ, ਜਿਸ ਕਾਰਨ ਹੀ ਘੱਟ ਭਾਅ ਮਿਲ ਰਿਹਾ ਹੈ।