For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਨੇ ਟਰੈਕਟਰਾਂ ਦੇ ਮੂੰਹ ਦਿੱਲੀ ਵੱਲ ਕੀਤੇ

06:42 AM Feb 27, 2024 IST
ਕਿਸਾਨਾਂ ਨੇ ਟਰੈਕਟਰਾਂ ਦੇ ਮੂੰਹ ਦਿੱਲੀ ਵੱਲ ਕੀਤੇ
ਬਠਿੰਡਾ ਦੇ ਭੁੱਚੋ ਖੁਰਦ ਵਿੱਚ ਵਿਸ਼ਵ ਵਪਾਰ ਸੰਸਥਾ ਦਾ ਪੁਤਲਾ ਫੂਕਦੇ ਹੋਏ ਕਿਸਾਨ।
Advertisement

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 26 ਫਰਵਰੀ
ਯੂਏਈ (ਆਬੂਧਾਬੀ) ਵਿੱਚ ਹੋ ਰਹੀ ਵਿਸ਼ਵ ਵਪਾਰ ਸੰਸਥਾ (ਡਬਲਿਊਟੀਓ) ਦੀ ਮੀਟਿੰਗ ਦੇ ਵਿਰੋਧ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਜ਼ਿਲ੍ਹਾ ਬਠਿੰਡਾ ਵਿੱਚ ਭੁੱਚੋ ਖੁਰਦ, ਬਠਿੰਡਾ, ਪਥਰਾਲਾ, ਤਲਵੰਡੀ ਸਾਬੋ ਅਤੇ ਮੌੜ ਮੰਡੀ ਵਿੱਚ ਰੋਸ ਵਿਖਾਵੇ ਕੀਤੇ। ਇਨ੍ਹਾਂ ਥਾਵਾਂ ’ਤੇ ਸੈਂਕੜਿਆਂ ਦੀ ਗਿਣਤੀ ’ਚ ਟਰੈਕਟਰ ਦਿੱਲੀ ਵੱਲ ਮੂੰਹ ਕਰਕੇ ਸੜਕਾਂ ਉੱਤੇ ਖੜ੍ਹਾਏ ਗਏ ਅਤੇ ਡਬਲਿਯੂਟੀਓ ਦੇ ਪੂਤਲੇ ਫੂਕੇ ਗਏ। ਬੁਲਾਰਿਆਂ ਨੇ ਮੰਗ ਕੀਤੀ ਕਿ ਭਾਰਤ ਡਬਲਿਯੂਟੀਓ ’ਚੋਂ ਬਾਹਰ ਆਵੇ।
ਲੰਬੀ (ਪੱਤਰ ਪ੍ਰੇਰਕ): ਵਿਸ਼ਵ ਵਪਾਰ ਸੰਸਥਾ ਦੀ ਆਬੂਧਾਬੀ ਕਾਨਫਰੰਸ ਦੇ ਵਿਰੋਧ ਵਿੱਚ ਭਾਕਿਯੂ ਏਕਤਾ ਉਗਰਾਹਾਂ ਬਲਾਕ ਲੰਬੀ ਵੱਲੋਂ ਸੰਯੁਕਤ ਕਿਸਾਾਨ ਮੋਰਚੇ ਦੇ ਸੱਦੇ ’ਤੇ ਮੰਡੀ ਕਿੱਲਿਆਂਵਾਲੀ ਵਿਖੇ ਐੱਨਐੱਚ-9 ’ਤੇ ਵੱਡੀ ਗਿਣਤੀ ਕਿਸਾਨ ਟਰੈਕਟਰਾਂ ਸਮੇਤ ਸ਼ਾਮਲ ਹੋਏ। ਇਸ ਦੌਰਾਨ ਟਰੈਕਟਰ ਪਰੇਡ ਮਗਰੋਂ ਕਸਬੇ ਵਿੱਚ ਮੁਜਾਹਰਾ ਕੱਢ ਕੇ ਵਿਸ਼ਵ ਵਪਾਰ ਸੰਸਥਾ ਦਾ ਪੁਤਲਾ ਸਾੜਿਆ ਗਿਆ। ਕਿਸਾਨ ਆਗੂਆਂ ਨੇ ਨੌਜਵਾਨ ਸ਼ੁਭਕਰਨ ਸਿੰਘ ਵਾਸੀ ਬੱਲ੍ਹੋ ਦੀ ਮੌਤ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਗ੍ਰਹਿ ਮੰਤਰੀ ਅਨਿਲ ਵਿੱਜ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ।
ਮੋਗਾ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਟਰੈਕਟਰ ਮਾਰਚ ਕੱਢ ਕੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਕਿਸਾਨਾ ਨੇ ਖੇਤੀ ਬਚਾਉਣ ਲਈ ਵਿਸ਼ਵ ਵਪਾਰ ਸੰਗਠਨ ਨੂੰ ਦਖ਼ਲ ਦੇਣ ਦੀ ਮੰਗ ਕੀਤੀ ਹੈ।
ਮਾਨਸਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਵੱਖ-ਵੱਖ ਥਾਈਂ ਸੈਂਕੜਿਆਂ ਦੀ ਗਿਣਤੀ ਵਿੱਚ ਟਰੈਕਟਰ ਦਿੱਲੀ ਵੱਲ ਮੂੰਹ ਕਰਕੇ ਸੜਕਾਂ ’ਤੇ ਖੜ੍ਹੇ ਕੀਤੇ ਗਏ ਅਤੇ ਡਬਲਯੂਟੀਓ ਦੇ ਪੂਤਲੇ ਫੂਕੇ ਗਏ।
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਸ੍ਰੀ ਮੁਕਤਸਰ ਸਾਹਿਬ ’ਚ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੀਤਾ ਗਿਆ। ਇਸ ਮੌਕੇ ਕਿਸਾਨਾਂ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਵੜਿੰਗ ਨੇੜੇ ਸਥਿਤ ਟੌਲ ਪਲਾਜ਼ੇ ਨੇੜੇ ਮੁਕਤਸਰ-ਕੋਟਕਪੁਰਾ ਹਾਈਵੇਅ ’ਤੇ ਟਰੈਕਟਰ ਮਾਰਚ ਕੀਤਾ ਗਿਆ। ਇਸ ਮੌਕੇ ਕਿਸਾਨਾਂ ਵੱਲੋਂ ਦੋ ਮਿੰਟ ਦਾ ਮੌਨ ਧਾਰ ਕੇ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਤਲਵੰਡੀ ਸਾਬੋ (ਪੱਤਰ ਪ੍ਰੇਰਕ): ਸੰਯੁਕਤ ਅਰਬ ਅਮੀਰਾਤ ਦੇ ਆਬੂਧਾਬੀ ’ਚ ਹੋ ਰਹੀ ਵਿਸ਼ਵ ਵਪਾਰ ਸੰਗਠਨ (ਡਬਲਿਯੂਟੀਓ) ਦੀ ਮੀਟਿੰਗ ਦੇ ਵਿਰੋਧ ਵਿੱਚ ਅਤੇ ਕਿਸਾਨੀ ਸੰਘਰਸ਼ ’ਤੇ ਤਸ਼ੱਦਦ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਭਾਕਿਯੂ ਏਕਤਾ (ਉਗਰਾਹਾਂ) ਨੇ ਸੂਬਾਈ ਰਾਜ ਮਾਰਗ ਤਲਵੰਡੀ ਸਾਬੋ-ਸਰਦੂਲਗੜ੍ਹ ਰੋਡ ’ਤੇ ਵਿਸ਼ਾਲ ਟਰੈਕਟਰ ਪਰੇਡ ਕਰਵਾਈ ਅਤੇ ਡਬਲਿਯੂਟੀਓ ਦਾ ਆਦਮ ਕੱਦ ਪੁਤਲਾ ਫੂਕਿਆ।
ਰਾਮਪੁਰਾ ਫੂਲ (ਪੱਤਰ ਪੇ੍ਰਕ/ਨਿੱਜੀ ਪੱਤਰ ਪੇ੍ਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਤੇ ਪਿੰਡ ਵਾਸੀਆਂ ਨੇ ਨੌਜਵਾਨ ਸ਼ੁਭਕਰਨ ਸਿੰਘ ਬੱਲੋ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਅੱਜ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਜਾਮ ਕਰ ਕੇ ਇਨਸਾਫ਼ ਦੀ ਮੰਗ ਕੀਤੀ।
ਸਿਰਸਾ (ਪੱਤਰ ਪ੍ਰੇਰਕ): ਕਿਸਾਨਾਂ ਨੇ ਸੜਕਾਂ ’ਤੇ ਆਪਣੇ ਟਰੈਕਟਰ ਦਿੱਲੀ ਵੱਲ ਮੂੰਹ ਕਰਕੇ ਖੜ੍ਹੇ ਕੀਤੇ ਅਤੇ ਡਬਲਿਊਟੀਓ ਦਾ ਪੁਤਲਾ ਫੂਕਿਆ। ਇਸ ਦੌਰਾਨ ਕਿਸਾਨਾਂ ਨੇ ਖੇਤੀ ਨੂੰ ਡਬਲਿਊਟੀਓ ਤੋਂ ਬਾਹਰ ਰੱਖਣ ਅਤੇ ਕਿਸਾਨੀ ਮੰਗਾਂ ਨੂੰ ਜਲਦ ਪੂਰਾ ਕਰਨ ਦੀ ਮੰਗ ਕੀਤੀ।
ਮੰਡੀ ਘਬਾਇਆ (ਪੱਤਰ ਪ੍ਰੇਰਕ): ਕਿਸਾਨਾਂ ਵੱਲੋਂ ਜਲਾਲਾਬਾਦ ਤੋਂ ਮੁਕਤਸਰ ਰੋਡ ’ਤੇ ਪਿੰਡ ਸੈਦੋਕਾ ਵਿਖੇ ਰੋਸ ਮਾਰਚ ਕੀਤਾ ਗਿਆ।
ਸ਼ਹਿਣਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਟਰੈਕਟਰ ਮਾਰਚ ਕੀਤਾ ਗਿਆ ਜਿਸ ਵਿੱਚ ਬਲਾਕ ਸ਼ਹਿਣਾ ਦੇ 15 ਪਿੰਡਾਂ ਵਿੱਚੋਂ ਕਿਸਾਨ ਟਰੈਕਟਰ ਲੈ ਕੇ ਪੁੱਜੇ।
ਏਲਨਾਬਾਦ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੱਦੇ ’ਤੇ ਕਿਸਾਨਾਂ ਨੇ ਆਪਣੇ ਟਰੈਕਟਰ ਦਿੱਲੀ ਵੱਲ ਮੂੰਹ ਕਰਕੇ ਸੜਕਾਂ ’ਤੇ ਖੜ੍ਹੇ ਕੀਤੇ ਅਤੇ ਡਬਲਿਊਟੀਓ ਦਾ ਪੁਤਲਾ ਫੂਕਿਆ।
ਬੋਹਾ (ਪੱਤਰ ਪ੍ਰੇਰਕ): ਬੋਹਾ-ਰਤੀਆ ਸੜਕ ’ਤੇ ਅੱਜ ਪੰਜਾਬ-ਹਰਿਆਣਾ ਹੱਦ ਤੱਕ ਟਰੈਕਟਰ ਮਾਰਚ ਕੀਤਾ ਗਿਆ। ਇਸ ਤੋਂ ਪਹਿਲਾਂ ਸੈਂਕੜੇ ਕਿਸਾਨ ਅਨਾਜ ਮੰਡੀ ਬੋਹਾ ਵਿਚ ਇੱਕਠੇ ਹੋਏ ਤੇ ਭਾਰਤੀ ਕਿਸਾਨ ਯੂਨੀਅਨ ( ਲੱਖੋਵਾਲ) ਦੇ ਸੂਬਾ ਮੀਤ ਪ੍ਰਧਾਨ ਪ੍ਰਸ਼ੋਤਮ ਸਿੰਘ ਗਿੱਲ ਦੀ ਅਗਵਾਈ ਹੇਠ ਬੋਹਾ-ਰਤੀਆ ਰੋਡ ’ਤੇ ਪੰਜਾਬ ਹਰਿਆਣਾ ਹੱਦ ਵੱਲ ਕੂਚ ਕੀਤਾ।

Advertisement

ਜਮਹੂਰੀ ਅਧਿਕਾਰ ਸਭਾ ਵੱਲੋਂ ਕਿਸਾਨਾਂ ਨਾਲ ਖੜ੍ਹਨ ਦਾ ਸੱਦਾ

ਬਠਿੰਡਾ (ਨਿੱਜੀ ਪੱਤਰ ਪ੍ਰੇਰਕ): ਜਮਹੂਰੀ ਅਧਿਕਾਰ ਸਭਾ ਦੀ ਸੂਬਾ ਕਮੇਟੀ ਨੇ ਆਪਣੀਆਂ ਇਕਾਈਆਂ ਨੂੰ ਕਿਸਾਨਾਂ ਦੇ ਹੱਕ ਵਿੱਚ ਜਮਹੂਰੀ ਅਤੇ ਜਨਤਕ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਦੇ ਆਦੇਸ਼ ਦਿੱਤੇ ਹਨ। ਸਭਾ ਦੇ ਪ੍ਰਧਾਨ ਪ੍ਰੋ. ਜਗਮੋਹਨ ਸਿੰਘ, ਜਨਰਲ ਸਕੱਤਰ ਪ੍ਰਿਤਪਾਲ ਸਿੰਘ ਅਤੇ ਸੂਬਾ ਜਥੇਬੰਦਕ ਸਕੱਤਰ ਨਰਭਿੰਦਰ ਨੇ ਕਿਹਾ ਕਿ ਆਪਣੀਆਂ ਮੰਗਾਂ ਲਈ ਸੰਘਰਸ਼ ਕਰਨ ਦਿੱਲੀ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਸਰਕਾਰ ਨੇ ਗ਼ੈਰਜਮਹੂਰੀ ਢੰਗ ਨਾਲ ਪੰਜਾਬ-ਹਰਿਆਣਾ ਦੀਆਂ ਹੱਦਾਂ ’ਤੇ ਰੋਕਿਆ ਹੋਇਆ ਹੈ। ਕਿਸਾਨਾਂ ’ਤੇ ਅੱਥਰੂ ਗੈਸ, ਡਰੋਨ ਹਮਲੇ, ਗੋਲੀਆਂ, ਪੈਲਟ ਗੰਨਾਂ ਦੀਆਂ ਵਾਛੜਾਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਟਰੈਕਟਰ ਭੰਨੇ ਗਏ ਅਤੇ ਮੈਡੀਕਲ ਕੈਂਪਾਂ ਦੀਆਂ ਟੀਮਾਂ ’ਤੇ ਵੀ ਹਮਲੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਭਾ ਵੱਲੋਂ ਘਟਨਾਵਾਂ ਸਬੰਧੀ ਮੌਕੇ ਤੋਂ ਤੱਥ ਇਕੱਠੇ ਕੀਤੇ ਜਾ ਰਹੇ ਹਨ ਅਤੇ ਜਲਦੀ ਰਿਪੋਰਟ ਨਸ਼ਰ ਕੀਤੀ ਜਾਵੇਗੀ। ਸਭਾ ਨੇ ਸਮੂਹ ਇਨਸਾਫ਼ਪਸੰਦ, ਜਮਹੂਰੀ, ਸੰਘਰਸ਼ਸ਼ੀਲ ਅਤੇ ਬੁੱਧੀਜੀਵੀਆਂ ਨੂੰ ਚੱਲ ਰਹੀਆਂ ਕਾਰਵਾਈਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦਾ ਸੱਦਾ ਵੀ ਦਿੱਤਾ ਹੈ।

ਇੰਟਰਨੈਟ ਸੇਵਾਵਾਂ ਬੰਦ ਹੋਣ ਦਾ ਬਦਲ ਬਣੀ ‘ਨੈਟ ਸੱੱਥ’

ਬੋਹਾ (ਪੱਤਰ ਪੇ੍ਰਕ): ਕਿਸਾਨ ਜੱੱਥੇਬੰਦੀਆਂ ਦੇ ਦਿੱਲੀ ਕੂਚ ਕਰਨ ਦੇ ਐਲਾਨ ਮਗਰੋਂ ਹਰਿਆਣਾ ਤੇ ਪੰਜਾਬ ਦੇ ਜਿਨ੍ਹਾਂ ਖੇਤਰਾਂ ਵਿੱਚ ਇੰਟਰਨੈਟ ਸੇਵਾਵਾ ਬੰਦ ਕੀਤੀਆਂ ਗਈਆਂ ਹਨ ਉਨ੍ਹਾਂ ਵਿਚ ਹਰਿਆਣਾ-ਪੰਜਾਬ ਸਰਹੱਦ ਨੇੜਲਾ ਬੋਹਾ ਖੇਤਰ ਵੀ ਸ਼ਾਮਲ ਹੈ। ਨੈਟ ਸੇਵਾਵਾਂ ਬੰਦ ਹੋਣ ਕਾਰਨ ਜਿੱਥੇ ਸਰਕਾਰੀ ਦਫਤਰਾਂ, ਕਾਰੋਬਾਰੀ ਅਦਾਰਿਆਂ ਤੇ ਮੀਡੀਆ ਕਰਮੀਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਬੋਹਾ ਤੋਂ ਦੋ ਕੁ ਕਿਲੋਮੀਟਰ ਦੂਰ ਬੋਹਾ ਬੁੱਢਲਾਡਾ ਸੜਕ ’ਤੇ ਕਾਇਮ ਹੋਈ ‘ਨੈੱਟ ਸੱਥ’ ਹੁਣ ਇੰਟਰਨੈਟ ਬੰਦੀ ਦੇ ਬਦਲ ਵਜੋਂ ਉਭਰ ਕੇ ਸਾਹਮਣੇ ਆਈ ਹੈ। ਨੇੜਲੇ ਪਿੰਡ ਰਾਮਪੁਰ ਮੰਡੇਰ ਵਿਚ ਇਹ ਸੇਵਾਵਾਂ ਚਾਲੂ ਹੋਣ ਕਾਰਨ ਮੋਬਾਈਲ ਟਾਵਰਾਂ ਦੀ ਰੇਂਜ ਇੱਥੇ ਪਹੁੰਚਣ ਕਾਰਨ ਸੜਕ ’ਤੇ ਬਣਿਆ ਖਾਲੇ ਦਾ ਪੁਲ ਸ਼ਹਿਰ ਨਿਵਾਸੀਆਂ ਦੀ ਖਾਸ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇੰਟਰਨੈੱਟ ਰਾਹੀਂ ਜ਼ਰੂਰੀ ਸੇਵਾਵਾਂ ਦਾ ਅਦਾਨ-ਪ੍ਰਦਾਨ ਕਰਨ ਵਾਲੇ ਲੋਕ ਹਰ ਰੋਜ਼ ਸੈਂਕੜਿਆਂ ਦੀ ਗਿਣਤੀ ਵਿਚ ਇੱਥੇ ਪਹੁੰਚਣ ਲੱਗ ਪਏ ਹਨ ਤੇ ਇੱਥੇ ਘੰਟਿਆਂਬੱਧੀ ਬੈਠ ਕੇ ਫੇਸਬੁੱਕ ਤੇ ਵ੍ਹਟਸਐਪ ਦੀਆਂ ਸੇਵਾਵਾਂ ਦਾ ਲੁਤਫ ਲੈ ਰਹੇ ਹਨ। ਸ਼ਹਿਰ ਵਾਸੀਆਂ ਨੇ ਇਸ ਥਾਂ ਦਾ ਨਾਂ ‘ਨੈਟ ਸੱਥ’ ਰੱਖ ਦਿੱਤਾ ਹੈ। ਪੱਤਰਕਾਰ ਵੀ ਜ਼ਰੂਰੀ ਖਬਰਾਂ ਅਖਬਾਰਾਂ ਤੱਕ ਪੁੱਜਦਾ ਕਰਨ ਲਈ ਇਸ ਸੱਥ ਵਿਚ ਆਉਣ ਲੱਗ ਪਏ ਹਨ।

Advertisement
Author Image

Advertisement
Advertisement
×