ਝੋਨੇ ਦੀ ਸਿੱਧੀ ਬਿਜਾਈ ਤੋਂ ਕਿਸਾਨਾਂ ਨੇ ਮੂੰਹ ਮੋਡ਼ਿਆ
ਕਰਮਜੀਤ ਸਿੰਘ ਚਿੱਲਾ
ਬਨੂਡ਼, 3 ਜੁਲਾਈ
ਮੁਹਾਲੀ ਜ਼ਿਲ੍ਹੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਤੋਂ ਕਿਸਾਨਾਂ ਨੇ ਮੂੰਹ ਮੋਡ਼ ਲਿਆ ਹੈ। ਜ਼ਿਲ੍ਹੇ ਵਿੱਚ ਖੇਤੀਬਾਡ਼ੀ ਵਿਭਾਗ ਵੱਲੋਂ ਸਿੱਧੀ ਬਿਜਾਈ ਲਈ ਨਿਰਧਾਰਤ ਕੀਤੇ ਗਏ ਟੀਚੇ ਤੋਂ ਸਿੱਧੀ ਬਿਜਾਈ ਹੇਠਲਾ ਰਕਬਾ ਤਿੰਨ ਗੁਣਾ ਘੱਟ ਗਿਆ ਹੈ। ਜ਼ਿਲ੍ਹੇ ਵਿੱਚ ਝੋਨੇ ਦੀ ਹੱਥਾਂ ਨਾਲ ਲਵਾਈ ਦਾ ਕੰਮ ਜ਼ੋਰਾਂ ਨਾਲ ਚੱਲ ਰਿਹਾ ਹੈ ਤੇ ਵੱਡੀ ਗਿਣਤੀ ਵਿੱਚ ਪਰਵਾਸੀ ਮਜ਼ਦੂਰਾਂ ਦੀ ਆਮਦ ਜਾਰੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਕਾਲ ਸਮੇਂ 2019-20 ਵਿੱਚ ਝੋਨੇ ਦੀ ਸਿੱਧੀ ਬਿਜਾਈ ਨੂੰ ਕਿਸਾਨਾਂ ਨੇ ਵੱਡਾ ਹੁੰਗਾਰਾ ਦਿੱਤਾ ਸੀ। ਪਰਵਾਸੀ ਮਜ਼ਦੂਰ ਨਾ ਆਉਣ ਕਾਰਨ ਇਸ ਅਰਸੇ ਦੌਰਾਨ ਝੋਨੇ ਦੀ ਸਿੱਧੀ ਬਿਜਾਈ ਜ਼ਿਲ੍ਹੇ ਵਿੱਚ 4200 ਹੈਕਟੇਅਰ ਦੇ ਕਰੀਬ ਹੋਈ ਸੀ। ਇਸ ਮਗਰੋਂ ਲਗਾਤਾਰ ਸਿੱਧੀ ਬਿਜਾਈ ਦਾ ਕੰਮ ਘੱਟਦਾ ਜਾ ਰਿਹਾ ਹੈ। ਜ਼ਿਲ੍ਹੇ ਦਾ 39,500 ਹੈਕਟੇਅਰ ਰਕਬਾ ਝੋਨੇ ਦੀ ਕਾਸ਼ਤ ਹੇਠ ਹੈ। ਖੇਤੀਬਾਡ਼ੀ ਵਿਭਾਗ ਵੱਲੋਂ ਇਸ ਰਕਬੇ ਵਿੱਚੋਂ 1500 ਹੈਕਟੇਅਰ ਰਕਬਾ ਸਿੱਧੀ ਬਿਜਾਈ ਹੇਠ ਲਿਆਉਣ ਦਾ ਟੀਚਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿੱਚ ਇਸ ਸਾਲ ਹੁਣ ਤੱਕ 500 ਹੈਕਟੇਅਰ ਤੋਂ ਵੀ ਘੱਟ ਰਕਬੇ ਵਿੱਚ ਹੀ ਝੋਨੇ ਦੀ ਸਿੱਧੀ ਬਿਜਾਈ ਹੋਈ ਹੈ। ਇਸ ਰਕਬੇ ਵਿੱਚੋਂ ਵੀ ਕਿੰਨੇ ਕਿਸਾਨ ਸਿੱਧੀ ਬਿਜਾਈ ਵਾਲੇ ਝੋਨੇ ਨੂੰ ਰੱਖਦੇ ਹਨ, ਇਸ ਦਾ ਪਤਾ ਪੰਜਾਬ ਸਰਕਾਰ ਵੱਲੋਂ ਸਿੱਧੀ ਬਿਜਾਈ ਲਈ ਦਿੱਤੀ ਜਾਂਦੀ 1500 ਰੁਪਏ ਪ੍ਰਤੀ ਏਕਡ਼ ਦੀ ਰਾਸ਼ੀ ਦੇ ਪੋਰਟਲ ’ਤੇ ਰਜਿਸਟਰਡ ਹੋਣ ਵਾਲੇ ਰਕਬੇ ਤੋਂ ਲੱਗੇਗਾ, ਕਿਉਂਕਿ ਬਹੁਤੇ ਕਿਸਾਨ ਸਿੱਧੀ ਬਿਜਾਈ ਵਾਲੇ ਝੋਨੇ ਨੂੰ ਵਾਹ ਕੇ ਦੁਬਾਰਾ ਹੱਥਾਂ ਨਾਲ ਝੋਨਾ ਲਵਾ ਲੈਂਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਨਦੀਨ ਸਭ ਤੋਂ ਵੱਡੀ ਮੁਸ਼ਕਿਲ ਹਨ। ਉਨ੍ਹਾਂ ਕਿਹਾ ਕਿ ਨਦੀਨ ਨਾਸ਼ਕ ਦਵਾਈਆਂ ਉੱਤੇ ਕਿਸਾਨਾਂ ਦਾ ਕਾਫੀ ਖਰਚਾ ਹੋ ਜਾਂਦਾ ਹੈ, ਜਿਸ ਕਾਰਨ ਉਹ ਝੋਨੇ ਦੀ ਹੱਥਾਂ ਨਾਲ ਲਵਾਈ ਨੂੰ ਹੀ ਤਰਜੀਹ ਦਿੰਦੇ ਹਨ।
ਬਿਜਲੀ ਸਪਲਾਈ ਤੋਂ ਕਿਸਾਨ ਬਾਗੋਬਾਗ
ਪਾਵਰਕੌਮ ਵੱਲੋਂ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਲਈ ਖੇਤੀਬਾਡ਼ੀ ਮੋਟਰਾਂ ਵਾਸਤੇ ਛੱਡੀ ਜਾਂਦੀ ਬਿਜਲੀ ਸਪਲਾਈ ਤੋਂ ਕਿਸਾਨ ਬਾਗੋਬਾਗ ਹਨ। ਕਈ ਕਿਸਾਨਾਂ ਨੇ ਦੱਸਿਆ ਕਿ ਨਿਰਧਾਰਤ ਅੱਠ ਘੰਟੇ ਤੋਂ ਵੱਧ ਬਿਜਲੀ ਮਿਲ ਰਹੀ ਹੈ ਅਤੇ ਬਿਜਲੀ ਸਪਲਾਈ ਵੀ ਜ਼ਿਆਦਾਤਰ ਦਿਨ ਸਮੇਂ ਹੀ ਹੁੰਦੀ ਹੈ। ਕਿਸਾਨਾਂ ਨੇ ਦੱਸਿਆ ਕਿ ਬਿਜਲੀ ਵਿੱਚ ਕੋਈ ਟਰਿਪਿੰਗ ਵੀ ਨਹੀਂ ਹੁੰਦੀ ਹੈ।